ਵਧੀਆਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ, ਹੁਣ ਲੱਗਾ ਇਹ ਵੱਡਾ ਅਪਰਾਧਿਕ ਦੋਸ਼

Atlanta – ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਸੋਮਵਾਰ ਨੂੰ ਜਾਰਜੀਆ ਦੀ ਗ੍ਰੈਂਡ ਜਿਊਰੀ ਨੇ ਉਨ੍ਹਾਂ ’ਤੇ ਚੌਥਾ ਦੋਸ਼ ਲਾਉਂਦਿਆਂ ਕਿਹਾ ਕਿ ਟਰੰਪ ਨੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ’ਚ ਡੈਮੋਕ੍ਰੇਟਿਕਸ ਤੋਂ ਮਿਲੀ ਹਾਰ ਨੂੰ ਬਦਲਣ ਦਾ ਯਤਨ ਕੀਤਾ ਸੀ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਵਿਰੁੱਧ ਲਾਇਆ ਜਾਣ ਵਾਲਾ ਇਹ ਚੌਥਾ ਅਪਰਾਧਿਕ ਮਾਮਲਾ ਹੈ ਅਤੇ ਇਸ ਮਹੀਨੇ ਦਾ ਇਹ ਦੂਜਾ ਦੋਸ਼ ਹੈ ਕਿ ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ।
ਗ੍ਰੈਂਡ ਜਿਊਰੀ ਨੇ ਟਰੰਪ ’ਤੇ ਦੋਸ਼ ਲਾਉਂਦਿਆਂ ਉਨ੍ਹਾਂ ਵਿਰੁੱਧ ਅਭਿਯੋਗ (indictment ) ਜਾਰੀ ਕੀਤਾ ਹੈ। ਫੁਲਟਨ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਫੈਨੀ ਵਿਲਿਸ ਵਲੋਂ ਲਾਏ ਇਨ੍ਹਾਂ ਦੋਸ਼ਾਂ ਤੋਂ ਬਾਅਦ 2024 ਦੀਆਂ ਚੋਣਾਂ ਲਈ ਰੀਪਬਲਿਕਨ ਨਾਮਜ਼ਦਗੀ ਦੀ ਦੌੜ ’ਚ ਸਭ ਤੋਂ ਅੱਗੇ ਟਰੰਪ ਦੇ ਸਾਹਮਣੇ ਹੁਣ ਕਾਨੂੰਨੀ ਦਿੱਕਤਾਂ ਵੱਧ ਗਈਆਂ ਹਨ। 90 ਪੰਨਿਆਂ ਦੇ ਵਿਸ਼ਾਲ ਅਭਿਯੋਗ (indictment ) ’ਚ ਕੁੱਲ 19 ਦੋਸ਼ੀਆਂ ਅਤੇ 41 ਅਪਰਾਧਿਕ ਮਾਮਲਿਆਂ ਨੂੰ ਸੂਚੀਬੱਧ ਕੀਤਾ ਗਿਆ ਹੈ। ਸਾਰੇ ਦੋਸ਼ੀਆਂ ’ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀਆਂ ’ਚ ਟਰੰਪ ਦੇ ਸਾਬਕਾ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ, ਵਕੀਲ ਰੂਡੀ ਗਿਉਲਿਆਨੀ ਅਤੇ ਜਾਨ ਈਸਟਮੈਨ ਸ਼ਾਮਿਲ ਹਨ। ਟਰੰਪ ਵਿਰੁੱਧ ਜਾਰੀ ਕੀਤੇ ਗਏ ਅਭਿਯੋਗ (indictment) ’ਚ ਕਿਹਾ ਗਿਆ ਹੈ ਕਿ ਟਰੰਪ ਅਤੇ ਇਸ ਮਾਮਲੇ ਦੇ ਹੋਰ ਦੋਸ਼ੀਆਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਟਰੰਪ ਹਾਰ ਗਏ ਹਨ। ਉਹ ਜਾਣ-ਬੁੱਝ ਕੇ ਚੋਣ ਨਜੀਤਿਆਂ ਨੂੰ ਟਰੰਪ ਦੇ ਪੱਖ ’ਚ ਗ਼ੈਰ-ਕਾਨੂੰਨੀ ਰੂਪ ਨਾਲ ਬਦਲਣ ਦੀ ਸਾਜ਼ਿਸ਼ ’ਚ ਸ਼ਾਮਿਲ ਹੋਏ।