ਆਤਮ ਸਮਰਪਣ ਤੋਂ ਪਹਿਲਾਂ ਟਰੰਪ ਨੇ ਬਦਲਿਆ ਆਪਣਾ ਵਕੀਲ

Atlanta- 2020 ਦੀਆਂ ਚੋਣ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ ’ਚ ਅੱਜ ਆਤਮ ਸਮਰਪਣ ਤੋਂ ਪਹਿਲਾਂ ਟਰੰਪ ਨੇ ਆਪਣੇ ਚੋਟੀ ਦੇ ਵਕੀਲ ਨੂੰ ਬਦਲ ਦਿੱਤਾ ਹੈ। ਅਮਰੀਕੀ ਮੀਡੀਆ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਟਰੰਪ ਨੇ ਆਪਣੇ ਪੁਰਾਣੇ ਵਕੀਲ ਡਰਿਊ ਫਿੰਡਲਿੰਗ ਦੀ ਥਾਂ ਸਟੀਵਨ ਸੈਡੋ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਹੈ। ਸੈਡੋ ਵਲੋਂ ਆਪਣੀ ਵੈੱਬਸਾਈਟ ਪ੍ਰੋਫਾਈਲ ’ਤੇ ਦਿੱਤੀ ਜਾਣਕਾਰੀ ਮੁਤਾਬਕ ਉਹ ਅਟਲਾਂਟਾ ਅਧਾਰਿਤ ਅਟਾਰਨੀ ਹੈ ਅਤੇ ਉਸ ਨੂੰ ‘ਵ੍ਹਾਈਟ ਕਾਲਰ ਅਤੇ ਉੱਚ-ਪ੍ਰੋਫਾਇਲ ਬਚਾਅ ਪੱਖ ਦੇ ਵਿਸ਼ੇਸ਼ ਵਕੀਲ’ ਵਜੋਂ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਟਰੰਪ ਨੇ ਆਪਣੇ ਨਾਲ ਅਜਿਹੇ ਵਕੀਲ ਨੂੰ ਜੋੜਿਆ ਹੈ, ਜਿਸ ਨੇ ਸੂਬੇ ਦੇ ਵਿਆਪਕ RICO (ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨ) ਕਾਨੂੰਨ ਨੂੰ ਚੁਣੌਤੀ ਦਿੱਤੀ ਹੈ। ਇਸੇ ਕਾਨੂੰਨ ਦੇ ਤਹਿਤ ਟਰੰਪ ਅਤੇ ਉਨ੍ਹਾਂ ਦੇ 18 ਸਹਿਯੋਗੀਆਂ ਵਿਰੁੱਧ ਚੋਣ ਧੋਖਾਧੜੀ ਨਾਲ ਇਸ ਜੁੜੇ ਮਾਮਲੇ ’ਚ ਦੋਸ਼ ਲਾਏ ਗਏ ਹਨ।
ਸੈਡੋ ਨੇ ਮਾਮਲੇ ’ਚ ਸਾਬਕਾ ਰਾਸ਼ਟਰਪਤੀ ਦੀ ਰਸਮੀ ਤੌਰ ’ਤੇ ਨੁਮਾਇੰਦਗੀ ਕਰਨ ਲਈ ਵੀਰਵਾਰ ਸਵੇਰੇ ਕਾਗਜ਼ੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੇ ਦੂਜੇ ਜਾਰਜੀਆ ਅਟਾਰਨੀ ਜੈਨੀਫਰ ਲਿਟਿਲ ਦੇ ਕਾਨੂੰਨੀ ਟੀਮ ’ਚ ਬਣੇ ਰਹਿਣ ਅਤੇ ਸੈਡੋ ਨਾਲ ਕੰਮ ਕਰਨ ਦੀ ਉਮੀਦ ਹੈ। ਇਸ ਬਾਰੇ ’ਚ ਇੱਕ ਬਿਆਨ ਜਾਰੀ ਕਰਕੇ ਸੈਡੋ ਨੇ ਕਿਹਾ, ‘‘ਮੈਨੂੰ ਫੁਲਟਨ ਕਾਊਂਟੀ ਮਾਮਲੇ ’ਚ ਰਾਸ਼ਟਰਪਤੀ ਟਰੰਪ ਦੀ ਨੁਮਾਇੰਦਗੀ ਕਰਨ ਲਈ ਬਰਕਰਾਰ ਰੱਖਿਆ ਗਿਆ ਹੈ। ਰਾਸ਼ਟਰਪਤੀ ਨੂੰ ਕਦੇ ਵੀ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਸੀ।’’ ਉਨ੍ਹਾਂ ਅੱਗੇ ਕਿਹਾ, ‘‘ਉਹ ਆਪਣੇ ਵਿਰੁੱਧ ਲਗਾਏ ਗਏ ਸਾਰੇ ਦੋਸ਼ਾਂ ’ਚ ਬੇਕਸੂਰ ਹਨ। ਅਸੀਂ ਉਮੀਦ ਕਰਦੇ ਹਾਂ ਕਿ ਮਾਮਲੇ ਨੂੰ ਖ਼ਾਰਜ ਕਰ ਦਿੱਤਾ ਜਾਵੇਗਾ, ਜੇਕਰ ਲੋੜ ਪਈ ਤਾਂ ਇੱਕ ਨਿਰਪੱਖ, ਖੁੱਲ੍ਹੇ ਦਿਮਾਗ਼ ਵਾਲੀ ਜਿਊਰੀ ਰਾਸ਼ਟਰਪਤੀ ਨੂੰ ਦੋਸ਼ੀ ਨਹੀਂ ਮੰਨੇਗੀ।’’