● On air now · ਟੀਵੀ ਪੰਜਾਬ

Punjabi News · Since 2013

Breaking

ਅਮਰੀਕਾ ਨੇ ਕੈਨੇਡੀਅਨ ਭਾਸ਼ਾ ਅਤੇ ਸੱਭਿਆਚਾਰ ਬਾਰੇ ਮੰਗਾਂ ਛੱਡੀਆਂ! CANADA NEWS BULLETIN

VANCOUVER: ਨੇਪਾਲ ਅਤੇ ਚੀਨ ਦੀ ਸਰਹੱਦ ‘ਤੇ ਆਏ ਭਿਆਨਕ ਹੜ੍ਹਾਂ ਕਾਰਨ ਸੈਂਕੜੇ ਸੈਲਾਨੀ ਅਤੇ ਹੋਰ ਲੋਕ ਲਾਪਤਾ ਹੋ ਗਏ ਹਨ। ਓਟਵਾ ਵਿੱਚ ਨੇਪਾਲ ਦੇ ਸਫਾਰਤਖਾਨੇ ਨੇ ਦੱਸਿਆ ਕਿ ਇਨ੍ਹਾਂ ਲਾਪਤਾ ਲੋਕਾਂ ਵਿੱਚ ਘੱਟੋ-ਘੱਟ 25 ਕੈਨੇਡੀਅਨ ਨਾਗਰਿਕ ਵੀ ਸ਼ਾਮਲ ਹਨ ਅਤੇ…


VANCOUVER: ਨੇਪਾਲ ਅਤੇ ਚੀਨ ਦੀ ਸਰਹੱਦ ‘ਤੇ ਆਏ ਭਿਆਨਕ ਹੜ੍ਹਾਂ ਕਾਰਨ ਸੈਂਕੜੇ ਸੈਲਾਨੀ ਅਤੇ ਹੋਰ ਲੋਕ ਲਾਪਤਾ ਹੋ ਗਏ ਹਨ। ਓਟਵਾ ਵਿੱਚ ਨੇਪਾਲ ਦੇ ਸਫਾਰਤਖਾਨੇ ਨੇ ਦੱਸਿਆ ਕਿ ਇਨ੍ਹਾਂ ਲਾਪਤਾ ਲੋਕਾਂ ਵਿੱਚ ਘੱਟੋ-ਘੱਟ 25 ਕੈਨੇਡੀਅਨ ਨਾਗਰਿਕ ਵੀ ਸ਼ਾਮਲ ਹਨ ਅਤੇ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੇਪਾਲੀ ਸਫਾਰਤਖਾਨੇ ਦੇ ਅਧਿਕਾਰੀ ਨਿਤੇਸ਼ ਸਾਪਕੋਟਾ ਅਨੁਸਾਰ ਅਜੇ ਤੱਕ 25 ਕੈਨੇਡੀਅਨ ਨਾਗਰਿਕਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਨੇਪਾਲ ਸਰਕਾਰ ਨੇ ਜ਼ਖ਼ਮੀਆਂ ਦੀ ਭਾਲ, ਬਚਾਅ, ਮੁੜ ਵਸੇਬੇ ਅਤੇ ਇਲਾਜ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਕੈਨੇਡੀਅਨ ਸਰਕਾਰ ਨੇ ਦੇਰ ਰਾਤ ਕਿਹਾ ਕਿ ਉਹ ਉਨ੍ਹਾਂ ਨਾਗਰਿਕਾਂ ਬਾਰੇ ਜਾਣੂ ਹੈ ਜੋ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ, ਪਰ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਕਿਹੋ ਜਿਹੀ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਉਹ ਇਸ ਖੇਤਰ ਵਿੱਚ ਸਥਿਤੀ ਉੱਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਨੇਪਾਲ ਪੁਲਿਸ ਨੇ ਘੱਟੋ-ਘੱਟ 157 ਮੌਤਾਂ ਦੀ ਪੁਸ਼ਟੀ ਕੀਤੀ ਹੈ। ਡਰੋਨ ਦੀਆਂ ਤਸਵੀਰਾਂ ਵਿੱਚ ਤਬਾਹ ਹੋਈਆਂ ਸੜਕਾਂ ਅਤੇ ਮਲਬੇ ਹੇਠ ਦੱਬੀਆਂ ਇਮਾਰਤਾਂ ਨਜ਼ਰ ਆਈਆਂ। ਨੇਪਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 403 ਲੋਕ ਲਾਪਤਾ ਹਨ, ਜਿਨ੍ਹਾਂ ਵਿੱਚ 341 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਸੈਰ-ਸਪਾਟਾ ਬੋਰਡ ਦੇ ਬੁਲਾਰੇ ਸੁਨੀਲ ਸ਼ਰਮਾ ਨੇ ਦੱਸਿਆ ਕਿ ਲਾਪਤਾ ਲੋਕਾਂ ਵਿੱਚ ਭਾਰਤ ਤੋਂ ਕੈਲਾਸ਼ ਪਰਬਤ ਦੀ ਯਾਤਰਾ ‘ਤੇ ਆਏ 133 ਸ਼ਰਧਾਲੂ, ਅਮਰੀਕਾ ਦੇ 47, ਆਸਟ੍ਰੇਲੀਆ ਦੇ 34, ਬ੍ਰਿਟੇਨ ਦੇ 33 ਅਤੇ ਕੈਨੇਡਾ ਦੇ 25 ਨਾਗਰਿਕ ਸ਼ਾਮਲ ਹਨ। ਇਸ ਤੋਂ ਇਲਾਵਾ ਦੱਖਣੀ ਕੋਰੀਆ, ਮਲੇਸ਼ੀਆ ਅਤੇ ਰੂਸ ਦੇ ਨਾਗਰਿਕ ਵੀ ਲਾਪਤਾ ਹਨ। ਗਲੋਬਲ ਅਫੇਅਰਜ਼ ਕੈਨੇਡਾ ਨੇ ਦੱਸਿਆ ਕਿ ਬੁੱਧਵਾਰ ਤੱਕ ਨੇਪਾਲ ਵਿੱਚ 820 ਅਤੇ ਤਿੱਬਤ ਵਿੱਚ 5 ਕੈਨੇਡੀਅਨ ਰਜਿਸਟਰਡ ਸਨ। ਅਧਿਕਾਰੀਆਂ ਨੇ ਨਿਵਾਸੀਆਂ ਨੂੰ ਭੋਤੇਕੋਸ਼ੀ, ਤ੍ਰਿਸ਼ੂਲੀ ਅਤੇ ਨਾਰਾਇਣੀ ਨਦੀਆਂ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਹੜ੍ਹ ਕਾਰਨ ਕਈ ਪਿੰਡ, ਹਾਈਡ੍ਰੋਪਾਵਰ ਪ੍ਰੋਜੈਕਟ ਅਤੇ ਘੱਟੋ-ਘੱਟ 19 ਪੁਲ ਤਬਾਹ ਹੋ ਗਏ ਹਨ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਤਬਾਹੀ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਹਰ ਸੰਭਵ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਅਤੇ ਕਈ ਹੋਰ ਦੇਸ਼ ਵੀ ਰਾਹਤ ਕਾਰਜਾਂ ਵਿੱਚ ਮਦਦ ਲਈ ਅੱਗੇ ਆ ਰਹੇ ਹਨ।

ਅਮਰੀਕਾ ਦੇ ਇੱਕ 50 ਸਾਲਾ ਹਿੰਦੂ ਪੁਜਾਰੀ ਨੂੰ ਕੈਨੇਡਾ ਵਿੱਚ ਇੱਕ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਪੁਜਾਰੀ ਨੇ ਧਾਰਮਿਕ ਪੂਜਾ ਕਰਨ ਦੇ ਬਹਾਨੇ ਮਹਿਲਾ ਦਾ ਸਰੀਰਕ ਸ਼ੋਸ਼ਣ ਕੀਤਾ ਹੈ। ਦੋਸ਼ੀ ਦਾ ਨਾਮ ਰਾਜੇਂਦਰਨਾਥ ਦੂਦਨਾਥ ਮਰਾਜ ਹੈ ਅਤੇ ਉਹ ਨਿਊਯਾਰਕ ਦਾ ਰਹਿਣ ਵਾਲਾ ਹੈ। ਉਸ ਨੂੰ ਓਂਟਾਰੀਓ ਦੇ ਓਸ਼ਾਵਾ ਵਿੱਚ ਇੱਕ ਪਰਿਵਾਰ ਨੇ ਧਾਰਮਿਕ ਪੂਜਾ ਕਰਵਾਉਣ ਲਈ ਬੁਲਾਇਆ ਸੀ। ਡਰਹਮ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਮਹਿਲਾ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਸ ਉੱਤੇ ਬੁਰੀਆਂ ਆਤਮਾਵਾਂ ਦਾ ਸਾਇਆ ਹੈ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਇੱਕ ਖਾਸ ਧਾਰਮਿਕ ਪੂਜਾ ਦੀ ਲੋੜ ਹੈ। ਪੁਲਿਸ ਦੇ ਮੁਤਾਬਕ, ਇਸ ਤੋਂ ਬਾਅਦ ਉਹ ਮਹਿਲਾ ਨੂੰ ਇੱਕ ਨਿੱਜੀ ਜਗ੍ਹਾ ‘ਤੇ ਲੈ ਗਿਆ ਅਤੇ ਪੂਜਾ ਦੇ ਬਹਾਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਜਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਉੱਤੇ ਸਰੀਰਕ ਸ਼ੋਸ਼ਣ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਜ਼ਮਾਨਤ ‘ਤੇ ਸੁਣਵਾਈ ਹੋਣ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ 25 ਅਗਸਤ 2026 ਨੂੰ, ਈਸਟ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਹਾਰਮਨੀ ਰੋਡ ਨਾਰਥ ਅਤੇ ਕੌਨਲਿਨ ਰੋਡ ਈਸਟ ਇਲਾਕੇ ਵਿੱਚ ਸਰੀਰਕ ਸ਼ੋਸ਼ਣ ਦੀ ਇੱਕ ਘਟਨਾ ਬਾਰੇ ਸੂਚਨਾ ਮਿਲੀ ਸੀ। ਪੀੜਤਾ ਅਤੇ ਉਸ ਦੇ ਪਰਿਵਾਰ ਨੇ ਅਮਰੀਕਾ ਤੋਂ ਇੱਕ ਹਿੰਦੂ ਪੰਡਿਤ ਨੂੰ ਧਾਰਮਿਕ ਪੂਜਾ ਕਰਨ ਲਈ ਬੁਲਾਇਆ ਸੀ। ਪੰਡਿਤ ਨੇ ਪੀੜਤਾ ਨੂੰ ਇਹ ਝਾਂਸਾ ਦਿੱਤਾ ਕਿ ਉਸ ਉੱਤੇ ਬੁਰੀਆਂ ਆਤਮਾਵਾਂ ਦਾ ਸਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਪੀੜਤ ਮਹਿਲਾਵਾਂ ਹੋ ਸਕਦੀਆਂ ਹਨ। ਜਿਸ ਕਿਸੇ ਕੋਲ ਵੀ ਇਸ ਸਰੀਰਕ ਸ਼ੋਸ਼ਣ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ ਘਟਨਾ ਨਾਲ ਜੁੜੀ ਕੋਈ ਵੀ ਜਾਣਕਾਰੀ ਹੈ, ਉਸ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

ਐਬਟਸਫੋਰਡ ਪੁਲਿਸ ਨੇ ਲੰਬੇ ਸਮੇਂ ਤੋਂ ਲਾਪਤਾ ਭਾਰਤੀ ਔਰਤ ਸੋਨਮ ਰਮੋਲਾ ਦੀ ਲਾਸ਼ ਬਰਾਮਦ ਕੀਤੀ ਹੈ। ਰਮੋਲਾ ਦੇ ਪਰਿਵਾਰ ਨੇ ਦਸੰਬਰ 2025 ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਸੀ। ਐਬਟਸਫੋਰਡ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸੋਨਮ ਰਮੋਲਾ ਨੂੰ ਮ੍ਰਿਤਕ ਹਾਲਤ ਵਿੱਚ ਲੱਭ ਲਿਆ ਗਿਆ ਹੈ। ਸੋਨਮ ਇੱਕ ਕਾਲੇ ਰੰਗ ਦੀ ਹੁੰਡਈ ਇਲਾਂਤਰਾ ‘ਚ ਸਵਾਰ ਹੋਕੇ ਘਰੋਂ ਨਿਕਲੀ ਸੀ। ਉਸ ਦੀ ਕਾਰ 17 ਦਸੰਬਰ 2025 ਨੂੰ ਰਾਤ 9 ਵਜੇ ਤੋਂ ਕੁਝ ਸਮਾਂ ਪਹਿਲਾਂ ਮਿਸ਼ਨ ਬ੍ਰਿਜ ਦੇ ਹੇਠਾਂ ਟਾਲ ਰੋਡ ਅਤੇ ਰਿਵਰਸਾਈਡ ਸਟ੍ਰੀਟ ਕੋਲ ਖੜ੍ਹੀ ਮਿਲੀ ਸੀ। ਸੈਂਟਰਲ ਫਰੇਜ਼ਰ ਵੈਲੀ ਸਰਚ ਐਂਡ ਰੈਸਕਿਊ ਟੀਮ ਨੂੰ ਉਸ ਇਲਾਕੇ ਵਿੱਚ ਭੇਜਿਆ ਗਿਆ ਸੀ ਅਤੇ ਉਨ੍ਹਾਂ ਨੇ ਰਲ ਕੇ ਭਾਲ ਕੀਤੀ, ਪਰ ਕੁਝ ਪਤਾ ਨਹੀਂ ਲੱਗ ਸਕਿਆ। ਐਬਟਸਫੋਰਡ ਪੁਲਿਸ ਨੇ ਆਖ਼ਿਰਕਾਰ 26 ਅਗਸਤ ਨੂੰ ਉਸਦੀ ਮ੍ਰਿਤਕ ਦੇਹ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਐਬਟਸਫੋਰਡ ਪੁਲਿਸ ਵਿਭਾਗ ਦੇ ਮੀਡੀਆ ਸਬੰਧੀ ਅਧਿਕਾਰੀ ਸਾਰਜੈਂਟ ਪੌਲ ਵਾਕਰ ਮੁਤਾਬਕ ਉਹ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸੋਨਮ ਰਮੋਲਾ ਦੀ ਮੌਤ ਦੇ ਹਾਲਾਤ ਸ਼ੱਕੀ ਨਹੀਂ ਮੰਨੇ ਜਾ ਰਹੇ। ਉਨ੍ਹਾਂ ਨੇ ਸੋਨਮ ਦੇ ਪਰਿਵਾਰ, ਦੋਸਤਾਂ ਅਤੇ ਇਸ ਘਟਨਾ ਤੋਂ ਪ੍ਰਭਾਵਿਤ ਹੋਣ ਵਾਲੇ ਸਾਰੇ ਲੋਕਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

ਵਪਾਰ ਮੰਤਰੀ ਡੋਮਿਨਿਕ ਲੈਬਲੈਂਕ ਨੇ ਵੀਰਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਕੈਨੇਡੀਅਨ ਕੰਟੈਂਟ ਦੀ ਪਛਾਣ ਅਤੇ ਦੋ ਭਾਸ਼ਾਵਾਂ ਵਾਲੇ ਲੇਬਲਿੰਗ ਦੇ ਮੁੱਦੇ ‘ਤੇ ਆਪਣਾ ਸਟੈਂਡ ਬਦਲ ਲਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਇਸ ਫੈਸਲੇ ਦਾ ਸਵਾਗਤ ਕਰਦਾ ਹੈ। ਅਮਰੀਕਾ ਨੇ ਭਰੋਸਾ ਦਿੱਤਾ ਹੈ ਕਿ ਫਰੈਂਚ ਭਾਸ਼ਾ ਅਤੇ ਕੈਨੇਡੀਅਨ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਕਦਮਾਂ ਖਿਲਾਫ ਭਵਿੱਖ ਵਿੱਚ ਕੋਈ ਵਪਾਰਕ ਕਾਰਵਾਈ ਨਹੀਂ ਕੀਤੀ ਜਾਵੇਗੀ। ਕੈਨੇਡਾ ਨੂੰ ਉਮੀਦ ਹੈ ਕਿ ਹੋਰ ਮੁੱਦਿਆਂ ‘ਤੇ ਵੀ ਅਮਰੀਕਾ ਆਪਣੀ ਸਥਿਤੀ ਸਪੱਸ਼ਟ ਕਰੇਗਾ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਫਾਇਦੇ ਵਾਲਾ ਅਜਿਹਾ ਸਮਝੌਤਾ ਹੋ ਸਕੇ, ਜੋ ਕੈਨੇਡਾ ਦੀ ਪ੍ਰਭੂਸੱਤਾ ਦਾ ਸਨਮਾਨ ਕਰੇ। ਇਸ ਤੋਂ ਪਹਿਲਾਂ, ਗੱਲਬਾਤ ਟੁੱਟਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਆਖਰੀ ਮਿੰਟ ‘ਤੇ ਸਟ੍ਰੀਮਿੰਗ ਪਲੇਟਫਾਰਮਾਂ ‘ਤੇ ਕੈਨੇਡੀਅਨ ਕੰਟੈਂਟ ਅਤੇ ਦੋ ਭਾਸ਼ਾਵਾਂ ਵਾਲੇ ਲੇਬਲਾਂ ਬਾਰੇ ਰੱਖੀਆਂ ਸ਼ਰਤਾਂ ਕਾਰਨ ਸਮਝੌਤਾ ਨਹੀਂ ਹੋ ਸਕਿਆ। ਪਰ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ ਕਿ ਉਹ ਕਦੇ ਵੀ ਫਰੈਂਚ ਬੋਲਣ ਵਾਲੇ ਕੈਨੇਡੀਅਨ ਲੋਕਾਂ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਣਗੇ। ਉਨ੍ਹਾਂ ਨੇ ਕਾਰਨੀ ਨੂੰ ਕਮਜ਼ੋਰ ਦੱਸਦੇ ਹੋਏ ਕਿਹਾ ਕਿ ਇਹ ਝੂਠ ਕਿਊਬਿਕ ਦੇ ਲੋਕਾਂ ਦਾ ਸਿਆਸੀ ਸਮਰਥਨ ਹਾਸਲ ਕਰਨ ਲਈ ਬੋਲਿਆ ਗਿਆ ਸੀ। ਇਸ ਦੌਰਾਨ, ਕੈਨੇਡੀਅਨ ਕਾਰੋਬਾਰ ਟਰੰਪ ਵੱਲੋਂ ਲਾਏ ਗਏ ਨਵੇਂ ਟੈਕਸਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਕੈਨੇਡਾ ਸਰਕਾਰ ਦੀ ਜਵਾਬੀ ਕਾਰਵਾਈ ਦੇ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ। ਵਿੱਤ ਵਿਭਾਗ ਨੇ ਬੁੱਧਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਹ ਕੈਨੇਡੀਅਨ ਉਦਯੋਗਾਂ ਦੇ ਸੁਝਾਵਾਂ ਤੋਂ ਬਾਅਦ ਜਵਾਬੀ ਟੈਕਸਾਂ ਦੀ ਸੂਚੀ ਵਿੱਚ ਕੁਝ ਬਦਲਾਅ ਕਰ ਰਹੇ ਹਨ। ਕੈਨੇਡਾ ਵੱਲੋਂ ਮੰਗਲਵਾਰ ਨੂੰ ਐਲਾਨੇ ਗਏ ਜਵਾਬੀ ਕਦਮਾਂ ਵਿੱਚ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ‘ਤੇ ਟੈਕਸ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਕੱਪੜੇ, ਘਰੇਲੂ ਉਪਕਰਣਾਂ ਅਤੇ ਡੇਅਰੀ ਉਤਪਾਦਾਂ ਸਮੇਤ ਸੈਂਕੜੇ ਹੋਰ ਅਮਰੀਕੀ ਬਰਾਮਦਾਂ ‘ਤੇ ਵੀ 15 ਤੋਂ 50 ਫੀਸਦੀ ਤੱਕ ਟੈਕਸ ਲਗਾਇਆ ਜਾਵੇਗਾ। ਹਾਲਾਂਕਿ, ਆਰਥਿਕ ਨੁਕਸਾਨ ਤੋਂ ਬਚਣ ਲਈ ਸਮੁੰਦਰੀ ਭੋਜਨ ਅਤੇ ਮੱਛੀ ਉਤਪਾਦਾਂ ਨੂੰ ਇਸ ਟੈਕਸ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ। ਦੂਜੇ ਪਾਸੇ, ਸੰਯੁਕਤ ਰਾਜ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨੇ ਕਈ ਵਾਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ ਕੋਈ ਹੋਰ ਜਵਾਬੀ ਕਾਰਵਾਈ ਕਰਦਾ ਹੈ, ਤਾਂ ਟਰੰਪ ਪ੍ਰਸ਼ਾਸਨ ਚੁੱਪ ਕਰਕੇ ਨਹੀਂ ਬੈਠੇਗਾ ਅਤੇ ਇਸ ਦਾ ਸਖ਼ਤ ਜਵਾਬ ਦੇਵੇਗਾ।

ਫੈਡਰਲ ਸਰਕਾਰ ਨੇ ਕੈਨੇਡੀਅਨ ਫੌਜ ਲਈ ਨਵੇਂ ਡਰੋਨ ਖਰੀਦਣ ਵਾਸਤੇ ਇੱਕ ਛੋਟੀ ਜਿਹੀ ਸੂਚੀ ਤਿਆਰ ਕੀਤੀ ਹੈ। ਇਸ ਵਿੱਚ ਜ਼ਮੀਨੀ ਅਤੇ ਹਵਾਈ ਡਰੋਨ ਸ਼ਾਮਲ ਹਨ, ਜੋ ਫੌਜੀਆਂ ਤੱਕ ਸਾਮਾਨ ਅਤੇ ਗੋਲਾ-ਬਾਰੂਦ ਪਹੁੰਚਾ ਸਕਣ। ਸਰਕਾਰ ਨੂੰ ਅਜਿਹੇ ਹਵਾਈ ਨਿਗਰਾਨੀ ਡਰੋਨਾਂ ਦੀ ਵੀ ਤਲਾਸ਼ ਹੈ, ਜੋ ਖਾਸ ਤੌਰ ‘ਤੇ ਆਰਕਟਿਕ ਦੇ ਬਹੁਤ ਜ਼ਿਆਦਾ ਠੰਢੇ ਮੌਸਮ ਵਿੱਚ ਕੰਮ ਕਰ ਸਕਣ। ਸਰਕਾਰ ਨੇ ਫੌਜ ਦੇ ‘ਮਿਨਰਵਾ’ ਪ੍ਰੋਗਰਾਮ ਤਹਿਤ ਪੰਜ ਟੈਂਡਰ ਜਾਰੀ ਕੀਤੇ ਹਨ। ਇਸ ਪ੍ਰੋਗਰਾਮ ਦਾ ਮਕਸਦ ਫੌਜੀ ਕੰਮਕਾਜ ਵਿੱਚ ਡਰੋਨਾਂ ਨੂੰ ਸ਼ਾਮਲ ਕਰਨਾ ਹੈ। ਇੱਕ ਟੈਂਡਰ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਫੌਜ ਦੇ ਜਵਾਨਾਂ ਨੂੰ ਭਵਿੱਖ ਵਿੱਚ ਬਹੁਤ ਮੁਸ਼ਕਿਲ ਅਤੇ ਖ਼ਤਰਨਾਕ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੁਸ਼ਕਿਲ ਦਾ ਇੱਕ ਵੱਡਾ ਕਾਰਨ ਆਧੁਨਿਕ ਹਥਿਆਰ ਅਤੇ ਸੈਂਸਰ ਹਨ, ਜੋ ਫੌਜ ਨੂੰ ਬਿਨਾਂ ਕਿਸੇ ਖ਼ਤਰੇ ਦੇ ਜਾਸੂਸੀ ਜਾਂ ਨਿਗਰਾਨੀ ਕਰਨ ਤੋਂ ਰੋਕਦੇ ਹਨ। ਕੈਨੇਡੀਅਨ ਗਲੋਬਲ ਅਫੇਅਰਜ਼ ਇੰਸਟੀਚਿਊਟ ਦੇ ਸੀਨੀਅਰ ਖੋਜਕਾਰ ਅਲੈਗਜ਼ੈਂਡਰ ਸਾਲਟ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਡਰੋਨ ਤਕਨੀਕ ਨੂੰ ਅਪਣਾਉਣ ਲਈ ਇਹ ਪਹਿਲਾ ਕਦਮ ਬਹੁਤ ਵਧੀਆ ਹੈ। ਯੂਕਰੇਨ ਜੰਗ ਵਿੱਚ ਦੇਖਿਆ ਗਿਆ ਹੈ ਕਿ ਸਪਲਾਈ ਚੈਨ ਕਿੰਨੀ ਕਮਜ਼ੋਰ ਹੋ ਸਕਦੀ ਹੈ। ਰੂਸੀ ਡਰੋਨ ਫੌਜੀ ਕਾਫ਼ਲਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਜੇਕਰ ਅਸੀਂ ਸਾਮਾਨ ਪਹੁੰਚਾਉਣ ਲਈ ਇਨਸਾਨਾਂ ਦੀ ਬਜਾਏ ਰੋਬੋਟਿਕਸ ਜਾਂ ਡਰੋਨਾਂ ਦੀ ਵਰਤੋਂ ਕਰੀਏ, ਤਾਂ ਜਾਨੀ ਨੁਕਸਾਨ ਦਾ ਖ਼ਤਰਾ ਕਾਫ਼ੀ ਘੱਟ ਹੋ ਜਾਂਦਾ ਹੈ। ਯੂਕਰੇਨ ਜੰਗ ਨੇ ਦਿਖਾ ਦਿੱਤਾ ਹੈ ਕਿ ਜੰਗ ਦੇ ਮੈਦਾਨ ਵਿੱਚ ਡਰੋਨ ਕਿੰਨੇ ਜ਼ਰੂਰੀ ਹਨ। ਇਸ ਮਾਮਲੇ ਵਿੱਚ ਕੈਨੇਡਾ ਦੀ ਫੌਜ ਹੁਣ ਤੱਕ ਪਿੱਛੇ ਰਹੀ ਹੈ, ਪਰ ਹੁਣ ਇਸ ਪਾੜੇ ਨੂੰ ਪੂਰਾ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਰਕਾਰ ਘਰੇਲੂ ਕੰਪਨੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਕੈਨੇਡਾ ਵਿੱਚ ਹੀ ਡਰੋਨ ਤਿਆਰ ਕੀਤੇ ਜਾ ਸਕਣ। ਲਿਬਰਲ ਸਰਕਾਰ ਦੀ ਰੱਖਿਆ ਰਣਨੀਤੀ ਵੀ ਆਪਣੇ ਦੇਸ਼ ਵਿੱਚ ਹੀ ਆਟੋਨੋਮਸ ਸਿਸਟਮ ਬਣਾਉਣ ਉੱਤੇ ਜ਼ੋਰ ਦਿੰਦੀ ਹੈ। ਸਰਕਾਰ ਵੱਲੋਂ ਜਾਰੀ ਦਸਤਾਵੇਜ਼ਾਂ ਮੁਤਾਬਕ ਅਜਿਹੇ ਡਰੋਨ ਵੀ ਲੱਭੇ ਜਾ ਰਹੇ ਹਨ, ਜੋ ਔਖੇ ਇਲਾਕਿਆਂ ਵਿੱਚ ਆਸਾਨੀ ਨਾਲ ਚੱਲ ਸਕਣ। ਇਨ੍ਹਾਂ ਸਾਰੇ ਡਰੋਨਾਂ ਦੇ ਪ੍ਰੋਟੋਟਾਈਪ ਅਲਬਰਟਾ ਦੇ ਸੁਫੀਲਡ ਵਿਖੇ ਪਰਖੇ ਜਾਣਗੇ। ਸੀ.ਐੱਫ.ਬੀ. ਸੁਫੀਲਡ ਦਾ 2,700 ਵਰਗ ਕਿਲੋਮੀਟਰ ਵਿੱਚ ਫੈਲਿਆ ਇਲਾਕਾ ਡਰੋਨਾਂ ਦੀ ਜਾਂਚ ਲਈ ਇੱਕ ਵੱਡਾ ਕੇਂਦਰ ਬਣਨ ਜਾ ਰਿਹਾ ਹੈ। ਇੱਥੇ ਬ੍ਰਿਟਿਸ਼ ਫੌਜ ਵੀ ਆਪਣੇ ਡਰੋਨਾਂ ਦੀ ਜਾਂਚ ਕਰੇਗੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਕੈਨੇਡਾ ਦੀ ਕੋਈ ਲੋੜ ਨਹੀਂ ਹੈ। ਪਰ ਅਮਰੀਕਾ ਦੀ ਅਸਲ ਆਰਥਿਕਤਾ ਅਤੇ ਅੰਕੜੇ ਇਸ ਤੋਂ ਬਿਲਕੁਲ ਉਲਟ ਹਕੀਕਤ ਬਿਆਨ ਕਰਦੇ ਹਨ। ਹਰ ਰੋਜ਼ ਲਗਭਗ 4 ਮਿਲੀਅਨ ਬੈਰਲ ਕੈਨੇਡੀਅਨ ਕੱਚਾ ਤੇਲ ਅਮਰੀਕਾ ਜਾਂਦਾ ਹੈ, ਜੋ ਉੱਥੋਂ ਦੀਆਂ ਗੱਡੀਆਂ, ਟਰੱਕਾਂ, ਹਵਾਈ ਜਹਾਜ਼ਾਂ ਅਤੇ ਉਦਯੋਗਾਂ ਨੂੰ ਚਲਾਉਣ ਵਿੱਚ ਮਦਦ ਕਰਦਾ ਹੈ। ਤੇਲ ਤੋਂ ਇਲਾਵਾ ਕੈਨੇਡਾ ਅਮਰੀਕਾ ਨੂੰ ਅਲੁਮੀਨੀਅਮ, ਖਾਦ ਅਤੇ ਆਟੋਮੋਬਾਈਲ ਉਦਯੋਗ ਲਈ ਕਾਰਾਂ ਦੇ ਪਾਰਟਸ ਵੀ ਸਪਲਾਈ ਕਰਦਾ ਹੈ। ਡੋਨਾਲਡ ਟਰੰਪ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਕਿ ਸਾਨੂੰ ਕੈਨੇਡਾ ਦੀ ਕੋੜ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਾਡੀ ਲੋੜ ਹੈ। ਇਸ ਦੇ ਬਾਵਜੂਦ, ਟਰੰਪ ਨੇ ਕੈਨੇਡੀਅਨ ਅਲੁਮੀਨੀਅਮ ਉੱਤੇ 50% ਟੈਰਿਫ ਲਗਾ ਦਿੱਤਾ ਹੈ, ਜਦੋਂ ਕਿ ਇਹ ਵੀ ਮੰਨਿਆ ਕਿ ਅਮਰੀਕਾ ਨੂੰ ਇਸ ਧਾਤ ਦੀ ਬਹੁਤ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਅਲੁਮੀਨੀਅਮ ਨਹੀਂ ਹੈ ਅਤੇ ਉਹ ਇਸ ਨੂੰ ਮੁੱਖ ਤੌਰ ‘ਤੇ ਕੈਨੇਡਾ ਤੋਂ ਹੀ ਮੰਗਵਾਉਂਦਾ ਹੈ। ਇਹ ਵਿਰੋਧਾਭਾਸ ਦੱਸਦਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਆਪਸੀ ਆਰਥਿਕਤਾਵਾਂ ਕਿੰਨੇ ਗੂੜ੍ਹੇ ਤੌਰ ‘ਤੇ ਆਪਸ ਵਿੱਚ ਜੁੜੀਆਂ ਹੋਈਆਂ ਹਨ। ਕੈਨੇਡਾ ਮੈਕਸੀਕੋ ਤੋਂ ਬਾਅਦ ਅਮਰੀਕਾ ਦਾ ਦੂਜਾੂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਅਤੇ ਊਰਜਾ ਇਸ ਰਿਸ਼ਤੇ ਦਾ ਮੁੱਖ ਆਧਾਰ ਹੈ। ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਡੈਨੀਅਲ ਬੇਲੈਂਡ ਨੇ ਕਿਹਾ ਕਿ ਟਰੰਪ ਦਾ ਇਹ ਦਾਅਵਾ ਕਿ ਅਮਰੀਕਾ ਨੂੰ ਕੈਨੇਡਾ ਦੀ ਲੋੜ ਨਹੀਂ, “ਬਿਲਕੁਲ ਗਲਤ” ਹੈ। ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ, ਅਮਰੀਕਾ ਨੇ ਕੈਨੇਡਾ ਦੇ ਕਈ ਉਤਪਾਦਾਂ ‘ਤੇ 50% ਟੈਕਸ ਲਗਾ ਦਿੱਤੇ ਹਨ। ਜਵਾਬ ਵਿੱਚ, ਕੈਨੇਡਾ ਨੇ ਵੀ ‘ਡਾਲਰ ਟੂ ਡਾਲਰ’ ਟੈਰਿਫ ਲਗਾਉਣ ਦੀ ਗੱਲ ਕਹੀ ਹੈ। ਅਮਰੀਕੀ ਕਿਸਾਨ ਖਾਦ ਲਈ ਕੈਨੇਡਾ ‘ਤੇ ਬਹੁਤ ਜ਼ਿਆਦਾ ਨਿਰਭਰ ਹਨ, ਕਿਉਂਕਿ ਅਮਰੀਕਾ ਵਿੱਚ ਆਉਣ ਵਾਲੀ ਕੁੱਲ ਖਾਦ ਦਾ 80% ਤੋਂ ਵੱਧ ਹਿੱਸਾ ਕੈਨੇਡਾ ਤੋਂ ਆਉਂਦਾ ਹੈ। ਇਸ ਤੋਂ ਇਲਾਵਾ, ਕੈਨੇਡਾ ਅਤੇ ਅਮਰੀਕਾ ਦਾ ਕਾਰ ਉਦਯੋਗ ਵੀ ਰਲ ਕੇ ਕੰਮ ਕਰਦਾ ਹੈ ਜਿੱਥੇ ਵਾਹਨਾਂ ਦੇ ਪਾਰਟਸ ਸਰਹੱਦੋਂ ਪਾਰ ਆਉਂਦੇ-ਜਾਂਦੇ ਰਹਿੰਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਕੈਨੇਡਾ ਇੱਕ-ਦੂਜੇ ਤੋਂ ਬਿਨਾਂ ਅਧੂਰੇ ਹਨ ਅਤੇ ਵਪਾਰਕ ਜੰਗ ਦੋਵਾਂ ਦੇਸ਼ਾਂ ਦੀ ਆਰਥਿਕਤਾ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਨੁਸਾਰ ਉਹ ਚਾਹੁੰਦੇ ਹਨ ਕਿ ਕੈਨੇਡਾ ਅਮਰੀਕੀ ਅਧਿਕਾਰੀਆਂ ਨਾਲ ਕੂਟਨੀਤਕ ਯਤਨਾਂ ਨੂੰ ਹੋਰ ਮਜ਼ਬੂਤ ਕਰੇ ਤਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਵਪਾਰਕ ਜੰਗ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ। ਪ੍ਰੀਮੀਅਰ ਨੇ ਵਿਰੋਧੀ ਧਿਰ ਅਤੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਸਮੇਤ ਹੋਰਨਾਂ ਲੋਕਾਂ ਦੀ ਉਸ ਮੰਗ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਅਲਬਰਟਾ ਦੇ ਊਰਜਾ ਨਿਰਯਾਤ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਤੇਲ ਦੀ ਸਪਲਾਈ ਰੋਕਣਾ ਜਾਂ ਇਸ ਉੱਤੇ ਟੈਕਸ ਲਗਾਉਣਾ ਸਭ ਤੋਂ ਵੱਡਾ ਤਬਾਹਕੁਨ ਫੈਸਲਾ ਹੋਵੇਗਾ। ਸਮਿਥ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੈਨੇਡਾ ਰੋਜ਼ਾਨਾ ਅਮਰੀਕਾ ਭੇਜੇ ਜਾਂਦੇ 4 ਮਿਲੀਅਨ ਬੈਰਲ ਤੇਲ ‘ਤੇ 50% ਟੈਕਸ ਲਗਾਉਂਦਾ ਹੈ, ਤਾਂ ਅਮਰੀਕਾ ਵੀ ਜਵਾਬ ਵਿੱਚ ਕੈਨੇਡਾ ਦੇ ਸਾਰੇ ਤੇਲ ਅਤੇ ਗੈਸ ਉਤਪਾਦਾਂ ‘ਤੇ 50 ਤੋਂ 100 ਪ੍ਰਤੀਸ਼ਤ ਤੱਕ ਜਵਾਬੀ ਟੈਕਸ ਲਗਾ ਦੇਵੇਗਾ। ਇਸ ਨਾਲ ਘੱਟੋ-ਘੱਟ ਪੰਜ ਲੱਖ ਲੋਕਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ। ਪ੍ਰੀਮੀਅਰ ਨੇ ਕਿਹਾ ਕਿ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰਨ ਨਾਲ ਹਾਲਾਤ ਹੋਰ ਵੀ ਵਿਗੜ ਜਾਣਗੇ, ਕਿਉਂਕਿ ਅਮਰੀਕਾ ਵੀ ਸਰਦੀਆਂ ਦੇ ਮੌਸਮ ਵਿੱਚ ਕੈਨੇਡਾ ਦੇ ਪੂਰਬੀ ਹਿੱਸਿਆਂ ਓਂਟਾਰੀਓ ਅਤੇ ਕਿਊਬੈਕ ਨੂੰ ਗੈਸੋਲੀਨ ਅਤੇ ਡੀਜ਼ਲ ਦੀ ਸਪਲਾਈ ਰੋਕ ਸਕਦਾ ਹੈ। ਸਮਿਥ ਦਾ ਮੰਨਣਾ ਹੈ ਕਿ ਕੈਨੇਡਾ ਤਾਕਤ ਦੇ ਜ਼ੋਰ ‘ਤੇ ਇਸ ਵਿਵਾਦ ਨੂੰ ਨਹੀਂ ਜਿੱਤ ਸਕਦਾ। ਸਾਨੂੰ ਸਮਝਦਾਰੀ, ਸਬਰ ਅਤੇ ਰਣਨੀਤੀ ਨਾਲ ਕੰਮ ਲੈਣਾ ਪਵੇਗਾ। ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਮੱਧ-ਕਾਲੀ ਚੋਣਾਂ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕੀ ਸੰਸਦ ਮੈਂਬਰਾਂ ਨਾਲ ਗੱਲਬਾਤ ਵਧਾਉਣੀ ਚਾਹੀਦੀ ਹੈ ਤਾਂ ਜੋ ਇਹ ਸਮਝਾਇਆ ਜਾ ਸਕੇ ਕਿ ਟੈਕਸ ਕਿੰਨੇ ਨੁਕਸਾਨਦੇਹ ਹਨ। ਉੱਧਰ, ਵਿਰੋਧੀ ਧਿਰ ਦੇ ਆਗੂ ਨਾਹਿਦ ਨੇਂਸ਼ੀ ਨੇ ਸਮਿਥ ਦੀ ਰਣਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕੀਆਂ ਨਾਲ ਨਰਮੀ ਵਰਤਣਾ ਕੋਈ ਹੱਲ ਨਹੀਂ ਹੈ, ਸਗੋਂ ਸਖ਼ਤ ਫੈਸਲੇ ਲੈਣ ਦਾ ਸਮਾਂ ਆ ਗਿਆ ਹੈ। ਅਲਬਰਟਾ ਦੀ ਸਰਕਾਰ ਨੇ ਵਪਾਰਕ ਸੰਕਟ ਨਾਲ ਨਜਿੱਠਣ ਲਈ ਨਵੀਆਂ ਕਮੇਟੀਆਂ ਬਣਾਈਆਂ ਹਨ ਅਤੇ ਕਾਰੋਬਾਰਾਂ ਲਈ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਤਾਂ ਜੋ ਪ੍ਰਭਾਵਿਤ ਕੰਪਨੀਆਂ ਆਪਣੀ ਮੁਸ਼ਕਿਲ ਸਾਂਝੀ ਕਰ ਸਕਣ। ਪ੍ਰੀਮੀਅਰ ਨੇ ਕੈਨੇਡੀਅਨ ਕਾਰੋਬਾਰਾਂ ਦੀ ਰੱਖਿਆ ਲਈ ਓਟਵਾ ਅਤੇ ਹੋਰਨਾਂ ਸੂਬਿਆਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ ਹੈ।

ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ ਨੇ ਅਮਰੀਕੀ ਸ਼ਰਾਬ ਉੱਤੇ 50 ਪ੍ਰਤੀਸ਼ਤ ਦੇ ਜਵਾਬੀ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਪ੍ਰਿੰਸ ਐਲਬਰਟ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਨਵੇਂ ਟੈਕਸ 8 ਸਤੰਬਰ ਤੋਂ ਲਾਗੂ ਹੋਣਗੇ। ਅਮਰੀਕਾ ਨੇ ਪਹਿਲਾਂ ਹੀ 22 ਅਗਸਤ ਨੂੰ ਕੈਨੇਡੀਅਨ ਸ਼ਰਾਬ ਉੱਤੇ 50 ਪ੍ਰਤੀਸ਼ਤ ਟੈਕਸ ਲਗਾ ਦਿੱਤਾ ਸੀ। ਹਾਲਾਂਕਿ, ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਅਜੇ ਸਟੋਰਾਂ ਵਿੱਚੋਂ ਅਮਰੀਕੀ ਸ਼ਰਾਬ ਨੂੰ ਹਟਾਉਣ ਬਾਰੇ ਨਹੀਂ ਸੋਚ ਰਹੀ ਹੈ, ਸਗੋਂ ਇਹ ਫੈਸਲਾ ਗਾਹਕਾਂ ‘ਤੇ ਛੱਡ ਦਿੱਤਾ ਗਿਆ ਹੈ ਕਿ ਉਹ ਅਮਰੀਕੀ ਉਤਪਾਦ ਖਰੀਦਣਾ ਚਾਹੁੰਦੇ ਹਨ ਜਾਂ ਨਹੀਂ। ਮੋਏ ਨੇ ਕਿਹਾ ਕਿ ਸਸਕੈਚਵਨ ਸਰਕਾਰ ਕੇਂਦਰੀ ਸਰਕਾਰ ਦੇ ਉਸ ਫੈਸਲੇ ਦਾ ਪੂਰਾ ਸਮਰਥਨ ਕਰਦੀ ਹੈ ਜਿਸ ਵਿੱਚ ਅਮਰੀਕੀ ਦਰਾਮਦਾਂ ਉੱਤੇ ਨਿਸ਼ਾਨਾ ਬਣਾ ਕੇ ਟੈਕਸ ਲਗਾਏ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਮਰੀਕਾ ਅੰਤਰਰਾਸ਼ਟਰੀ ਵਪਾਰ ਸਮਝੌਤਿਆਂ ਦੀ ਉਲੰਘਣਾ ਕਰ ਰਿਹਾ ਹੈ, ਜੋ ਕਿ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ। ਨਵੇਂ ਜਵਾਬੀ ਟੈਕਸਾਂ ਵਿੱਚ ਅਮਰੀਕਾ ਤੋਂ ਆਉਣ ਵਾਲੇ ਲਗਭਗ 1.5 ਬਿਲੀਅਨ ਡਾਲਰ ਦੇ ਸਾਲਾਨਾ ਉਤਪਾਦ ਸ਼ਾਮਲ ਹਨ। ਸੂਬਾ ਸਰਕਾਰ ਪ੍ਰਭਾਵਿਤ ਉਦਯੋਗਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਨੌਕਰੀਆਂ ਅਤੇ ਖਪਤਕਾਰਾਂ ਦੀਆਂ ਕੀਮਤਾਂ ‘ਤੇ ਪੈਣ ਵਾਲੇ ਅਸਰ ਦਾ ਜਾਇਜ਼ਾ ਲਿਆ ਜਾ ਸਕੇ। ਪ੍ਰੀਮੀਅਰ ਨੇ ਸਾਫ਼ ਕਰ ਦਿੱਤਾ ਕਿ ਕੈਨੇਡਾ ਆਪਣੇ ਕੁਦਰਤੀ ਸਰੋਤਾਂ ਜਿਵੇਂ ਕਿ ਤੇਲ ਅਤੇ ਪੋਟਾਸ਼ ਉੱਤੇ ਕੋਈ ਬਰਾਮਦ ਟੈਕਸ ਨਹੀਂ ਲਗਾਏਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਤੇਲ ਦੀ ਬਰਾਮਦ ਉੱਤੇ ਟੈਕਸ ਲਗਾਉਣ ਨਾਲ ਕੈਨੇਡਾ ਅਤੇ ਖਾਸ ਕਰਕੇ ਪੂਰਬੀ ਕੈਨੇਡਾ ਦੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ ਅਤੇ ਨੌਕਰੀਆਂ ਖ਼ਤਰੇ ਵਿੱਚ ਪੈ ਜਾਣਗੀਆਂ। ਇਸੇ ਤਰ੍ਹਾਂ, ਪੋਟਾਸ਼ ਉੱਤੇ ਟੈਕਸ ਲਗਾਉਣ ਨਾਲ ਪੂਰੀ ਦੁਨੀਆ ਵਿੱਚ ਖਾਦਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਜਾਣਗੀਆਂ। ਇਸ ਵਪਾਰਕ ਤਣਾਅ ਦੌਰਾਨ ਸਟੀਲ, ਅਲਮੀਨੀਅਮ ਅਤੇ ਖੇਤੀਬਾੜੀ ਉਪਕਰਣਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਕਿਸਾਨਾਂ ਨੂੰ ਮਸ਼ੀਨਰੀ ਅਤੇ ਪਾਰਟਸ ਲਈ ਮਹਿੰਗੇ ਭੁਗਤਾਨ ਕਰਨੇ ਪੈ ਸਕਦੇ ਹਨ। ਪ੍ਰੀਮੀਅਰ ਮੋਏ ਨੇ ਅੰਤ ਵਿੱਚ ਕਿਹਾ ਕਿ ਸਾਡਾ ਅੰਤਮ ਟੀਚਾ ਅਮਰੀਕਾ ਨਾਲ ਮੁੜ ਤੋਂ ਸੁਖਾਵੇਂ ਅਤੇ ਨਿਰਪੱਖ ਵਪਾਰਕ ਸਬੰਧ ਬਣਾਉਣਾ ਹੋਣਾ ਚਾਹੀਦਾ ਹੈ, ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ ‘ਤੇ ਵਾਪਸ ਆਉਣਾ ਚਾਹੀਦਾ ਹੈ।

ਅਮਰੀਕਾ ਨਾਲ ਵਧਦੇ ਵਪਾਰਕ ਤਣਾਅ ਅਤੇ ‘Buy Canadian’ ਦੀ ਲਹਿਰ ਦੇ ਤੇਜ਼ ਹੋਣ ਕਾਰਨ, ਦੇਸ਼ ਦੇ ਸਭ ਤੋਂ ਵੱਡੇ ਗ੍ਰੋਸਰਾਂ ਵਿੱਚੋਂ ਇੱਕ ‘ਲੋਬਲਾਅ’ ਨੇ ਆਪਣੇ ਸਟੋਰਾਂ ਵਿੱਚ ‘Country of Origin’ ਦੀ ਜਾਣਕਾਰੀ ਵਾਲੇ ਲੇਬਲ ਵਾਪਸ ਲਿਆਉਣ ਦਾ ਫੈਸਲਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ, ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਗਾਹਕਾਂ ਦੀ ਮੰਗ ਨੂੰ ਸੁਣ ਲਿਆ ਹੈ। ਕੰਪਨੀ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਗਾਹਕਾਂ ਨੂੰ ਟੈਕਸਾਂ ਤੋਂ ਪ੍ਰਭਾਵਿਤ ਉਤਪਾਦਾਂ ਬਾਰੇ ਸਪੱਸ਼ਟ ਜਾਣਕਾਰੀ ਦੇਣ ਲਈ ਮੁੜ ਕਦਮ ਚੁੱਕ ਰਹੇ ਹਾਂ। ਸਟੋਰਾਂ ਵਿੱਚ ਕੈਨੇਡੀਅਨ ਉਤਪਾਦਾਂ ਦੀ ਪਛਾਣ ਲਈ ਮੈਪਲ ਲੀਫ ਦੇ ਨਿਸ਼ਾਨ ਦੀ ਵਰਤੋਂ ਜਾਰੀ ਰੱਖੀ ਜਾਵੇਗੀ। ਇਸ ਵਿੱਚ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਗਲਿਆਰਿਆਂ ਵਿੱਚ ਮੂਲ ਦੇਸ਼ ਦਾ ਲੇਬਲ ਮੁੜ ਤੋਂ ਸ਼ਾਮਲ ਕਰਨਾ ਵੀ ਸ਼ਾਮਲ ਹੈ। ਹਾਲ ਹੀ ਦੇ ਦਿਨਾਂ ਵਿੱਚ, ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਸ਼ਿਕਾਇਤ ਕੀਤੀ ਸੀ ਕਿ ਸਥਾਨਕ ਲੋਬਲਾਅ ਸਟੋਰਾਂ ਨੇ ਮੂਲ ਦੇਸ਼ ਦੀ ਲੇਬਲਿੰਗ ਬੰਦ ਕਰ ਦਿੱਤੀ ਹੈ। ਕੁਝ ਲੋਕਾਂ ਨੇ ਅਮਰੀਕੀ ਉਤਪਾਦਾਂ ਨੂੰ ਗਲਤ ਤਰੀਕੇ ਨਾਲ ਕੈਨੇਡੀਅਨ ਵਜੋਂ ਦਿਖਾਉਣ ‘ਤੇ ਨਾਰਾਜ਼ਗੀ ਵੀ ਜਤਾਈ ਸੀ। ਉਦਯੋਗ ਮੰਤਰੀ ਮੇਲਾਨੀ ਜੋਲੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਨੇਡੀਅਨਾਂ ਨੂੰ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਖਰੀਦਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡੀਅਨ ਉਤਪਾਦ ਚੁਣਨ ਨਾਲ ਨਾ ਸਿਰਫ਼ ਅਮਰੀਕਾ ‘ਤੇ ਦਬਾਅ ਪੈਂਦਾ ਹੈ, ਸਗੋਂ ਦੇਸ਼ ਵਿੱਚ ਨੌਕਰੀਆਂ ਵੀ ਬਚਦੀਆਂ ਹਨ। ਰਿਟੇਲ ਮਾਹਰ ਬਰੂਸ ਵਿੰਡਰ ਦਾ ਕਹਿਣਾ ਹੈ ਕਿ ਲੋਬਲਾਅ ਖਿਲਾਫ ਸ਼ਿਕਾਇਤਾਂ ਦਾ ਹੜ੍ਹ ਇਹ ਦਰਸਾਉਂਦਾ ਹੈ ਕਿ ‘ਬਾਏ ਕੈਨੇਡੀਅਨ’ ਅੰਦੋਲਨ ਨੂੰ ਨਵੀਂ ਤਾਕਤ ਮਿਲੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਗਾਹਕਾਂ ਦੇ ਦਬਾਅ ਕਾਰਨ ਕੰਪਨੀ ਨੂੰ ਆਪਣੇ ਫੈਸਲੇ ਵਿੱਚ ਬਦਲਾਅ ਕਰਨਾ ਪਿਆ ਹੈ। ਕੰਪਨੀ ਮਾਰਚ 2025 ਤੋਂ ਅਮਰੀਕੀ ਉਤਪਾਦਾਂ ਦੀ ਪਛਾਣ ਲਈ ਸ਼ੈਲਫਾਂ ‘ਤੇ ‘ਟੀ’ ਨਿਸ਼ਾਨ ਵੀ ਵਾਪਸ ਲੈ ਕੇ ਆ ਰਹੀ ਹੈ, ਜੋ ਇਹ ਦੱਸੇਗਾ ਕਿ ਕਿਹੜੇ ਉਤਪਾਦਾਂ ‘ਤੇ ਟੈਕਸ ਲਗਾਇਆ ਗਿਆ ਹੈ।

ਫੈਡਰਲ ਆਰਸੀਐੱਮਪੀ ਨੇ ਏਅਰ ਕੈਨੇਡਾ ਦੇ ਦੋ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ‘ਤੇ ਮੌਂਟ੍ਰੀਅਲ ਦੇ ਟਰੂਡੋ ਇੰਟਰਨੈਸ਼ਨਲ ਏਅਰਪੋਰਟ ਰਾਹੀਂ ਕੋਕੀਨ ਅਤੇ ਕੈਨਾਬਿਸ ਦੀ ਤਸਕਰੀ ਵਿੱਚ ਮਦਦ ਕਰਨ ਦਾ ਸ਼ੱਕ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਪੁਲਿਸ ਨੇ ਦੱਸਿਆ ਕਿ ਉਹ ਮੌਂਟ੍ਰੀਅਲ ਇਲਾਕੇ ਵਿੱਚ ਦੋ ਘਰਾਂ ਅਤੇ ਇੱਕ ਵਾਹਨ ਦੀ ਤਲਾਸ਼ੀ ਲੈ ਰਹੇ ਹਨ। ਏਅਰ ਕੈਨੇਡਾ ਦੇ ਸਹਿਯੋਗ ਨਾਲ ਡੋਰਵਾਲ, ਕਿਊਬੈਕ ਵਿਖੇ ਮੁਲਾਜ਼ਮਾਂ ਦੇ ਕੰਮ ਕਰਨ ਵਾਲੇ ਅੱਡੇ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਜਾਂਚ ਦੇ ਮੁਤਾਬਕ, ਇਹ ਦੋਵੇਂ ਸ਼ੱਕੀ ਏਅਰ ਕੈਨੇਡਾ ਵਿੱਚ ਜ਼ਮੀਨੀ ਕੰਮਕਾਜ ਨਾਲ ਜੁੜੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਰਹੇ ਸਨ। ਪੁਲਿਸ ਦੇ ਬਿਆਨ ਅਨੁਸਾਰ ਇਨ੍ਹਾਂ ਉੱਤੇ ਦੋਸ਼ ਹੈ ਕਿ ਇਹ ਇੱਕ ਸਾਜ਼ਿਸ਼ ਵਿੱਚ ਸ਼ਾਮਲ ਸਨ। ਇਹ ਹਵਾਈ ਅੱਡੇ ਦੇ ਸੁਰੱਖਿਅਤ ਇਲਾਕਿਆਂ ਵਿੱਚੋਂ ਸਾਮਾਨ ਲੰਘਾਉਂਦੇ ਸਨ ਤਾਂ ਜੋ ਕੋਕੀਨ ਨੂੰ ਦੇਸ਼ ਦੇ ਅੰਦਰ ਲਿਆਂਦਾ ਜਾ ਸਕੇ ਅਤੇ ਕੈਨਾਬਿਸ ਨੂੰ ਬਾਹਰ ਭੇਜਿਆ ਜਾ ਸਕੇ। ਪੁਲਿਸ ਮੁਤਾਬਕ ਇਸ ਜਾਂਚ ਦੀ ਸ਼ੁਰੂਆਤ ਮਈ ਮਹੀਨੇ ਵਿੱਚ ਹੋਈ ਸੀ, ਜਦੋਂ ਪੁੰਟਾ ਕਾਨਾ ਤੋਂ ਆਉਣ ਵਾਲੀ ਇੱਕ ਫਲਾਈਟ ਵਿੱਚੋਂ ਪਿੱਠੂ ਬੈਗਾਂ ਵਿੱਚ ਲੁਕਾ ਕੇ ਰੱਖੀ 62.5 ਕਿਲੋਗ੍ਰਾਮ ਕੋਕੀਨ ਫੜੀ ਗਈ ਸੀ। ਇਸ ਜਾਂਚ ਦੌਰਾਨ 56 ਕਿਲੋਗ੍ਰਾਮ ਵਾਧੂ ਕੈਨਾਬਿਸ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਅੱਗੇ ਦੀ ਕਾਰਵਾਈ ਤੱਕ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉੱਧਰ, ਏਅਰ ਕੈਨੇਡਾ ਦਾ ਕਹਿਣਾ ਹੈ ਕਿ ਚੱਲ ਰਹੀ ਜਾਂਚ ਦੇ ਮੱਦੇਨਜ਼ਰ ਇਨ੍ਹਾਂ ਦੋਵਾਂ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


Filed under