‘ਆਪ’ ਦੀ ਮਾਨ ਸਰਕਾਰ ਵਲੋਂ ਸੂਬੇ ਦੇ ਹਰ ਤਬਕੇ ਦੇ ਲੋਕਾਂ ਲਈ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ: ਸੁਸ਼ੀਲ ਕੁਮਾਰ ਰਿੰਕੂ

ਜਲੰਧਰ- ਆਮ ਆਦਮੀ ਪਾਰਟੀ ਦੇ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਇਥੇ ਚੋਣ ਰੈਲੀ ਕੱਢੀ। ਰੈਲੀ ਦੌਰਾਨ ਵੱਧੀ ਗਿਣਤੀ ਵਿੱਚ ‘ਆਪ’ ਸਮਰਥਕ ਸ਼ਾਮਿਲ ਹੋਏ ਅਤੇ ਉਨ੍ਹਾਂ ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਜਲੰਧਰ ਦੇ ਮਲਸੀਆਂ ਇਲਾਕੇ ਤੋਂ ਸ਼ੁਰੂ ਹੋਈ ਰੈਲੀ ਲੋਹੀਆਂ, ਪੁਨੀਆਂ, ਸ਼ਾਹਕੋਟ, ਪਰਜੀਆਂ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦੀ ਹੋਈ ਮਹਿਤਪੁਰ ਜਾ ਕੇ ਸਮਾਪਤ ਹੋਈ।

ਰੈਲੀ ਦੌਰਾਨ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਥਾਂ ਥਾਂ ‘ਤੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਦੌਰਾਨ ਇਲਾਕਾ ਵਾਸੀਆਂ ਨੇ ‘ਆਪ’ ਸਰਕਾਰ ਵਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਨੂੰ ਲੈਕੇ ਸਲਾਘਾਂ ਕੀਤਾ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਕੇਵਲ ਵਾਅਦੇ ਹੀ ਕੀਤੇ ਸਨ। ਹੁਣ ਤੱਕ ਸਿਰਫ ਆਮ ਆਦਮੀ ਪਾਰਟੀ ਦੀ ਹੀ ਇੱਕ ਅਜਿਹੀ ਸਰਕਾਰ ਆਈ ਹੈ ਜੋ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਲੋਕਾਂ ਦੇ ਹੱਕ ਵਿੱਚ ਨਵੀਆਂ ਨਵੀਆਂ ਸਕੀਮਾਂ ਲਾਗੂ ਕਰ ਰਹੀ ਹੈ।

ਰੈਲੀ ਦੌਰਾਨ ‘ਆਪ’ ਉਮੀਦਵਾਰ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਆਪ’ ਸਰਕਾਰ ਵਲੋਂ ਸੂਬੇ ਦੇ ਹਰ ਇਲਾਕੇ ਦਾ ਬਿਨਾਂ ਕੋਈ ਵਿਤਕਰਾ ਕੀਤੇ ਇੱਕ ਸਾਰ ਵਿਕਾਸ ਕਰਵਾਇਆ ਜਾ ਰਿਹਾ ਹੈ। ਆਮ ਲੋਕਾਂ ਸਮੇਤ ਸੂਬੇ ਦੇ ਕਾਰੋਬਾਰੀਆਂ ਅਤੇ ਹਰ ਤਬਕੇ ਦੇ ਲੋਕਾਂ ਲਈ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਜਲੰਧਰ ਹਲਕੇ ਦੇ ਸੂਝਵਾਨ ਲੋਕਾਂ ਨੇ ‘ਆਪ’ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਫੈਂਸਲਾ ਕਰ ਲਿਆ ਹੈ।
ਰੈਲੀ ਦੌਰਾਨ ‘ਰੰਗ ਦੇ ਬਸੰਤੀ ਚੋਲਾ’ ਦੇਸ਼ ਭਗਤੀ ਦਾ ਗੀਤ ਵੀ ਗੂੰਜਿਆ ਅਤੇ ਪਾਰਟੀ ਸਮਰਥਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਰਹੇ।