ਕੈਨੇਡਾ ‘ਚ ਗਰਮੀ ਦਾ ਕਹਿਰ, ਹੁਣ ਤਕ 134 ਲੋਕਾਂ ਦੀ ਮੌਤ, ਸਕੂਲ-ਕਾਲਜ ਬੰਦ, ਚੇਤਾਵਨੀ ਜਾਰੀ

ਕੈਨੇਡਾ- ਕੈਨੇਡਾ ਅਤੇ ਯੂਨਾਈਟਿਡ ਸਟੇਟਸ ਪੈਸੀਫਿਕ ਨਾਰਥ-ਵੈਸਟ ‘ਚ ਰਿਕਾਰਡ ਤੋੜ ਗਰਮੀ ਕਾਰਨ ਵੈਨਕੂਵਰ ‘ਚ ਘੱਟੋ-ਘੱਟ 134 ਲੋਕਾਂ ਦੀ ਮੌਤ ਹੋ ਗਈ ਹੈ। ਆਰਸੀਐੱਮਪੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੇ 24 ਘੰਟਿਆਂ ‘ਚ ਵੈਨਕੂਵਰ ਦੇ ਬਰਨਾਬੀ ਤੇ ਸਰੇ ਸ਼ਹਿਰ ‘ਚ ਮਰਨ ਵਾਲਿਆਂ ‘ਚ ਜ਼ਿਆਦਾਤਰ ਬਜ਼ੁਰਗ ਜਾਂ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕ ਸ਼ਾਮਲ ਸਨ। ਆਰਸੀਐੱਮਪੀ ਦੇ ਕਾਰਪੋਰੇਲ ਮਾਈਕਲ ਕਲਾਂਜ ਨੇ ਬਿਆਨ ‘ਚ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ, ਪਰ ਜ਼ਿਆਦਾਤਰ ਮੌਤਾਂ ‘ਚ ਗਰਮੀ ਦੀ ਵਜ੍ਹਾ ਸਾਹਮਣੇ ਆਈ ਹੈ। ਸਥਾਨਕ ਨਗਰ ਪਾਲਿਕਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਸੋਮਵਾਰ ਤੋਂ ਅਚਾਨਕ ਮੌਤਾਂ ਦੀਆਂ ਕਈ ਕਾਲਾਂ ਆਈਆਂ ਹਨ।

ਪੌਣ-ਪਾਣੀ ਪਰਿਵਰਤਨ ਕਾਰਨ ਰਿਕਾਰਡ ਤਾਪਮਾਨ ਲਗਾਤਾਰ ਵਧ ਰਿਹਾ ਹੈ। ਆਲਮੀ ਪੱਧਰ ‘ਤੇ 2019 ਸਭ ਤੋਂ ਗਰਮ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਕੈਨੇਡਾ ਦੇ ਓਟਾਵਾ ‘ਚ ਤਾਪਮਾਨ 47.9 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੋਰਗਨ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬ੍ਰਿਟਿਸ਼ ਦੇ ਲੋਕਾਂ ਨੇ ਹੁਣ ਤਕ ਦਾ ਸਭ ਤੋਂ ਗਰਮ ਹਫ਼ਤਾ ਦੇਖਿਆ ਹੈ।

ਇਸ ਭਿਆਨਕ ਗਰਮੀ ਨਾਲ ਕੈਨੇਡਾ ਹੀ ਨਹੀਂ ਬਲਕਿ ਉੱਤਰੀ-ਪੱਛਮੀ ਅਮਰੀਕਾ ਦੇ ਪੋਰਟਲੈਂਡ, ਇਡਾਹੋ, ਓਰੇਗਨ ਤੇ ਪੂਰਬੀ ਵਾਸ਼ਿੰਗਟਨ ਵੀ ਪੇਰਸ਼ਾਨੀਆਂ ਨਾਲ ਜੂਝ ਰਹੇ ਹਨ।


ਟੀਵੀ ਪੰਜਾਬ ਬਿਊਰੋ