ਗੂਗਲ ਵਿਰੁੱਧ ਅਮਰੀਕੀ ਸਰਕਾਰ ਨੇ ਲਗਾਇਆ ਦਬਦਬੇ ਦੀ ਦੁਰਵਰਤੋਂ ਕਰਨ ਦਾ ਦੋਸ਼

Washington- ਅਮਰੀਕਾ ਦੇ ਨਿਆਂ ਵਿਭਾਗ ਨੇ ਇਹ ਦੋਸ਼ ਲਾਇਆ ਹੈ ਕਿ ਮੁਕਾਬਲੇਬਾਜ਼ਾਂ ਨੂੰ ਬਾਹਰ ਕਰਨ ਅਤੇ ਇਨੋਵੇਸ਼ਨ ਨੂੰ ਦਬਾਉਣ ਲਈ ਗੂਗਲ ਨੇ ਇੰਟਰਨੈੱਟ ਖੋਜ ’ਚ ਆਪਣੇ ਦਬਦਬੇ ਦਾ ਫ਼ਾਇਦਾ ਚੁੱਕਿਆ ਹੈ। ਅਮਰੀਕੀ ਨਿਆਂ ਵਿਭਾਗ ਦੇ ਪ੍ਰਮੁੱਖ ਪਟੀਸ਼ਨਰ ਕੇਨੇਥ ਡਿੰਟਜ਼ਰ ਨੇ ਕਿਹਾ ਕਿ ਇਹ ਮਾਮਲਾ ਇੰਟਰਨੈੱਟ ਦੇ ਭਵਿੱਖ ਦੇ ਬਾਰੇ ’ਚ ਹੈ ਅਤੇ ਕੀ ਗੂਗਲ ਦੇ ਖੋਡ ਇੰਜਣ ਨੂੰ ਕਦੇ ਸਾਰਥਕ ਮੁਕਾਬਲੇ ਦਾ ਸਾਹਮਣਾ ਕਰਨਾ ਪਏਗਾ।
ਡਿੰਟਜ਼ਰ ਨੇ ਦਾਅਵਾ ਕੀਤਾ ਹੈ ਕਿ ਆਪਣੀ ਸਥਿਤੀ ਨੂੰ ਕਾਇਮ ਰੱਖਣ ਲਈ ਗੂਗਲ ਹਰ ਸਾਲ 1000 ਕਰੋੜ ਡਾਲਰ ਤੋਂ ਵੱਧ ਦਾ ਭੁਗਤਾਨ ਕਰਦਾ ਹੈ। ਅਗਲੇ 10 ਹਫ਼ਤਿਆਂ ’ਚ ਫੈਡਰਲ ਵਕੀਲ ਅਤੇ ਸੂਬੇ ਦੇ ਅਟਾਰਨੀ ਜਨਰਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਗੂਗਲ ਨੇ ਆਪਣੇ ਸਰਚ ਇੰਜਣ ਨੂੰ ਡਿਵਾਇਸਾਂ ’ਤੇ ਡਿਫਾਲਟ ਵਿਕਲਪ ਦੇ ਤੌਰ ’ਤੇ ਲਾਕ ਕਰਕੇ ਇਸ ਨੂੰ ਆਪਣੇ ਪੱਖ ’ਚ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਮਰੀਕੀ ਜ਼ਿਲ੍ਹਾ ਜੱਜ ਅਮਿਤ ਮਹਿਤਾ ਸੰਭਾਵੀ ਤੌਰ ’ਤੇ ਅਗਲੇ ਸਾਲ ਦੀ ਸ਼ੁਰੂਆਤ ਤੱਕ ਕੋਈ ਫ਼ੈਸਲਾ ਨਹੀਂ ਸੁਣਾਉਣਗੇ। ਜੇਕਰ ਉਹ ਮੰਨਦੇ ਹਨ ਕਿ ਗੂਗਲ ਨੇ ਕਾਨੂੰਨ ਤੋੜਿਆ ਹੈ ਅਤੇ ਇੱਕ ਹੋਰ ਮੁਕੱਦਮਾ ਇਹ ਫ਼ੈਸਲਾ ਕਰੇਗਾ ਕਿ ਕੈਲੀਫੋਰਨੀਆ ਅਧਾਰਿਤ ਕੰਪਨੀ ਮਾਊਂਟੇਨ ਵਿਊ ’ਤੇ ਲਗਾਮ ਲਗਾਉਣ ਲਈ ਕਿਹੜੇ ਕਦਮ ਚੁੱਕੇ ਜਾਣਗੇ। ਮਾਮਲੇ ’ਚ ਗੂਗਲ ਅਤੇ ਉਸ ਦੀ ਕਾਰਪੋਰੇਟ ਪੇਰੈਂਟ ਕੰਪਨੀ ਅਲਫਾਬੈੱਟ ਦੇ ਉੱਚ ਅਧਿਕਾਰੀਆਂ ਨਾਲ ਹੀ ਹੋਰ ਸ਼ਕਤੀਸ਼ਾਲੀ ਤਕਨਾਲੋਜੀ ਕੰਪਨੀਆਂ ਦੇ ਐਗਜ਼ੈਕਟਿਵਜ਼ ਦੀ ਇਸ ਕੇਸ ’ਚ ਗਵਾਹੀ ਦੇਣ ਦੀ ਉਮੀਦ ਹੈ। ਇਨ੍ਹਾਂ ’ਚ ਅਲਫਾਬੈੱਟ ਦੇ ਸੀ. ਈ. ਓ. ਸੁੰਦਰ ਪਿਚਾਈ ਵੀ ਸ਼ਾਮਿਲ ਹੋਣ ਦੀ ਉਮੀਦ ਹੈ।