ਕਹਿਰ : ਕੱਲ੍ਹ ਦੇ ਮੀਂਹ ਅਤੇ ਝੱਖੜ ਨੇ ਪਟਿਆਲੇ ‘ਚ ਇੱਕੋ ਪਰਿਵਾਰ ਦੇ ਚਾਰ ਜੀ ਨਿਗਲੇ

ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਕੱਲ੍ਹ ਸ਼ਾਮ ਆਇਆ ਹਨੇਰੀ ਅਤੇ ਝੱਖੜ ਅਤੇ ਮੀਂਹ ਪਟਿਆਲਾ ਵਿਚ ਘਨੌਰ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਕਾਰਨ ਬਣ ਗਿਆ। ਇੱਥੇ ਕੰਧ ਡਿੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਹੈ। ਮਰਨ ਵਾਲਾ ਇਹ ਪਰਿਵਾਰ ਪ੍ਰਵਾਸੀ ਮਜ਼ਦੂਰਾਂ ਦਾ ਸੀ। ਇਹ ਪਰਿਵਾਰ ਇਕ ਝੌਂਪੜੀ ਵਿਚ ਰਹਿ ਰਿਹਾ ਸੀ ਜਿਸ ਉੱਤੇ ਨਾਲ ਲੱਗਦੀ ਇਮਾਰਤ ਦੀ ਕੰਧ ਡਿੱਗ ਪਈ। ਮਰਨ ਵਾਲਿਆਂ ਵਿਚ 7 ਸਾਲ ਅਤੇ 11 ਸਾਲ ਦੀਆਂ ਦੋ ਬੱਚੀਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਕ 26 ਸਾਲਾ ਨੌਜਵਾਨ ਅਤੇ ਇਕ 60 ਸਾਲਾ ਔਰਤ ਦੀ ਵੀ ਮੌਤ ਹੋਈ ਹੈ।

ਗੌਰਤਲਬ ਹੈ ਕਿ ਬੀਤੀ ਸ਼ਾਮ ਆਏ ਤੂਫਾਨ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਨਾਲ ਪਟਿਆਲਾ ਜ਼ਿਲ੍ਹੇ ਦੇ ਥਾਵਾਂ ’ਤੇ ਬਿਜਲੀ ਗੁੱਲ ਹੋ ਗਈ ਤੇ ਕਈ ਥਾਵਾਂ ਤੇ ਬਿਜਲੀ ਦੇ ਟਰਾਂਸਫਾਰਮਰ ਖੰਬੇ ਅਤੇ ਵੱਡੇ-ਵੱਡੇ ਦਰਖੱਤ ਟੁੱਟ ਗਏ ਹਨ ਜਿਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਵੀ ਠੱਪਹੋ ਗਈ ਹੈ ।