ਅਮਰੀਕੀ ਇਤਿਹਾਸ ’ਚ ਪਹਿਲੀ ਵਾਰ- ਹੁਣ ਜਨ ਸੈਨਾ ’ਚ ਨਹੀਂ ਹੋਵੇਗਾ ਸੈਨੇਟ ਵਲੋਂ ਨਿਯੁਕਤ ਕੋਈ ਵੀ ਅਧਿਕਾਰੀ

Washington- ਅਮਰੀਕੀ ਜਲ ਸੈਨਾ ਅੱਜ ਫੌਜ ਦੀ ਅਜਿਹੀ ਤੀਜੀ ਸ਼ਾਖ਼ਾ ਬਣ ਗਈ ਹੈ, ਜਿਸ ਦੇ ਕੋਲ ਸੈਨੇਟ ਵਲੋਂ ਨਿਯੁਕਤ ਅਧਿਕਾਰੀ ਨਹੀਂ ਹੈ। ਐਡਮਿਰਲ ਮਾਈਕ ਗਿਲਡੇ ਨੇ ਅੱਜ ਫੌਜ ਦੀ ਕਮਾਨ ਛੱਡ ਦਿੱਤੀ ਅਤੇ ਇਸ ਦੇ ਨਾਲ ਹੀ ਹੁਣ ਜਲ ਸੈਨਾ, ਫੌਜ ਅਤੇ ਮਰੀਨ ਕੋਰ ਬਿਨਾਂ ਕਿਸੇ ਨੇਤਾ ਦੇ ਇੱਕ ਹਨ। ਇਹ ਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਅਤੇ ਅਜਿਹਾ ਰੀਪਬਲਿਕਨ ਸੈਨੇਟਰਾਂ ਵਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਹੋਇਆ ਹੈ।
ਇਸ ਸੰਬੰਧੀ ਅਮਰੀਕੀ ਰੱਖਿਆ ਸਕੱਤਰ ਲਾਇਡ ਔਸਟਿਨ ਨੇ ਮੈਰੀਲੈਂਡ ਐਨਾਪੋਲਿਸ ’ਚ ਨੇਵਲ ਅਕੈਡਮੀ ’ਚ ਇੱਕ ਤਿਆਗ ਸਮਾਰੋਹ ਦੌਰਾਨ ਕਿਹਾ, ‘‘ਇਹ ਬੇਮਿਸਾਲ ਹੈ। ਇਹ ਬੇਲੋੜਾ ਹੈ ਅਤੇ ਇਹ ਅਸੁਰੱਖਿਅਤ ਹੈ।’’ ਔਸਟਿਨ ਨੇ ਅੱਗੇ ਕਿਹਾ ਕਿ ਇਹ ਸਾਡੇ ਸਭ ਤੋਂ ਚੰਗੇ ਅਧਿਕਾਰੀਆਂ ਨੂੰ ਬਣਾਏ ਰੱਖਣ ਦੀ ਸਮਰੱਥਾ ’ਚ ਰੁਕਾਵਟ ਬਣ ਰਹੀ ਹੈ ਅਤੇ ਕਈ ਅਮਰੀਕੀ ਫੌਜੀ ਪਰਿਵਾਰਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਲਬਾਮਾ ਦੀ ਨੁਮਾਇੰਦਗੀ ਕਰਨ ਵਾਲੇ ਰੀਪਬਲਕਿਨ ਸੈਨੇਟਰ ਟਾਮੀ ਟਿਊਬਰਵਿਲੇ ਨੇ ਸੈਂਕੜੇ ਫੌਜੀ ਨਾਮਜ਼ਦਗੀਆਂ ਨੂੰ ਅੱਗੇ ਵਧਾਉਣ ਤੋਂ ਰੋਕ ਦਿੱਤਾ ਹੈ। ਉਹ ਪੈਂਟਾਗਨ ਦੀ ਉਸ ਭੁਗਤਾਨ ਨੀਤੀ ਦੇ ਹੱਕ ’ਚ ਨਹੀਂ ਹਨ, ਜਿਸ ਦੇ ਤਹਿਤ ਗਰਭਪਾਤ ਲਈ ਫੌਜੀ ਕਰਮਚਾਰੀਆਂ ਦੇ ਵਿਦੇਸ਼ ਜਾਣ ਦਾ ਖ਼ਰਚਾ ਚੁੱਕਿਆ ਜਾਂਦਾ ਹੈ। ਪਿਛਲੇ ਸਾਲ ਅਮਰੀਕੀ ਸੁਪਰੀਮ ਕੋਰਟ ਨੇ ਸਾਲ 1973 ਦੇ ਇਤਿਹਾਸਕ ਰੋ ਬਨਾਮ ਵੇਡ ਫ਼ੈਸਲੇ ਨੂੰ ਪਲਟ ਦਿੱਤਾ ਸੀ, ਜਿਹੜਾ ਗਰਭਪਾਤ ਦੀ ਸੰਵਿਧਾਨਿਕ ਮਾਨਤਾ ਦਿੰਦਾ ਸੀ। ਇਸ ਮਗਰੋਂ ਪੈਂਟਾਗਨ ਨੇ ਕਿਹਾ ਸੀ ਕਿ ਉਹ ਗਰਭਪਾਤ ਚਾਹੁਣ ਵਾਲਿਆਂ ਦਾ ਖ਼ਰਚਾ ਚੁੱਕੇਗਾ।