Surrey- ਸਰੀ ਪੁਲਿਸ ਵੱਲੋਂ ਸਾਊਥ ਨਿਊਟਨ ਇਲਾਕੇ ‘ਚ ਵੀਰਵਾਰ ਸਵੇਰੇ ਇੱਕ ਘਰ ‘ਤੇ ਹੋਈ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਹ ਮਾਮਲਾ ਜਬਰਨ ਵਸੂਲੀ (ਐਕਸਟੌਰਸ਼ਨ) ਨਾਲ ਜੁੜਿਆ ਹੋਇਆ ਜਾਪਦਾ ਹੈ।ਇਹ ਘਰ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਅਰਵਿੰਦਰ ਖੋਸਾ ਦਾ ਹੈ, ਜਿਸ ਨੂੰ ਇਸ ਤੋਂ ਪਹਿਲਾਂ 20 ਮਈ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਸਰੀ ਪੁਲਿਸ ਸਰਵਿਸ (SPS) ਦੀ ਪ੍ਰੈਸ ਰਿਲੀਜ਼ ਅਨੁਸਾਰ, ਫਰੰਟ-ਲਾਈਨ ਅਫਸਰਾਂ ਨੂੰ ਵੀਰਵਾਰ ਤੜਕੇ 4 ਵਜੇ ਤੋਂ ਬਾਅਦ 57 ਐਵੇਨਿਊ ਅਤੇ 148 ਸਟਰੀਟ ਦੇ ਨੇੜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਪਰਿਵਾਰ ਘਰ ਦੇ ਅੰਦਰ ਹੀ ਮੌਜੂਦ ਸੀ, ਪਰ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਰਿਲੀਜ਼ ਮੁਤਾਬਕ, “ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਹਾਲਾਂਕਿ, ਪਹਿਲਾਂ ਮਿਲੀਆਂ ਧਮਕੀਆਂ ਅਤੇ 20 ਮਈ 2026 ਨੂੰ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਕਾਰਨ ਇਸ ਨੂੰ ਜਬਰਨ ਵਸੂਲੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।”
ਹੁਣ ਸਰੀ ਪੁਲਿਸ ਦੀ ਵਿਸ਼ੇਸ਼ ਐਕਸਟੌਰਸ਼ਨ ਰਿਸਪਾਂਸ ਟੀਮ ਨੇ ਇਸ ਮਾਮਲੇ ਦੀ ਕਮਾਨ ਸੰਭਾਲ ਲਈ ਹੈ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਸੀਸੀਟੀਵੀ (CCTV), ਡੈਸ਼ਕੈਮ ਫੁਟੇਜ ਜਾਂ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਸੰਪਰਕ ਕਰੇ।
ਜ਼ਿਕਰਯੋਗ ਹੈ ਕਿ ਕ੍ਰਿਕਟ ਕੈਨੇਡਾ ਹਾਲ ਹੀ ‘ਚ ਅਪ੍ਰੈਲ ਮਹੀਨੇ ਵਿੱਚ ਪ੍ਰਕਾਸ਼ਿਤ ਹੋਈ ‘ਦਿ ਫਿਫਥ ਐਸਟੇਟ’ ਦੀ ਇੱਕ ਵੱਡੀ ਜਾਂਚ ਰਿਪੋਰਟ ਦੇ ਘੇਰੇ ‘ਚ ਆਇਆ ਸੀ। ਇਸ ਰਿਪੋਰਟ ‘ਚ ਕ੍ਰਿਕਟ ਕੈਨੇਡਾ ਦੇ ਵੱਡੇ ਅਹੁਦੇਦਾਰਾਂ ‘ਤੇ ਭ੍ਰਿਸ਼ਟਾਚਾਰ, ਸੰਗਠਿਤ ਅਪਰਾਧ (ਆਰਗੇਨਾਈਜ਼ਡ ਕ੍ਰਾਈਮ) ਦੇ ਪ੍ਰਭਾਵ ਅਤੇ ਮੈਚ ਫਿਕਸਿੰਗ ਦੇ ਗੰਭੀਰ ਦੋਸ਼ ਲਗਾਏ ਗਏ ਸਨ, ਹਾਲਾਂਕਿ ਮੁਲਜ਼ਮਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
ਇਸ ਖੁਲਾਸੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਅਰਵਿੰਦਰ ਖੋਸਾ, ਜੋ ਕ੍ਰਿਕਟ ਬੀ.ਸੀ. ਦੇ ਪ੍ਰਧਾਨ ਵੀ ਹਨ, ਦੇ ਸਬੰਧ ਕੁਝ ਅਜਿਹੇ ਸਥਾਨਕ ਖਿਡਾਰੀਆਂ ਨਾਲ ਸਨ ਜਿਨ੍ਹਾਂ ਨੇ ਖੁਦ ਨੂੰ ਬਿਸ਼ਨੋਈ ਗੈਂਗ ਦਾ ਹਿੱਸਾ ਦੱਸਿਆ ਸੀ ਅਤੇ 2025 ‘ਚ ਕੈਨੇਡਾ ਦੇ ਇੱਕ ਰਾਸ਼ਟਰੀ ਪੱਧਰ ਦੇ ਪੁਰਸ਼ ਖਿਡਾਰੀ ਨੂੰ ਧਮਕੀ ਦਿੱਤੀ ਸੀ। ਖੋਸਾ ਨੇ ਪਹਿਲਾਂ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਸੀ।
ਸਰੀ ‘ਚ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਦੇ ਘਰ ਮੁੜ ਚੱਲੀਆਂ ਗੋਲੀਆਂ





