● On air now · ਟੀਵੀ ਪੰਜਾਬ

Punjabi News · Since 2013

Breaking

ਕੰਜ਼ਰਵੇਟਿਵ ਪਾਰਟੀ ਨੇ ਸੰਸਦ ਵਿੱਚ ਚੁੱਕਿਆ ਇਮੀਗ੍ਰੇਸ਼ਨ ਦਾ ਮੁੱਦਾ! CANADA NEWS 22-10-2026

1. ਬੀ.ਸੀ. ਮੱਧਕਾਲੀ ਚੋਣਾਂ: ਗ੍ਰੀਨ ਪਾਰਟੀ ਬਣ ਸਕਦੀ ਹੈ ‘ਕਿੰਗਮੇਕਰ’, ਸੱਤਾਧਾਰੀ ਐੱਨਡੀਪੀ ਲਈ ਮੁਸ਼ਕਲਾਂ ਵਧੀਆਂ ਯੂਸੀਪੀ ਦਾ ਗ੍ਰਾਫ਼ ਉੱਪਰ ਚੜ੍ਹਿਆ, ਸਰੀ ਦੇ ਗੜ੍ਹ ਵਿੱਚ ਸੱਤਾਧਾਰੀ ਧਿਰ ਨੂੰ ਟੱਕਰ ਬ੍ਰਿਟਿਸ਼ ਕੋਲੰਬੀਆ ਵਿੱਚ 24 ਅਕਤੂਬਰ ਨੂੰ ਹੋਣ ਜਾ ਰਹੀਆਂ ਮੱਧਕਾਲੀ ਵਿਧਾਨ ਸਭਾ…


1. ਬੀ.ਸੀ. ਮੱਧਕਾਲੀ ਚੋਣਾਂ: ਗ੍ਰੀਨ ਪਾਰਟੀ ਬਣ ਸਕਦੀ ਹੈ ‘ਕਿੰਗਮੇਕਰ’, ਸੱਤਾਧਾਰੀ ਐੱਨਡੀਪੀ ਲਈ ਮੁਸ਼ਕਲਾਂ ਵਧੀਆਂ

ਯੂਸੀਪੀ ਦਾ ਗ੍ਰਾਫ਼ ਉੱਪਰ ਚੜ੍ਹਿਆ, ਸਰੀ ਦੇ ਗੜ੍ਹ ਵਿੱਚ ਸੱਤਾਧਾਰੀ ਧਿਰ ਨੂੰ ਟੱਕਰ

ਬ੍ਰਿਟਿਸ਼ ਕੋਲੰਬੀਆ ਵਿੱਚ 24 ਅਕਤੂਬਰ ਨੂੰ ਹੋਣ ਜਾ ਰਹੀਆਂ ਮੱਧਕਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚੜ੍ਹ ਗਿਆ ਹੈ ਅਤੇ ਸੂਬੇ ਵਿੱਚ ਬਦਲਾਅ ਦੀ ਹਵਾ ਚਲਦੀ ਨਜ਼ਰ ਆ ਰਹੀ ਹੈ। ਵੱਖ-ਵੱਖ ਸਰਵੇਖਣ ਏਜੰਸੀਆਂ ਅਨੁਸਾਰ ਅਗਲੀ ਸਰਕਾਰ ਦੇ ਗਠਨ ਵਿੱਚ ਗ੍ਰੀਨ ਪਾਰਟੀ ‘ਕਿੰਗਮੇਕਰ’ ਦੀ ਭੂਮਿਕਾ ਨਿਭਾ ਸਕਦੀ ਹੈ। ਆਮ ਤੌਰ ‘ਤੇ 2-3 ਸੀਟਾਂ ਜਿੱਤਣ ਵਾਲੀ ਗ੍ਰੀਨ ਪਾਰਟੀ ਨੂੰ ਇਸ ਵਾਰ 10 ਤੋਂ ਵੱਧ ਸੀਟਾਂ ਮਿਲਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜ਼ਮੀਨੀ ਹਕੀਕਤ ਅਤੇ ਵੋਟਰਾਂ ਦੇ ਬਦਲਦੇ ਰੁਝਾਨ ਨੂੰ ਵੇਖਦਿਆਂ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਲਈ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਜ਼ਿਕਰਯੋਗ ਹੈ ਕਿ ਐੱਨਡੀਪੀ ਕੋਲ ਅਜੇ ਸੱਤਾ ਦੇ ਦੋ ਸਾਲ ਬਾਕੀ ਸਨ, ਪਰ ਅਚਾਨਕ ਮੱਧਕਾਲੀ ਚੋਣਾਂ ਦੇ ਕੀਤੇ ਐਲਾਨ ਕਾਰਨ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਨੇ ਚੋਣ ਲੜਨ ਤੋਂ ਹੀ ਇਨਕਾਰ ਕਰ ਦਿੱਤਾ।

ਦੂਜੇ ਪਾਸੇ, ਚੋਣਾਂ ਤੋਂ ਪਹਿਲਾਂ ਖਿੰਡੀ-ਪੁੰਡੀ ਨਜ਼ਰ ਆ ਰਹੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਵੋਟਰਾਂ ਦੇ ਸਮਰਥਨ ਨਾਲ ਸੱਤਾ ਦੇ ਕਾਫ਼ੀ ਨੇੜੇ ਪਹੁੰਚਦੀ ਪ੍ਰਤੀਤ ਹੋ ਰਹੀ ਹੈ। ਬੀਤੇ ਹਫ਼ਤੇ ਹੋਈਆਂ ਮਿਊਂਸਪਲ ਚੋਣਾਂ ਦੌਰਾਨ ਕਈ ਸ਼ਹਿਰਾਂ ਵਿੱਚ ਹੋਈ ਰਿਕਾਰਡ ਵੋਟਿੰਗ ਅਤੇ ਮੇਅਰਾਂ ਦੇ ਤਖ਼ਤੇ ਪਲਟਣ ਦੇ ਨਤੀਜਿਆਂ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਲੋਕ ਹਰ ਪੱਧਰ ‘ਤੇ ਬਦਲਾਅ ਚਾਹੁੰਦੇ ਹਨ। ਸਰੀ ਖੇਤਰ ਦੀਆਂ 6 ਵਿਧਾਨ ਸਭਾ ਸੀਟਾਂ, ਜੋ ਅਕਸਰ ਐੱਨਡੀਪੀ ਦਾ ਗੜ੍ਹ ਮੰਨੀਆਂ ਜਾਂਦੀਆਂ ਸਨ, ਉਨ੍ਹਾਂ ਵਿੱਚੋਂ ਅੱਧੀਆਂ ਸੀਟਾਂ ‘ਤੇ ਇਸ ਵਾਰ ਯੂਸੀਪੀ ਉਮੀਦਵਾਰ ਮਜ਼ਬੂਤ ਸਥਿਤੀ ਵਿੱਚ ਹਨ। ਵੋਟਰਾਂ ਵਿੱਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਆਰਥਿਕ ਮੰਦੀ ਨਾਲ ਜੂਝ ਰਹੇ ਆਮ ਲੋਕਾਂ ‘ਤੇ ਅਚਾਨਕ ਚੋਣਾਂ ਦਾ ਵਾਧੂ ਖ਼ਰਚਾ ਕਿਉਂ ਪਾਇਆ।

ਅਗਸਤ 2017 ਵਿੱਚ ਕੰਜ਼ਰਵੇਟਿਵਾਂ ਨੂੰ ਮਾਤ ਦੇ ਕੇ ਐੱਨਡੀਪੀ ਨੇ ਗ੍ਰੀਨ ਪਾਰਟੀ ਦੇ ਦੋ ਵਿਧਾਇਕਾਂ ਦੇ ਸਮਰਥਨ ਨਾਲ ਜੌਹਨ ਹੌਰਗਨ ਦੀ ਅਗਵਾਈ ਹੇਠ ਸਰਕਾਰ ਬਣਾਈ ਸੀ। ਹੌਰਗਨ ਦੇ ਕੰਮਕਾਜ ਤੋਂ ਖ਼ੁਸ਼ ਹੋ ਕੇ ਲੋਕਾਂ ਨੇ ਅਗਲੀਆਂ ਚੋਣਾਂ ਵਿੱਚ ਪਾਰਟੀ ਨੂੰ ਪੂਰਨ ਬਹੁਮਤ ਦਿੱਤਾ ਸੀ। ਹਾਲਾਂਕਿ, ਗਲੇ ਦੇ ਕੈਂਸਰ ਕਾਰਨ ਹੌਰਗਨ ਨੂੰ ਅਸਤੀਫ਼ਾ ਦੇਣਾ ਪਿਆ, ਜਿਸ ਤੋਂ ਬਾਅਦ ਡੇਵਿਡ ਈਬੀ ਨੇ ਪ੍ਰੀਮੀਅਰ ਵਜੋਂ ਸੱਤਾ ਸੰਭਾਲੀ ਸੀ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਵੋਟਾਂ ਤੋਂ ਪਹਿਲਾਂ ਦੇ ਆਖ਼ਰੀ ਦਿਨਾਂ ਵਿੱਚ ਕਿਹੜੀ ਪਾਰਟੀ ਵੋਟਰਾਂ ਨੂੰ ਲਾਮਬੰਦ ਕਰਨ ਵਿੱਚ ਸਫ਼ਲ ਹੁੰਦੀ ਹੈ।

2. ਇਮੀਗ੍ਰੇਸ਼ਨ ਦੇ ਮਾਮਲੇ ‘ਚ ਅਲਬਰਟਾ ਨੂੰ ਮਿਲ ਸਕਦੇ ਹਨ ਵੱਧ ਅਧਿਕਾਰ: ਪ੍ਰਧਾਨ ਮੰਤਰੀ ਮਾਰਕ ਕਾਰਨੀ

ਕਿਊਬੈਕ ਦੀ ਤਰਜ਼ ‘ਤੇ ਨਵਾਂ ਸਮਝੌਤਾ ਕਰਨ ਦੇ ਦਿੱਤੇ ਸੰਕੇਤ, ਅਲਬਰਟਾ ਪ੍ਰੀਮੀਅਰ ਪ੍ਰਸਤਾਵ ਕਰਨਗੇ ਪੇਸ਼

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਸੂਬੇ ਨੂੰ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਵੱਧ ਅਧਿਕਾਰ ਦੇਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਫੈਡਰਲ ਸਰਕਾਰ ਅਲਬਰਟਾ ਨਾਲ ਵੀ ਕਿਊਬੈਕ ਵਰਗਾ ਸਮਝੌਤਾ ਕਰ ਸਕਦੀ ਹੈ, ਜੋ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਹੋਇਆ ਸੀ। ਸੰਸਦ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਕੀ ਅਲਬਰਟਾ ਨੂੰ ਵੀ ਕਿਊਬੈਕ ਵਰਗੀਆਂ ਸ਼ਕਤੀਆਂ ਦਿੱਤੀਆਂ ਜਾ ਸਕਦੀਆਂ ਹਨ, ਤਾਂ ਉਨ੍ਹਾਂ ਕਿਹਾ, “ਦੇਖਦੇ ਹਾਂ।” ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਊਬੈਕ ਆਪਣੀ ਭਾਸ਼ਾ ਅਤੇ ਸੱਭਿਆਚਾਰ ਕਾਰਨ ਵੱਖਰਾ ਸੂਬਾ ਹੈ, ਪਰ ਕੇਂਦਰ ਸਰਕਾਰ ਹੋਰਨਾਂ ਸੂਬਿਆਂ ਨਾਲ ਵੀ ਇਮੀਗ੍ਰੇਸ਼ਨ ਦੇ ਪੱਧਰ ‘ਤੇ ਚਰਚਾ ਕਰੇਗੀ। ਇਹ ਬਿਆਨ ਅਲਬਰਟਾ ਵਿੱਚ ਹੋਏ ਇੱਕ ਜਨਮਤ ਸੰਗ੍ਰਹਿ ਤੋਂ ਬਾਅਦ ਆਇਆ ਹੈ, ਜਿੱਥੇ ਲਗਭਗ 10 ਲੱਖ ਲੋਕਾਂ ਨੇ ਇਮੀਗ੍ਰੇਸ਼ਨ ਨੀਤੀਆਂ ‘ਤੇ ਸੂਬੇ ਦਾ ਵੱਧ ਨਿਯੰਤਰਣ ਹੋਣ ਦੇ ਪੱਖ ਵਿੱਚ ਵੋਟ ਪਾਈ ਹੈ। ਲੋਕ ਚਾਹੁੰਦੇ ਹਨ ਕਿ ਨਵੇਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਇੱਕ ਸਹੀ ਅਤੇ ਸੰਭਾਲਣਯੋਗ ਪੱਧਰ ‘ਤੇ ਲਿਆਂਦਾ ਜਾਵੇ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਵਿੱਚ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਉਹ ਕੇਂਦਰ ਸਰਕਾਰ ਲਈ ਇੱਕ ਖ਼ਾਸ ਪ੍ਰਸਤਾਵ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 1991 ਵਿੱਚ ਕੈਨੇਡਾ ਅਤੇ ਕਿਊਬੈਕ ਵਿਚਕਾਰ ਹੋਏ ਸਮਝੌਤੇ ਤੋਂ ਪ੍ਰੇਰਨਾ ਲੈ ਰਹੇ ਹਨ, ਜਿਸ ਤਹਿਤ ਕਿਊਬੈਕ ਨੂੰ ਆਪਣੇ ਆਰਥਿਕ ਇਮੀਗ੍ਰੇਸ਼ਨ ਦੇ ਟੀਚੇ ਆਪ ਤੈਅ ਕਰਨ ਦਾ ਅਧਿਕਾਰ ਮਿਲਿਆ ਸੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਮੀਗ੍ਰੇਸ਼ਨ ‘ਤੇ ਦੁਬਾਰਾ ਨਿਯੰਤਰਣ ਪ੍ਰਾਪਤ ਕਰ ਲਿਆ ਹੈ ਅਤੇ ਉਹ ਸੂਬਿਆਂ ਦੀਆਂ ਲੋੜਾਂ ਨੂੰ ਧਿਆਨ ਨਾਲ ਸੁਣ ਰਹੇ ਹਨ। ਦੂਜੇ ਪਾਸੇ, ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਇਲੀਏਵਰ ਨੇ ਲਿਬਰਲ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਦਾ ਇਮੀਗ੍ਰੇਸ਼ਨ ਪ੍ਰਣਾਲੀ ਤੋਂ ਨਿਯੰਤਰਣ ਹੱਟ ਚੁੱਕਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਹਰ ਸਾਲ 5,00,000 ਨਵੇਂ ਪੱਕੇ ਨਿਵਾਸੀਆਂ ਨੂੰ ਬੁਲਾਉਣ ਦਾ ਟੀਚਾ ਰੱਖਿਆ ਸੀ, ਪਰ ਬਾਅਦ ਵਿੱਚ ਇਸ ਵਿੱਚ ਕਟੌਤੀ ਕੀਤੀ ਗਈ।

3. ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ‘ਤੇ ਸਿਆਸੀ ਭੂਚਾਲ: ਹਾਊਸ ਆਫ਼ ਕਾਮਨਜ਼ ‘ਚ ਹੰਗਾਮਾ

ਉੱਚੀ ਤਨਖਾਹ ਵਾਲਿਆਂ ਨੂੰ ਮਿਲੇਗਾ ਲਾਭ, LMIA ਦੀ ਸ਼ਰਤ ਵੀ ਖ਼ਤਮ

ਦੇਸ਼ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨੇ ਸਿਆਸੀ ਭੂਚਾਲ ਲਿਆ ਦਿੱਤਾ ਹੈ ਅਤੇ ਵਿਰੋਧੀ ਧਿਰ ਸਣੇ ਇਮੀਗ੍ਰੇਸ਼ਨ ਮਾਹਰ ਵੀ ਤਿੱਖਾ ਵਿਰੋਧ ਕਰ ਰਹੇ ਹਨ। 3 ਨਵੰਬਰ ਤੋਂ ਲਾਗੂ ਹੋ ਰਹੀ ਨੀਤੀ ਦਾ ਮੁੱਦਾ ਹਾਊਸ ਆਫ਼ ਕਾਮਨਜ਼ ਵਿੱਚ ਉਠਾਉਂਦਿਆਂ ਕੰਜ਼ਰਵੇਟਿਵ ਪਾਰਟੀ ਨੇ ਦਾਅਵਾ ਕੀਤਾ ਕਿ ਲਿਬਰਲ ਸਰਕਾਰ ਕਾਰਪੋਰੇਟਾਂ ਨਾਲ ਵਫ਼ਾਦਾਰੀ ਨਿਭਾਅ ਰਹੀ ਹੈ, ਜਿਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਸਸਤੇ ਵਿਦੇਸ਼ੀ ਕਾਮਿਆਂ ਦੀ ਲੋੜ ਹੈ। nਟੋਰੀ ਐੱਮ.ਪੀ. ਗ੍ਰਾਂਟ ਜੈਕਸਨ ਨੇ ਦੋਸ਼ ਲਾਇਆ ਕਿ ਕੰਪਨੀਆਂ ਕੈਨੇਡੀਅਨਾਂ ਨੂੰ ਸਿਖਲਾਈ ਦੇਣ ਦਾ ਜੋਖਮ ਨਾ ਲੈਂਦਿਆਂ ਸਿੱਧੇ ਤੌਰ ’ਤੇ ਵਿਦੇਸ਼ੀ ਕਾਮਿਆਂ ਨੂੰ ਸੱਦਣਾ ਚਾਹੁੰਦੀਆਂ ਹਨ, ਜਿਸ ਨਾਲ ਬੇਰੁਜ਼ਗਾਰੀ, ਹਾਊਸਿੰਗ ਅਤੇ ਹੈਲਥ ਕੇਅਰ ਸੈਕਟਰ ਉੱਤੇ ਦਬਾਅ ਵਧੇਗਾ। ਦੂਜੇ ਪਾਸੇ, ਪਾਰਲੀਮਾਨੀ ਸਕੱਤਰ ਲੈਸਲੀ ਚਰਚ ਨੇ ਨਵੀਂ ਨੀਤੀ ਨੂੰ ਫ਼ਾਇਦੇਮੰਦ ਦੱਸਦਿਆਂ ਕਿਹਾ ਕਿ 186 ਕਿੱਤਿਆਂ ਨਾਲ ਸਬੰਧਤ ਬੇਹੱਦ ਹੁਨਰਮੰਦ ਕਾਮਿਆਂ ਲਈ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ।

ਇਮੀਗ੍ਰੇਸ਼ਨ ਮੰਤਰੀ ਲੀਨਾ ਡਿਐਬ ਵੱਲੋਂ ਵੱਧ ਕਮਾਈ ਕਰਨ ਵਾਲਿਆਂ ਨੂੰ ਤਰਜੀਹੀ ਆਧਾਰ ’ਤੇ PR ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ 3 ਨਵੰਬਰ ਤੋਂ ਅਜਿਹੇ ਕਿਰਤੀਆਂ ਵਾਸਤੇ LMIA ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। $57,000 ਸਾਲਾਨਾ ਤੋਂ 30% ਵੱਧ ਤਨਖਾਹ ਲੈਣ ਵਾਲਿਆਂ ਨੂੰ ਐਕਸਪ੍ਰੈਸ ਐਂਟਰੀ ਵਿੱਚ 50 ਵਾਧੂ ਪੁਆਇੰਟ, 50% ਵੱਧ ਤਨਖਾਹ ਵਾਲਿਆਂ ਨੂੰ 70 ਪੁਆਇੰਟ ਅਤੇ ਦੁੱਗਣਾ ਮਿਹਨਤਾਨਾ ਲੈਣ ਵਾਲਿਆਂ ਨੂੰ 100 ਵਾਧੂ ਅੰਕ ਮਿਲਣਗੇ। nਸਰਕਾਰ ਅਨੁਸਾਰ ਆਉਣ ਵਾਲੇ ਨਵੇਂ ਲੋਕਾਂ ਵਿੱਚ 63% ਅਤੇ ਅਸਾਇਲਮ ਦਾਅਵਿਆਂ ਵਿੱਚ 68% ਤੱਕ ਕਮੀ ਆਈ ਹੈ, ਜਦਕਿ ਵਰਕ ਪਰਮਿਟਧਾਰਕਾਂ ਦੀ ਗਿਣਤੀ ਵਧ ਕੇ 15.5 ਲੱਖ ਤੋਂ ਟੱਪ ਗਈ ਹੈ।

4. ਜਗਮੀਤ ਸਿੰਘ ਦੀ ਫ਼ੋਟੋ ਵਰਤ ਕੇ AI ਰਾਹੀਂ ਚਲਾਇਆ ਜਾ ਰਿਹਾ ਵੱਡਾ ਆਨਲਾਈਨ ਨਿਵੇਸ਼ ਘੁਟਾਲਾ

‘ਨਾਇਕੀ ਡਫ਼ਲ ਬੈਗ’ ਅਤੇ ਗ੍ਰਿਫ਼ਤਾਰੀ ਦੀਆਂ ਝੂਠੀਆਂ ਖ਼ਬਰਾਂ ਫੈਲਾ ਕੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼

ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਇੱਕ ਲਾਲ ਰੰਗ ਦਾ ‘ਨਾਇਕੀ ਡਫ਼ਲ ਬੈਗ’ ਅਤੇ ‘ਨਿਊ ਡੈਮੋਕ੍ਰੇਟਿਕ ਪਾਰਟੀ’ ਦੇ ਆਗੂ ਜਗਮੀਤ ਸਿੰਘ ਦੀਆਂ ਵਾਇਰਲ ਹੋ ਰਹੀਆਂ ਕਥਿਤ ਤਸਵੀਰਾਂ ਵਿਵਾਦ ਦਾ ਕੇਂਦਰ ਬਣੀਆਂ ਹੋਈਆਂ ਹਨ। ਹਾਲਾਂਕਿ, ਇਸ ਘਟਨਾ ਦਾ ਸੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਤਿਆਰ ਕੀਤੀਆਂ ਫ਼ਰਜ਼ੀ ਤਸਵੀਰਾਂ ਰਾਹੀਂ ਚਲਾਏ ਜਾ ਰਹੇ ਇੱਕ ਵੱਡੇ ਆਨਲਾਈਨ ਨਿਵੇਸ਼ ਘੁਟਾਲੇ ਨਾਲ ਜੁੜਿਆ ਹੋਇਆ ਹੈ। ‘ਨਾਓ ਟੋਰਾਂਟੋ’ ਦੀ ਰਿਪੋਰਟ ਅਨੁਸਾਰ ‘X’ (ਟਵਿੱਟਰ) ’ਤੇ ਫੈਲਾਏ ਜਾ ਰਹੇ ਜਾਅਲੀ ਇਸ਼ਤਿਹਾਰ ਵਰਤੋਂਕਾਰਾਂ ਨੂੰ ਸੀਬੀਸੀ ਨਿਊਜ਼ ਵਰਗੀਆਂ ਜਾਅਲੀ ਵੈੱਬਸਾਈਟਾਂ ਵੱਲ ਲੈ ਜਾਂਦੇ ਹਨ। ਇਨ੍ਹਾਂ ‘ਤੇ ਝੂਠਾ ਦਾਅਵਾ ਕੀਤਾ ਜਾਂਦਾ ਹੈ ਕਿ ਜਗਮੀਤ ਸਿੰਘ ਨੇ ‘ਗਰੋਮੈਨ ਪ੍ਰੋ’ ਨਾਂ ਦੇ ਨਿਵੇਸ਼ ਪਲੇਟਫ਼ਾਰਮ ਦਾ ਪ੍ਰਚਾਰ ਕੀਤਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਗੁੰਮਰਾਹਕੁੰਨ ਇਸ਼ਤਿਹਾਰਾਂ ਵਿੱਚ ਲੋਕਾਂ ਨੂੰ ਘੱਟੋ-ਘੱਟ $350 ਨਿਵੇਸ਼ ਕਰਨ ‘ਤੇ ਹਰ ਮਹੀਨੇ $1,200 ਤੋਂ $2,800 ਤੱਕ ਦੀ ਕਮਾਈ ਦਾ ਲਾਲਚ ਦਿੱਤਾ ਜਾ ਰਿਹਾ ਹੈ। ਸਾਈਬਰ ਸੁਰੱਖਿਆ ਕੰਪਨੀ ‘ਗ੍ਰਿਡਿਨਸੌਫਟ’ ਨੇ ਇਸ ਵਿੱਤੀ ਠੱਗੀ ਅਤੇ ਨਿੱਜੀ ਜਾਣਕਾਰੀ ਚੋਰੀ ਹੋਣ ਦੇ ਖ਼ਤਰਿਆਂ ਬਾਰੇ ਚਿਤਾਵਨੀ ਜਾਰੀ ਕੀਤੀ ਹੈ।

5. ਟੋਰਾਂਟੋ ‘ਚ ਲੰਗਰ ਵਰਤਾਉਂਦੇ ਸਿੱਖ ਵਾਲੰਟੀਅਰਾਂ ਨੂੰ $1,200 ਦਾ ਜੁਰਮਾਨਾ, ਮੀਡੀਆ ਨੇ ਚੁੱਕੇ ਸਵਾਲ

ਪਾਰਕ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ‘ਤੇ ਬਾਇਲਾਅ ਅਫ਼ਸਰਾਂ ਦੀ ਕਾਰਵਾਈ, ਸਿਟੀ ਨੇ ਦਿੱਤੀ ਸਫ਼ਾਈ

ਟੋਰਾਂਟੋ ਦੇ ਇੱਕ ਪਾਰਕ ਵਿੱਚ ਲੋੜਵੰਦਾਂ ਨੂੰ ਲੰਗਰ ਵਰਤਾਉਣ ਵਾਲੇ ਸਿੱਖ ਵਾਲੰਟੀਅਰਾਂ ਨੂੰ ਰੋਕਣ ਅਤੇ $1,200 ਜੁਰਮਾਨਾ ਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਵਾਈ ਤੋਂ ਬਾਅਦ ਕੈਨੇਡੀਅਨ ਮੀਡੀਆ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਪਾਰਕਾਂ ਵਿੱਚ ਨਸ਼ੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ, ਪਰ ਲੋੜਵੰਦਾਂ ਨੂੰ ਖਾਣਾ ਖਵਾਉਣ ਵਾਲਿਆਂ ਨੂੰ ਨਿਯਮਾਂ ਦੇ ਨਾਂ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। 2008 ਤੋਂ ਐਲਨ ਗਾਰਡਨਜ਼ ਵਿੱਚ ਲੰਗਰ ਦੀ ਸੇਵਾ ਕਰ ਰਹੇ ਜਸਵਿੰਦਰ ਖੋਸਾ ਅਤੇ ਗੁਰਬੀਰ ਬੱਲ ਨੇ ਦੱਸਿਆ ਕਿ ਉਹ ਸਵੇਰੇ 3 ਵਜੇ ਉੱਠ ਕੇ ਮਿਸੀਸਾਗਾ ਦੀ ਸੇਵਾ ਕਿਚਨ ਵਿੱਚ ਖਾਣਾ ਤਿਆਰ ਕਰਦੇ ਹਨ, ਅਤੇ ਅਜਿਹਾ ਵਰਤਾਰਾ ਪਹਿਲਾਂ ਕਦੇ ਨਹੀਂ ਦੇਖਿਆ। ਦੂਜੇ ਪਾਸੇ, ਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਬਗੈਰ ਪਰਮਿਟ 25 ਤੋਂ ਵੱਧ ਲੋਕਾਂ ਦਾ ਇਕੱਠ ਕਰਨ, ਕੱਚੇ ਰਸਤੇ ਵਿੱਚ ਗੱਡੀ ਚਲਾਉਣ ਅਤੇ ਬਗੈਰ ਇਜਾਜ਼ਤ ਤੰਬੂ ਲਾਉਣ ਕਾਰਨ ਇਹ ਜੁਰਮਾਨਾ ਕੀਤਾ ਗਿਆ ਹੈ।

6. ਅਲਬਰਟਾ ਕੈਨੇਡਾ ਨਾਲ ਮਿਲ ਕੇ ਚੱਲੇਗਾ, ਵੱਖਵਾਦੀਆਂ ਦਾ ਮੁੱਦਾ ਖ਼ਤਮ: ਡੈਨੀਅਲ ਸਮਿਥ

ਰੈਫਰੈਂਡਮ ‘ਚ 75% ਲੋਕਾਂ ਨੇ ਵੱਖ ਹੋਣ ਦੇ ਵਿਚਾਰ ਨੂੰ ਨਕਾਰਿਆ, ਪਾਰਟੀ ਨੂੰ ਇੱਕਜੁੱਟ ਰਹਿਣ ਦੀ ਅਪੀਲ

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ‘ਯੂਨਾਈਟਿਡ ਕੰਜ਼ਰਵੇਟਿਵ ਪਾਰਟੀ’ ਕੈਨੇਡਾ ਦੇ ਨਾਲ ਮਿਲ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ। ਇਹ ਬਿਆਨ ਰੈਫਰੈਂਡਮ ਵਿੱਚ ਵੱਖਵਾਦੀਆਂ ਦੀ ਹਾਰ ਤੋਂ ਬਾਅਦ ਆਇਆ ਹੈ। ਗੈਰ-ਰਸਮੀ ਨਤੀਜਿਆਂ ਅਨੁਸਾਰ, ਅਲਬਰਟਾ ਦੇ ਲਗਭਗ 75% ਲੋਕਾਂ ਨੇ ਕੈਨੇਡਾ ਤੋਂ ਅਲੱਗ ਹੋਣ ਦੇ ਵਿਚਾਰ ਨੂੰ ਨਕਾਰ ਦਿੱਤਾ ਹੈ। ਸਮਿਥ ਨੇ ਕਿਹਾ ਕਿ ਲੋਕਤੰਤਰਿਕ ਫ਼ੈਸਲੇ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਜੋ ਲੋਕ ਇਸ ਨੂੰ ਨਹੀਂ ਮੰਨਦੇ, ਉਨ੍ਹਾਂ ਕੋਲ ਹੋਰ ਰਾਜਨੀਤਿਕ ਪਾਰਟੀਆਂ ਵਿੱਚ ਜਾਣ ਦਾ ਰਾਹ ਖੁੱਲ੍ਹਾ ਹੈ। ਹਾਲਾਂਕਿ, ਵੱਖਵਾਦੀ ਨੇਤਾ ਜੈਫਰੀ ਰਾਥ ਨੇ ਸਮਿਥ ਨੂੰ ਲੀਡਰ ਦੇ ਅਹੁਦੇ ਤੋਂ ਹਟਾਉਣ ਲਈ ਪਾਰਟੀ ਦੀ ਵਿਸ਼ੇਸ਼ ਬੈਠਕ ਬੁਲਾਉਣ ਦੀ ਧਮਕੀ ਦਿੱਤੀ ਹੈ। ਇਸ ਦੇ ਜਵਾਬ ਵਿੱਚ ਸਮਿਥ ਨੇ ਇੱਕ ਵੀਡੀਓ ਜਾਰੀ ਕਰਕੇ ਚੇਤਾਵਨੀ ਦਿੱਤੀ ਕਿ ਆਪਸੀ ਵੰਡ ਨਾਲ NDP ਨੂੰ ਫ਼ਾਇਦਾ ਹੋਵੇਗਾ, ਇਸ ਲਈ ਇੱਕਜੁੱਟ ਹੋ ਕੇ ਅਲਬਰਟਾ ਅਤੇ ਕੈਨੇਡਾ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ।

7. ਕੈਨੇਡਾ ‘ਤੇ ਅਮਰੀਕੀ ਚੋਣਾਂ ‘ਚ ਦਖ਼ਲਅੰਦਾਜ਼ੀ ਦੇ ਦੋਸ਼, ਪ੍ਰਧਾਨ ਮੰਤਰੀ ਕਾਰਨੀ ਨੇ ਕੀਤਾ ਖੰਡਨ

ਅਮਰੀਕੀ ਦੂਤਘਰ ਦਾ ਦਾਅਵਾ, ਕੈਨੇਡੀਅਨ ਆਗੂਆਂ ਨੇ ਕਿਹਾ- ਅਸੀਂ ਸਿਰਫ਼ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਕਰ ਰਹੇ ਹਾਂ

ਓਟਾਵਾ ਵਿੱਚ ਅਮਰੀਕੀ ਦੂਤਘਰ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਸਰਕਾਰ 3 ਨਵੰਬਰ ਦੀਆਂ ਅਮਰੀਕੀ ਮੱਧਕਾਲੀ ਚੋਣਾਂ ਵਿੱਚ ਸੰਭਾਵੀ ਦਖ਼ਲਅੰਦਾਜ਼ੀ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਅਮਰੀਕੀ ਰਾਜਦੂਤ ਪੀਟ ਹੁਕਸਟ੍ਰਾ ਅਨੁਸਾਰ ਕੈਨੇਡੀਅਨ ਮੰਤਰੀਆਂ ਦੀਆਂ ਗਤੀਵਿਧੀਆਂ ਅਤੇ ਲਾਬਿੰਗ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਮਾਰਕ ਕਾਰਨੀ ਨੇ ਸਾਫ਼ ਕੀਤਾ ਕਿ ਕੈਨੇਡਾ ਕਦੇ ਵੀ ਵਿਦੇਸ਼ੀ ਚੋਣਾਂ ਵਿੱਚ ਦਖ਼ਲ ਨਹੀਂ ਦਿੰਦਾ ਅਤੇ ਉਨ੍ਹਾਂ ਦੇ ਸਾਰੇ ਕਦਮ ਅਮਰੀਕੀ ਟੈਰਿਫਾਂ ਤੋਂ ਆਪਣੇ ਕਾਮਿਆਂ ਅਤੇ ਆਰਥਿਕਤਾ ਦੀ ਰੱਖਿਆ ਕਰਨ ਲਈ ਹਨ।

8. ਕੈਨੇਡਾ ‘ਚ ਬਣਿਆ ਨਵਾਂ ਰਿਕਾਰਡ: $9 ਕਰੋੜ ਦਾ ਹੁਣ ਤੱਕ ਦਾ ਸਭ ਤੋਂ ਵੱਡਾ ‘Lotto Max’ ਜੈਕਪਾਟ ਜਿੱਤਿਆ

ਕੈਲਗਰੀ ਖੇਤਰ ਦੇ ਛੋਟੇ ਸਮੂਹ ਨੇ ‘Play Alberta’ ਰਾਹੀਂ ਖਰੀਦੀ ਸੀ ਇਤਿਹਾਸਕ ਟਿਕਟ

ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਲਾਟਰੀ ਜਿੱਤਣ ਦਾ ਇੱਕ ਨਵਾਂ ਰਿਕਾਰਡ ਬਣ ਗਿਆ ਹੈ। ਕੈਲਗਰੀ ਖੇਤਰ ਦੇ ਲੋਕਾਂ ਦੇ ਇੱਕ ਛੋਟੇ ਸਮੂਹ ਨੂੰ ਕੈਨੇਡਾ ਦਾ ਹੁਣ ਤੱਕ ਦਾ ਸਭ ਤੋਂ ਵੱਡਾ $9 ਕਰੋੜ (90 ਮਿਲੀਅਨ) ਦਾ ‘ਲੋਟੋ ਮੈਕਸ’ ਜੈਕਪਾਟ ਮਿਲਣ ਜਾ ਰਿਹਾ ਹੈ। ‘ਅਲਬਰਟਾ ਗੇਮਿੰਗ, ਲਿਕਰ ਐਂਡ ਕੈਨਾਬਿਸ’ ਦੀ ਸੀਈਓ ਕੈਂਡਿਸ ਮਚਾਡੋ ਨੇ ਦੱਸਿਆ ਕਿ ਇਹ ਜੇਤੂ ਟਿਕਟ ‘Play Alberta’ ਦੀ ਵੈੱਬਸਾਈਟ ਰਾਹੀਂ ਖਰੀਦੀ ਗਈ ਸੀ। ਮੰਗਲਵਾਰ ਰਾਤ ਦੇ ਡਰਾਅ ਵਿੱਚ ਜਿੱਤਣ ਵਾਲੇ ਨੰਬਰ 08, 15, 19, 23, 26, 28, 34 ਅਤੇ ਬੋਨਸ ਨੰਬਰ 38 ਸਨ। ਕਾਨੂੰਨੀ ਜਾਂਚ ਅਤੇ ਤਸਦੀਕ ਤੋਂ ਬਾਅਦ ਅਗਲੇ ਕੁਝ ਹਫ਼ਤਿਆਂ ਵਿੱਚ ਜੇਤੂਆਂ ਦਾ ਰਸਮੀ ਐਲਾਨ ਕੀਤਾ ਜਾਵੇਗਾ।

9. ਗੰਭੀਰ ਸਾਈਬਰ ਖ਼ਤਰੇ ਕਾਰਨ ਫੈਡਰਲ ਸਰਕਾਰ ਨੇ ਮੁੱਖ ਵੈੱਬਸਾਈਟਾਂ ਕੀਤੀਆਂ ਅਸਥਾਈ ਤੌਰ ‘ਤੇ ਬੰਦ

‘PHP’ ਕੋਡਿੰਗ ਭਾਸ਼ਾ ‘ਚ ਖ਼ਾਮੀ ਆਉਣ ਤੋਂ ਬਾਅਦ ਚੁੱਕਿਆ ਗਿਆ ਵੱਡਾ ਕਦਮ

ਸਾਈਬਰ ਹਮਲਿਆਂ ਤੋਂ ਬਚਾਅ ਲਈ ਫੈਡਰਲ ਸਰਕਾਰ ਨੇ ਆਪਣੀਆਂ ਕਈ ਮੁੱਖ ਵੈੱਬਸਾਈਟਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਹ ਕਦਮ ਦੁਨੀਆ ਭਰ ਦੀਆਂ 70% ਵੈੱਬਸਾਈਟਾਂ ਵਿੱਚ ਵਰਤੀ ਜਾਂਦੀ ਪ੍ਰੋਗਰਾਮਿੰਗ ਭਾਸ਼ਾ ‘PHP’ ਵਿੱਚ ਇੱਕ ਗੰਭੀਰ ਸੁਰੱਖਿਆ ਖ਼ਾਮੀ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਗਿਆ ਹੈ। ਏ.ਆਈ. ਮੰਤਰੀ ਈਵਨ ਸੋਲੋਮਨ ਨੇ ਦੱਸਿਆ ਕਿ ਇਹ ਇੱਕ ਅੰਤਰਰਾਸ਼ਟਰੀ ਸਮੱਸਿਆ ਹੈ ਅਤੇ ਸੁਰੱਖਿਆ ਅਪਡੇਟ ਪੂਰੇ ਹੋਣ ਤੱਕ ਪ੍ਰਭਾਵਿਤ ਸਿਸਟਮ ਬੰਦ ਰਹਿਣਗੇ। ਸਾਈਬਰ ਸੁਰੱਖਿਆ ਮਾਹਰਾਂ ਨੇ ਸਪੱਸ਼ਟ ਕੀਤਾ ਹੈ ਕਿ ਆਮ ਲੋਕਾਂ ਦੇ ਫ਼ੋਨ ਜਾਂ ਕੰਪਿਊਟਰ ‘ਤੇ ਇਸ ਦਾ ਸਿੱਧਾ ਅਸਰ ਨਹੀਂ ਪਵੇਗਾ।

10. EA ਨੇ 30 ਸਾਲਾਂ ਬਾਅਦ ਐਡਮੰਟਨ ਦਾ ਮਸ਼ਹੂਰ ‘BioWare’ ਗੇਮ ਸਟੂਡੀਓ ਕੀਤਾ ਬੰਦ

‘Mass Effect’ ਦਾ ਨਵਾਂ ਪ੍ਰੋਜੈਕਟ ਰੱਦ, 400 ਦੇ ਲਗਭਗ ਕਰਮਚਾਰੀ ਨੌਕਰੀ ਤੋਂ ਬਰਖ਼ਾਸਤ

ਵੀਡੀਓ ਗੇਮ ਬਣਾਉਣ ਵਾਲੀ ਪ੍ਰਸਿੱਧ ਕੰਪਨੀ ‘Electronic Arts’ (EA) ਨੇ ਐਡਮੰਟਨ ਸਥਿਤ ਆਪਣੇ ਮਸ਼ਹੂਰ ਗੇਮ ਸਟੂਡੀਓ ‘BioWare’ ਨੂੰ 30 ਸਾਲਾਂ ਤੋਂ ਵੱਧ ਸਮੇਂ ਬਾਅਦ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 2007 ਤੋਂ ਚੱਲ ਰਹੀ ਚਰਚਿਤ ਗੇਮ ਲੜੀ ‘Mass Effect’ ਦੇ ਆਉਣ ਵਾਲੇ ਨਵੇਂ ਭਾਗ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਨਾਲ ਲਗਭਗ 400 ਕਰਮਚਾਰੀ ਪ੍ਰਭਾਵਿਤ ਹੋ ਰਹੇ ਹਨ। 1995 ਵਿੱਚ 6 ਲੋਕਾਂ ਨਾਲ ਸ਼ੁਰੂ ਹੋਇਆ ਇਹ ਸਟੂਡੀਓ ਕਦੇ 420 ਕਰਮਚਾਰੀਆਂ ਤੱਕ ਪਹੁੰਚ ਗਿਆ ਸੀ। EA ਵੱਲੋਂ ਹਾਲ ਹੀ ਵਿੱਚ $55 ਅਰਬ ਵਿੱਚ ਆਪਣਾ ਕਾਰੋਬਾਰ ਸਾਊਦੀ ਅਰਬ ਦੇ ਸਰਕਾਰੀ ਫੰਡ ਅਤੇ ਹੋਰ ਨਿਵੇਸ਼ਕਾਂ ਨੂੰ ਵੇਚਣ ਤੋਂ ਬਾਅਦ ਇਹ ਵੱਡੇ ਬਦਲਾਅ ਕੀਤੇ ਜਾ ਰਹੇ ਹਨ।


Filed under

, ,