ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ‘ਤੇ ਰੋਕ, ਬੈਂਕ ਨੇ ਦਿੱਤੀ ਰਾਹਤ

ਡੈਸਕ- ਗਦਰ-2 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਸੰਨੀ ਦਿਓਲ ਨੂੰ ਬੈਂਕ ਤੋਂ ਮਿਲੇ ਬੰਗਲੇ ਦੀ ਨਿਲਾਮੀ ਦੇ ਨੋਟਿਸ ‘ਤੇ ਵੱਡੀ ਰਾਹਤ ਮਿਲੀ ਹੈ। ਦਰਅਸਲ, ਹੁਣ ਮੁੰਬਈ ਦੇ ਜੁਹੂ ਸਥਿਤ ਸੰਨੀ ਦੇ ਬੰਗਲੇ ਦੀ ਨੀਲਾਮੀ ਨਹੀਂ ਹੋਵੇਗੀ। ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੇ ਜੁਹੂ ਬੰਗਲੇ ਦੀ ਨਿਲਾਮੀ ਸਬੰਧੀ ਈ-ਨਿਲਾਮੀ ਨੋਟਿਸ ਵਾਪਸ ਲੈ ਲਿਆ ਹੈ। ਇਸ ਦਾ ਕਾਰਨ ਤਕਨੀਕੀ ਦੱਸਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੈਂਕ ਆਫ ਬੜੌਦਾ ਨੇ 56 ਕਰੋੜ ਰੁਪਏ ਦੀ ਵਸੂਲੀ ਲਈ ਅਦਾਕਾਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਸੰਨੀ ਦਿਓਲ ਦੀ ਜਾਇਦਾਦ ਨੂੰ ਨਿਲਾਮੀ ਲਈ ਰੱਖਿਆ ਸੀ। ਇਹ ਨਿਲਾਮੀ 25 ਅਗਸਤ ਨੂੰ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾਣੀ ਸੀ।

ਗੁਰਦਾਸਪੁਰ ਦੇ ਸੰਸਦ ਮੈਂਬਰ 55.99 ਕਰੋੜ ਰੁਪਏ ਦੇ ਬੈਂਕ ਕਰਜ਼ੇ ਤੋਂ ਇਲਾਵਾ ਵਿਆਜ ਅਤੇ ਜੁਰਮਾਨੇ ਦਾ ਸਾਹਮਣਾ ਕਰ ਰਹੇ ਹਨ। ਇਹ ਕੇਸ ਦਸੰਬਰ 2022 ਤੋਂ ਚੱਲ ਰਿਹਾ ਹੈ। ਬੈਂਕ ਵੱਲੋਂ ਐਤਵਾਰ ਨੂੰ ਜਾਰੀ ਜਨਤਕ ਟੈਂਡਰ ‘ਚ ਕਿਹਾ ਗਿਆ ਕਿ ਬੈਂਕ ਨੇ ਮੁੰਬਈ ਦੇ ਟੋਨੀ ਜੁਹੂ ਇਲਾਕੇ ‘ਚ ਗਾਂਧੀਗ੍ਰਾਮ ਰੋਡ ‘ਤੇ ਸਥਿਤ ਸੰਨੀ ਵਿਲਾ ਦੀ ਜਾਇਦਾਦ ਕੁਰਕ ਕਰ ਲਈ ਹੈ।

ਨਿਲਾਮੀ ਲਈ ਰਾਖਵੀਂ ਕੀਮਤ 51.43 ਕਰੋੜ ਰੁਪਏ ਅਤੇ 5.14 ਕਰੋੜ ਰੁਪਏ ਦਾ ਬਿਆਨਾ ਤੈਅ ਕੀਤਾ ਗਿਆ ਹੈ। ਨਿਲਾਮੀ ਲਈ ਜਾਰੀ ਨੋਟਿਸ ਮੁਤਾਬਕ ਸੰਨੀ ਵਿਲਾ ਤੋਂ ਇਲਾਵਾ 599.44 ਵਰਗ ਮੀਟਰ ਦੀ ਜਾਇਦਾਦ ‘ਚ ਸੰਨੀ ਸਾਊਂਡ ਵੀ ਸ਼ਾਮਲ ਹੈ, ਜਿਸ ਦੀ ਮਾਲਕੀ ਦਿਓਲ ਪਰਿਵਾਰ ਦੀ ਹੈ। ਸਨੀ ਸਾਊਂਡਜ਼ ਕਰਜ਼ੇ ਦੀ ਕਾਰਪੋਰੇਟ ਗਾਰੰਟਰ ਹੈ। ਸੰਨੀ ਦੇ ਪਿਤਾ ਅਤੇ ਅਭਿਨੇਤਾ ਧਰਮਿੰਦਰ ਕਰਜ਼ੇ ਦੇ ਨਿੱਜੀ ਗਾਰੰਟਰ ਹਨ।