Ottawa- ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਨੇ ਆਪਣੀ ਮੁੱਖ ਵਿਆਜ ਦਰ ਨੂੰ ਪੰਜ ਫੀਸਦੀ ’ਤੇ ਬਰਕਰਾਰ ਰੱਖਿਆ ਹੈ ਕਿਉਂਕਿ ਆਉਣ ਵਾਲੇ ਮੌਰਗੇਜ ਨਵੀਨੀਕਰਨ ਦੀ ਲਹਿਰ ਦਾ ਆਰਥਿਕਤਾ ’ਤੇ ਪ੍ਰਭਾਵ ਪੈਣ ਦੀ ਉਮੀਦ ਹੈ।
ਬੈਂਕ ਆਫ ਕੈਨੇਡਾ ਦੇ ਹਾਲੀਆ ਵਿਆਜ ਦਰਾਂ ’ਤੇ ਫੈਸਲੇ ਅਤੇ ਮੁਦਰਾ ਨੀਤੀ ਰਿਪੋਰਟ ਤੋਂ ਬਾਅਦ ਮੈਕਲੇਮ ਬੁੱਧਵਾਰ ਨੂੰ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਰੋਜਰਸ ਦੇ ਨਾਲ ਸੈਨੇਟ ਕਮੇਟੀ ਦੇ ਸਾਹਮਣੇ ਪੇਸ਼ ਹੋਏ ਸਨ। ਗਵਰਨਰ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਨੇ ਆਪਣੀ ਨੀਤੀਗਤ ਦਰ ਨੂੰ ਬਰਕਰਾਰ ਰੱਖਿਆ ਕਿਉਂਕਿ ਉਹ ਜਾਣਦੇ ਹਨ ਹੈ ਕਿ ਪਿਛਲੀਆਂ ਦਰਾਂ ’ਚ ਵਾਧੇ ਦਾ ਪ੍ਰਭਾਵ ਅਜੇ ਵੀ ਅਰਥਚਾਰੇ ’ਚ ਦਿਖਾਈ ਦੇ ਰਿਹਾ ਹੈ, ਜਿਸ ’ਚ ਮੌਰਗੇਜ ਨਵੀਨੀਕਰਨ ਵੀ ਸ਼ਾਮਲ ਹਨ।
ਮੈਕਲੇਮ ਨੇ ਆਖਿਆ ਕਿ ਬੈਂਕ ਵਲੋਂ ਆਪਣੀ ਨੀਤੀਗਤ ਦਰ ਨੂੰ ਪੰਜ ਪ੍ਰਤੀਸ਼ਤ ਰੱਖਣ ਦਾ ਇੱਕ ਮਹੱਤਵਪੂਰਨ ਕਾਰਨ ਇਹ ਹੈ ਕਿ ਅਸੀਂ ਜਾਣਦੇ ਹਾਂ ਕਿ ਨਵੀਨੀਕਰਨ ਆ ਰਹੇ ਹਨ। ਇਸ ਲਈ ਅਸੀਂ ਜਾਣਦੇ ਹਾਂ ਕਿ ਜੋ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਉਸ ਤੋਂ ਹੋਰ ਬਹੁਤ ਕੁਝ ਆਉਣਾ ਅਜੇ ਬਾਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਮਜ਼ੋਰ ਵਿਕਾਸ ਦੀ ਭਵਿੱਖਬਾਣੀ ਕੀਤੀ ਹੈ।
ਜਿਵੇਂ-ਜਿਵੇਂ ਜ਼ਿਆਦਾ ਲੋਕ ਉੱਚ ਵਿਆਜ ਦਰਾਂ ’ਤੇ ਆਪਣੇ ਮੌਰਗੇਜ ਦਾ ਨਵੀਨੀਕਰਨ ਕਰਦੇ ਹਨ, ਪਰਿਵਾਰਾਂ ’ਤੇ ਦਰਾਂ ’ਚ ਵਾਧੇ ਦਾ ਸਿੱਧੇ ਤੌਰ ’ਤੇ ਦਬਾਅ ਮਹਿਸੂਸ ਹੋਣ ਦੀ ਉਮੀਦ ਹੈ, ਜਿਸ ਨਾਲ ਅਰਥਚਾਰੇ ’ਚ ਹੋਰ ਨਰਮੀ ਆਵੇਗੀ। ਮੈਕਲੇਮ ਦਾ ਕਹਿਣਾ ਹੈ ਕਿ ਬੈਂਕ ਆਫ ਕੈਨੇਡਾ ਦੇਸ਼ ਨੂੰ ਮੰਦੀ ’ਚ ਨਹੀਂ ਧੱਕਣਾ ਚਾਹੁੰਦਾ, ਪਰ ਮਹਿੰਗਾਈ ਨਾਲ ਲੜਨ ਲਈ ਹੌਲੀ ਵਿਕਾਸ ਦੀ ਮਿਆਦ ਜ਼ਰੂਰੀ ਹੈ। ਗਵਰਨਰ ਨੇ ਫਰੈਂਚ ’ਚ ਕਿਹਾ ਕਿ ਅਸੀਂ ਮੰਦੀ ਤੋਂ ਬਚਣਾ ਚਾਹੁੰਦੇ ਹਾਂ।