ਤੂਫ਼ਾਨ Idalia ਕਾਰਨ ਫਲੋਰੀਡਾ ’ਚ ਦੋ ਲੋਕਾਂ ਦੀ ਮੌਤ

Washington- ਫਲੋਰੀਡਾ ’ਚ ਤੂਫ਼ਾਨ ਇਡਾਲੀਆ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਫਲੋਰੀਡਾ ਹਾਈਵੇਅ ਪੈਟਰੋਲ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਅਲਾਚੁਆ ਕਾਊਂਟੀ ’ਚ ਭਾਰੀ ਮੀਂਹ ਕਾਰਨ ਇੱਕ ਪਿਕਅੱਪ ਗੱਡੀ ਖੜ੍ਹੇ ਦਰਖ਼ਤ ਨਾਲ ਟਕਰਾਅ ਗਈ। ਇਸ ਹਾਦਸੇ ’ਚ ਇੱਕ 59 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਦੂਜੇ ਹਾਦਸੇ ’ਚ ਸਪਰਿੰਗ ਹਿੱਲ ਦੇ ਰਹਿਣ ਵਾਲਾ ਇੱਕ 40 ਸਾਲਾ ਜਦੋਂ ਆਪਣੀ ਫੋਰਡ ਰੇਂਜਰ ਗੱਡੀ ਚਲਾ ਰਿਹਾ ਸੀ ਤਾਂ ਉਸ ਤੂਫ਼ਾਨ ਕਾਰਨ ਉਸ ਦਾ ਆਪਣੀ ਗੱਡੀ ’ਤੇ ਕਾਬੂ ਨਾ ਰਿਹਾ ਅਤੇ ਇਹ ਇੱਕ ਦਰਖ਼ਤ ਨਾਲ ਜਾ ਟਕਰਾਈ।
ਤੂਫ਼ਾਨ ਮਗਰੋਂ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਅੱਠ ਸ਼ਹਿਰੀ ਖੋਜ ਅਤੇ ਬਚਾਅ ਟੀਮਾਂ ਨੂੰ ਵੱਖ-ਵੱਖ ਥਾਨਾਂ ’ਤੇ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਲਗਭਗ 5,500 ਨੈਸ਼ਨਲ ਗਾਰਡਜ਼ ਸੜਕਾਂ ਤੋਂ ਮਲਬੇ ਨੂੰ ਸਾਫ਼ ਕਰਨ ’ਚ ਮਦਦ ਕਰ ਰਹੇ ਹਨ ਅਤੇ ਹਜ਼ਾਰਾਂ ਮੁਰੰਮਤ ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਲਈ ਕੰਮ ਕਰ ਰਹੇ ਹਨ।
ਤੂਫ਼ਾਨ ਕਾਰਨ ਬਣੇ ਹਾਲਾਤ ਨੂੰ ਲੈ ਕੇ ਵ੍ਹਾਈਟ ਹਾਊਸ ਨੇ ਇੱਕ ਬਿਆਨ ’ਚ ਕਿਹਾ, ਫੈਡਰਲ ਸਰਕਾਰ ਨੇ ਫਲੋਰੀਡਾ ’ਚ ਹਜ਼ਾਰਾਂ ਐਮਰਜੈਂਸੀ ਕਰਮਚਾਰੀਆਂ ਦੇ ਨਾਲ-ਨਾਲ ਪੀਣ ਵਾਲਾ ਪਾਣੀ ਅਤੇ ਇੱਕ ਮਿਲੀਅਨ ਤੋਂ ਵੱਧ ਖਾਣ ਲਈ ਤਿਆਰ ਭੋਜਨ ਵੀ ਭੇਜਿਆ ਹੈ। ਡੀਸੈਂਟਿਸ ਅਤੇ ਹੋਰਨਾਂ ਤਿੰਨ ਸੂਬਿਆਂ ਦੇ ਗਵਰਨਰਾਂ ਨਾਲ ਗੱਲਬਾਤ ਦੌਰਾਨ ਰਾਸ਼ਟਰਪਤੀ ਬਾਇਡਨ ਨੇ ਤੂਫ਼ਾਨ ਰਾਹਤ ਰਿਕਵਰੀ ਦੇ ਯਤਨਾਂ ’ਚ ਆਪਣੇ ਪ੍ਰਸ਼ਾਸਨ ਵਲੋਂ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਬਾਇਡਨ ਨੇ ਬੁੱਧਵਾਰ ਨੂੰ ਕਿਹਾ, “ਮੈਨੂੰ ਨਹੀਂ ਲਗਦਾ ਕਿ ਕੋਈ ਵੀ ਹੁਣ ਜਲਵਾਯੂ ਸੰਕਟ ਦੇ ਪ੍ਰਭਾਵ ਤੋਂ ਇਨਕਾਰ ਕਰ ਸਕਦਾ ਹੈ। ਇੱਕ ਵਾਰ ਚਾਰੋਂ ਪਾਸੇ ਦੇਖ ਲਓ।’’
ਦੱਸਣਯੋਗ ਹੈ ਕਿ ਇਡਾਲੀਆ ਨੇ ਬੁੱਧਵਾਰ ਸਵੇਰੇ ਫਲੋਰੀਡਾ ਦੇ ਬਿਗ ਬੈਂਡ ਖੇਤਰ ਵਿੱਚ ਇੱਕ ਸ਼ਕਤੀਸ਼ਾਲੀ ਤੂਫ਼ਾਨ ਦੇ ਰੂਪ ’ਚ ਦਸਤਕ ਦਿੱਤੀ ਸੀ, ਜਿਸ ਕਾਰਨ ਇੱਥੇ ਤੇਜ਼ ਹਵਾਵਾਂ ਵਗੀਆਂ ਅਤੇ ਭਾਰੀ ਮੀਂਹ ਪਿਆ। ਮੀਂਹ ਕਾਰਨ ਸੜਕਾਂ ਅਤੇ ਕਸਬੇ ਗੋਡੇ-ਗੋਡੇ ਡੂੰਘੇ ਪਾਣੀ ’ਚ ਡੁੱਬ ਗਏ। ਇਸ ਮਗਰੋਂ ਇਹ ਤੂਫ਼ਾਨ ਹੁਣ ਜਾਰਜੀਆ ਵੱਲ ਚਲਾ ਗਿਆ ਹੈ। ਬੇਸ਼ੱਕ ਤੂਫ਼ਾਨ ਹੁਣ ਕਮਜ਼ੋਰ ਹੋ ਗਿਆ ਹੈ ਪਰ ਜਾਰਜੀਆ ’ਚ ਅਜੇ ਵੀ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ। ਤੂਫ਼ਾਨ ਦੇ ਕਾਰਨ ਫਲੋਰੀਡਾ ਅਤੇ ਜਾਰਜੀਆ ’ਚ ਕਰੀਬ 470,000 ਗਾਹਕ ਬਿਜਲੀ ਤੋਂ ਬਿਨਾਂ ਹਨ।