ਅਗਲੇ ਹਫ਼ਤੇ ਸਾਨ ਫਰਾਂਸਿਸਕੋ ਜਾ ਸਕਦੇ ਹਨ ਟਰੂਡੋ

Ottawa- ਸਾਲਾਨਾ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ’ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਫਤੇ ਸਾਨ ਫਰਾਂਸਿਸਕੋ ਜਾਣ ਦੀ ਸੰਭਾਵਨਾ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਅਤੇ ਕੌਮਾਂਤਰੀ ਵਪਾਰ ਮੰਤਰੀ ਮੈਰੀ ਐਨਜੀ ਵੀ 15-17 ਨਵੰਬਰ ਦੇ ਦੌਰੇ ਵਿੱਚ ਹਿੱਸਾ ਲੈਣ ਵਾਲੇ ਹਨ।
ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ’ਚ ਦੱਸਿਆ ਗਿਆ ਹੈ ਕਿ ਇਸ ਸੰਮੇਲਨ ਦੌਰਾਨ ਟਰੂਡੋ ਕੈਨੇਡਾ ਦੇ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ ਮੌਸਮ ਦੇ ਅਨੁਕੂਲ ਆਰਥਿਕ ਵਿਕਾਸ ਨੂੰ ਵਧਾਉਣ ਦੇ ਤਰੀਕਿਆਂ ’ਤੇ ਧਿਆਨ ਕੇਂਦਰਿਤ ਕਰਨਗੇ। ਇਸ ਦੌਰਾਨ ਕੈਨੇਡੀਅਨ ਵਫ਼ਦ ਇਸ ਗੱਲ ’ਤੇ ਵੀ ਵਿਚਾਰ ਕਰੇਗਾ ਕਿ ਵਪਾਰ ਨੂੰ ਕਿਵੇਂ ਆਸਾਨ ਬਣਾਇਆ ਜਾਵੇ, ਡਿਜੀਟਲ ਸਪੇਸ ’ਚ ਮੌਕਿਆਂ ਦੀ ਪਛਾਣ ਕੀਤੀ ਜਾਵੇ ਅਤੇ ਔਰਤਾਂ ਲਈ ਆਰਥਿਕ ਸਸ਼ਕਤੀਕਰਨ ਕਿਵੇਂ ਬਣਾਇਆ ਜਾਵੇ।
ਟਰੂਡੋ ਪ੍ਰਸ਼ਾਂਤ ਮਹਾਸਾਗਰ ਦੇ ਦੋਹੀਂ ਪਾਸੀਂ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਖੁੱਲ੍ਹੇ ਆਰਥਿਕ ਸਹਿਯੋਗ ਅਤੇ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਪ੍ਰਣ ਕਰ ਰਹੇ ਹਨ। ਪਿਛਲੀਆਂ ਏ. ਪੀ. ਈ. ਸੀ. ਮੀਟਿੰਗਾਂ ਵਾਂਗ, ਇਸ ਸਾਲ ਦੇ ਸਿਖਰ ਸੰਮੇਲਨ ’ਚ ਲਵਾਯੂ ਤਬਦੀਲੀ ਅਤੇ ਆਮਦਨੀ ਅਸਮਾਨਤਾ ਵਰਗੇ ਵਿਸ਼ਿਆਂ ਦੇ ਆਲੇ ਦੁਆਲੇ ਵੱਡੇ ਜਨਤਕ ਵਿਰੋਧ ਪੈਦਾ ਕਰਨ ਦੀ ਉਮੀਦ ਹੈ। ਇਹ ਸੰਮੇਲਨ ਹਰ ਸਾਲ 11-17 ਤੱਕ ਨਵੰਬਰ ਚੱਲਦਾ ਹੈ।
ਟਰੂਡੋ ਨੇ ਇੱਕ ਬਿਆਨ ’ਚ ਕਿਹਾ, ‘‘ਜਦੋਂ ਅਸੀਂ ਕੈਨੇਡੀਅਨ ਵਸਤੂਆਂ ਅਤੇ ਨਵੀਨਤਾ ਲਈ ਨਵੇਂ ਬਾਜ਼ਾਰ ਖੋਲ੍ਹਦੇ ਹਾਂ ਤਾਂ ਇਹ ਯਕੀਨੀ ਬਣਾਉਂਦੇ ਹਾਂ ਕਿ ਵਿਸ਼ਵ ਕੈਨੇਡਾ ’ਚ ਨਿਵੇਸ਼ ਕਰ ਸਕੇ ਅਤੇ ਅਸੀਂ ਮੱਧ ਵਰਗ ਲਈ ਅਸਲ ਨਤੀਜੇ ਪ੍ਰਦਾਨ ਕਰਦੇ ਹਾਂ।’’ ਉਨ੍ਹਾਂ ਅੱਗੇ ਕਿਹਾ ਕਿ ਇਕੱਠੇ ਕੰਮ ਕਰਕੇ ਅਸੀਂ ਆਪਣੇ ਕਾਮਿਆਂ ਅਤੇ ਕਾਰੋਬਾਰਾਂ ਲਈ ਨਵੇਂ ਮੌਕੇ, ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ’ਚ ਤਰੱਕੀ ਅਤੇ ਆਰਥਿਕ ਵਿਕਾਸ ਨੂੰ ਅੱਗੇ ਵਧਾਵਾਂਗੇ।
ਮੇਜ਼ਬਾਨ ਦੇਸ਼ ਦੇ ਨੇਤਾ ਹੋਣ ਦੇ ਨਾਤੇ, ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਇੱਕ ਹਫ਼ਤੇ ਤੱਕ ਚੱਲਣ ਵਾਲੇ ਇਸ ਸੰਮੇਲਨ ਦੀ ਪ੍ਰਧਾਨਗੀ ਕਰਨਗੇ।