ਪਿਛਲੇ ਅੱਠ ਸਾਲਾਂ ਤੋਂ ਕਿਊਬੈਕ ਵਿੱਚ ਰਹਿ ਰਹੇ ਇੱਕ ਭਾਰਤੀ ਪਰਿਵਾਰ ਦੀ ਸ਼ਰਨਾਰਥੀ ਅਰਜ਼ੀ ਰੱਦ ਹੋਣ ਤੋਂ ਬਾਅਦ, ਉਨ੍ਹਾਂ ਨੂੰ ਕੈਨੇਡਾ ਛੱਡ ਕੇ ਸੋਮਵਾਰ ਰਾਤ ਭਾਰਤ ਵਾਪਸ ਜਾਣਾ ਪਿਆ। ਕੁਮਾਰ ਪਰਿਵਾਰ ਅਪ੍ਰੈਲ 2018 ਵਿੱਚ ਕੈਨੇਡਾ ਆਇਆ ਸੀ ਅਤੇ ਉੱਥੇ ਸ਼ਰਨ ਦੀ ਮੰਗ ਕੀਤੀ ਸੀ। ਹਰੀਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਜਾਨ ਦੇ ਖ਼ਤਰੇ ਕਾਰਨ ਭਾਰਤ ਛੱਡ ਕੇ ਕੈਨੇਡਾ ਗਏ ਸਨ। ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਹਰੀਸ਼ ਨੇ ਦੁੱਖ ਪ੍ਰਗਟ ਕੀਤਾ। 4 ਅਗਸਤ ਨੂੰ ਪਰਿਵਾਰ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਸ਼ਰਨਾਰਥੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ 7 ਸਤੰਬਰ ਤੱਕ ਕੈਨੇਡਾ ਛੱਡਣਾ ਪਵੇਗਾ। ਹਰੀਸ਼ ਨੇ ਇਹ ਵੀ ਦੱਸਿਆ ਕਿ ਪਿਛਲੇ ਹਫ਼ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ਵਿੱਚ ਲਿਆ ਸੀ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ ਕੈਨੇਡਾ ਵਿੱਚੋਂ ਡਿਪੋਰਟ ਕੀਤੇ ਗਏ ਲੋਕਾਂ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਇਕੱਲੇ ਕਿਊਬੈਕ ਤੋਂ ਸਨ। ਹਰੀਸ਼ ਦੇ ਦੋਵਾਂ ਬੱਚਿਆਂ ਲਈ ਇਹ ਖ਼ਬਰ ਬਹੁਤ ਹੈਰਾਨ ਕਰਨ ਵਾਲੀ ਸੀ। 14 ਸਾਲਾ ਜਪੇਸ਼ ਕੁਮਾਰ, ਜੋ ਛੇ ਸਾਲ ਦੀ ਉਮਰ ਵਿੱਚ ਕੈਨੇਡਾ ਆਇਆ ਸੀ, ਨੇ ਦੱਸਿਆ ਕਿ ਉਹ ਇੱਥੇ ਹੀ ਵੱਡਾ ਹੋਇਆ ਹੈ, ਉਸ ਦੇ ਸਾਰੇ ਦੋਸਤ ਇੱਥੇ ਹਨ ਅਤੇ ਭਾਰਤ ਵਿੱਚ ਉਸ ਦਾ ਕੁਝ ਵੀ ਨਹੀਂ ਹੈ। ਉਸ ਦੇ 12 ਸਾਲਾ ਛੋਟੇ ਭਰਾ ਗੌਰੇਸ਼ ਕੁਮਾਰ ਨੇ ਕਿਹਾ ਕਿ ਭਾਰਤ ਵਾਪਸ ਜਾਣ ਦਾ ਮਤਲਬ ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਹੈ, ਕਿਉਂਕਿ ਉਹ ਭਾਰਤ ਬਾਰੇ ਜ਼ਿਆਦਾ ਨਹੀਂ ਜਾਣਦਾ। ਪਰਿਵਾਰ ਨੇ ਇਨਸਾਨੀਅਤ ਦੇ ਆਧਾਰ ‘ਤੇ ਕੈਨੇਡਾ ਵਿੱਚ ਰਹਿਣ ਲਈ ਅਰਜ਼ੀ ਦਿੱਤੀ ਸੀ, ਪਰ ਉਹ ਵੀ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਜੁਡੀਸ਼ੀਅਲ ਰਿਵਿਊ ਦੀ ਮੰਗ ਕੀਤੀ ਸੀ। ਇਮੀਗ੍ਰੈਂਟ ਵਰਕਰਜ਼ ਸੈਂਟਰ ਦੇ ਮੋਸਤਾਫਾ ਹਿਨਾਵੀ ਇਸ ਪਰਿਵਾਰ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰੀਸ਼ ਨੇ ਕੋਵਿਡ-19 ਮਹਾਮਾਰੀ ਦੌਰਾਨ ਟਰੱਕ ਡਰਾਈਵਰ ਵਜੋਂ ਜ਼ਰੂਰੀ ਸੇਵਾਵਾਂ ਦਿੱਤੀਆਂ ਸਨ ਅਤੇ ਦੋਵੇਂ ਬੱਚੇ ਵੀ ਆਪਣੇ ਜੀਵਨ ਦਾ ਵੱਡਾ ਹਿੱਸਾ ਕਿਊਬੈਕ ਵਿੱਚ ਬਿਤਾ ਚੁੱਕੇ ਹਨ, ਇਸ ਲਈ ਪਰਿਵਾਰ ਨੂੰ ਜ਼ਬਰਦਸਤੀ ਬਾਹਰ ਕੱਢਣਾ ਸਮਝ ਤੋਂ ਬਾਹਰ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਿਸੇ ਨੂੰ ਦੇਸ਼ ਨਿਕਾਲਾ ਦੇਣ ਦਾ ਫ਼ੈਸਲਾ ਆਸਾਨੀ ਨਾਲ ਨਹੀਂ ਲਿਆ ਜਾਂਦਾ। ਏਜੰਸੀ ਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਦੇ ਸਾਰੇ ਰਸਤੇ ਖ਼ਤਮ ਹੋਣ ਤੋਂ ਬਾਅਦ ਹੀ ਡਿਪੋਰਟ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ, ਅਤੇ ਕਾਨੂੰਨ ਮੁਤਾਬਕ ਹੁਕਮਾਂ ਦੀ ਪਾਲਣਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਐਬੋਟਸਫੋਰਡ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਕਾਰ ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੀ। ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਰਾਤ ਇੱਕ ਸ਼ੋਅ ਖ਼ਤਮ ਕਰਕੇ ਵਾਪਸ ਪਰਤ ਰਹੇ ਐਮੀ ਵਿਰਕ ਦੀ ਰੋਲਸ ਰੋਇਸ ਕਾਰ ‘ਤੇ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਕਾਰ ਵਿੱਚ ਐਮੀ ਵਿਰਕ ਸਮੇਤ ਚਾਰ ਲੋਕ ਸਵਾਰ ਸਨ। ਹਮਲਾਵਰਾਂ ਵੱਲੋਂ ਲਗਭਗ 7 ਤੋਂ 10 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 7 ਗੋਲੀਆਂ ਦੇ ਨਿਸ਼ਾਨ ਕਾਰ ‘ਤੇ ਮਿਲੇ ਹਨ। ਇਸ ਹਮਲੇ ਵਿੱਚ ਸਾਰੇ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸ਼ੁਰੂਆਤ ਵਿੱਚ ਸਿਰਫ਼ ਇੱਕ ਕਾਰ ‘ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਸੀ, ਪਰ ਬਾਅਦ ਵਿੱਚ ਸ਼ੋਅ ਦੇ ਪ੍ਰਬੰਧਕਾਂ ਨੇ ਸਾਫ਼ ਕੀਤਾ ਕਿ ਉਸ ਕਾਰ ਵਿੱਚ ਪੰਜਾਬੀ ਗਾਇਕ ਐਮੀ ਵਿਰਕ ਵੀ ਮੌਜੂਦ ਸਨ। ਮਜ਼ਬੂਤ ਗੱਡੀ ਹੋਣ ਕਰਕੇ ਗੋਲੀਆਂ ਰੋਲਸ ਰੋਇਸ ਕਾਰ ਦੇ ਆਰ-ਪਾਰ ਨਹੀਂ ਹੋ ਸਕੀਆਂ। ਗੋਲੀਆਂ ਦਾ ਸਭ ਤੋਂ ਵੱਧ ਅਸਰ ਕਾਰ ਦੇ ਪਿਛਲੇ ਸੀਸ਼ੇ ‘ਤੇ ਹੋਇਆ। ਇਹ ਘਟਨਾ ਸ਼ਨੀਵਾਰ ਰਾਤ ਲਗਭਗ 11 ਵਜੇ ਮੈਕਕਲਮ ਰੋਡ ਅਤੇ ਸਾਊਥ ਫ੍ਰੇਜ਼ਰ ਵੇਅ ਦੇ ਨੇੜੇ ਵਾਪਰੀ। ਐਮੀ ਵਿਰਕ ਐਬੋਟਸਫੋਰਡ ਵਿੱਚ ਸ਼ੋਅ ਖ਼ਤਮ ਕਰਕੇ ਨਿਕਲੇ ਸਨ, ਜਦੋਂ ਉਨ੍ਹਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਐਮੀ ਵਿਰਕ ਤੋਂ ਇਲਾਵਾ ਸਰੀ ਦਾ ਇੱਕ ਵਿਅਕਤੀ ਵੀ ਸਵਾਰ ਸੀ। ਪੁਲਿਸ ਅਨੁਸਾਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਹਮਲਾਵਰਾਂ ਦਾ ਅਸਲੀ ਨਿਸ਼ਾਨਾ ਕੌਣ ਸੀ, ਪਰ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ‘ਤੇ ਪਹਿਲਾਂ ਵੀ ਤਿੰਨ ਵਾਰ ਜਾਨਲੇਵਾ ਹਮਲੇ ਹੋ ਚੁੱਕੇ ਹਨ। ਇਸੇ ਲਈ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ ਅਤੇ ਪੁਲਿਸ ਨੂੰ ਘਟਨਾ ਸਥਾਨ ਤੋਂ 5 ਕਿਲੋਮੀਟਰ ਦੂਰ ਇੱਕ ਸੜੀ ਹੋਈ ਐੱਸਯੂਵੀ ਗੱਡੀ ਮਿਲੀ ਹੈ, ਜਿਸ ਦੀ ਵਰਤੋਂ ਹਮਲੇ ਵਿੱਚ ਹੋਣ ਦਾ ਖ਼ਦਸ਼ਾ ਹੈ। ਦੂਜੇ ਪਾਸੇ, ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਗੋਲੀਬਾਰੀ ਦੀਆਂ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਮੀਡੀਆ ਅਦਾਰਿਆਂ ਨੇ ਬਿਨਾਂ ਜਾਂਚ ਕੀਤੇ ਇਹ ਖ਼ਬਰ ਚਲਾਈ ਹੈ, ਜੋ ਕਿ ਬਿਲਕੁਲ ਗਲਤ ਹੈ। ਇਸ ਦੇ ਨਾਲ ਹੀ, ਕੈਨੇਡਾ ਵਿੱਚ ਐਮੀ ਵਿਰਕ ਦੇ ਨਾਲ ਸਫ਼ਰ ਕਰ ਰਹੇ ਇੱਕ ਨੇੜਲੇ ਰਿਸ਼ਤੇਦਾਰ ਨੇ ਵੀ ਅਜਿਹੀ ਕਿਸੇ ਵੀ ਗੋਲੀਬਾਰੀ ਦੀ ਘਟਨਾ ਤੋਂ ਸਾਫ਼ ਇਨਕਾਰ ਕੀਤਾ ਹੈ।
ਐਡਮੰਟਨ ਸ਼ਹਿਰ ਵਿੱਚ ਅਲਬਰਟਾ ਹੈਲਥ ਸਰਵਿਸਿਜ਼ ਨੇ ਪਬਲਿਕ ਹੈਲਥ ਐਕਟ ਦੀਆਂ ਕਈ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ ਇੱਕ ਹਿੰਦੂ ਮੰਦਿਰ ਦੇ ਲੰਗਰ ਹਾਲ ਨੂੰ ਬੰਦ ਕਰ ਦਿੱਤਾ ਹੈ। ਸਿਹਤ ਵਿਭਾਗ ਨੇ 28 ਅਗਸਤ ਨੂੰ 39 ਐਵੇਨਿਊ ਐਨ.ਡਬਲਿਊ. ‘ਤੇ ਸਥਿਤ ਇਸ ਮੰਦਿਰ ਦੇ ਲੰਗਰ ਹਾਲ ‘ਤੇ ਇਹ ਕਾਰਵਾਈ ਕੀਤੀ। ਜਾਂਚ ਦੌਰਾਨ ਸਿਹਤ ਅਧਿਕਾਰੀਆਂ ਨੂੰ ਲੰਗਰ ਹਾਲ ਦੀ ਰਸੋਈ ਵਿੱਚ ਇੱਕ ਦਰਜਨ ਤੋਂ ਵੱਧ ਗੰਭੀਰ ਖਾਮੀਆਂ ਮਿਲੀਆਂ। ਲੰਗਰ ਹਾਲ ਵਿਚ ਅਲਮਾਰੀਆਂ, ਕਾਊਂਟਰ, ਸਟੋਰ ਅਤੇ ਬੇਸਮੈਂਟ ਦੇ ਕੌਮਨ ਏਰੀਆ ਵਿਚ ਗੰਦ ਹੀ ਗੰਦ ਖਿਲਰਿਆ ਪਿਆ ਸੀ। ਲੰਗਰ ਤਿਆਰ ਕਰਨ ਵਾਲੇ ਮੇਜ਼ਾਂ ਉਤੇ ਗੰਦੇ ਅਤੇ ਗਿੱਲੇ ਕੱਪੜੇ ਵਿਛੇ ਨਜ਼ਰ ਆਏ ਜਦਕਿ ਸੈਨੇਟਾਈਜ਼ਰ ਬਕਟ ਜਾਂ ਸੈਨੇਟਾਈਜ਼ਰ ਸਪ੍ਰੇਅ ਵਾਲੀਆਂ ਬੋਤਲਾਂ ਸਿਹਤ ਮਹਿਕਮੇ ਦੀ ਪੜਤਾਲ ਦੌਰਾਨ ਨਦਾਰਦ ਸਨ। ਭਾਂੜੇ ਧੋਣ ਵਾਲੇ ਕਮਰੇ ਵਿਚ ਇਕ ਐਪਰਨ ਉਤੇ ਗੰਦ ਹੀ ਗੰਦ ਚਿੰਬੜਿਆ ਪਿਆ ਸੀ ਅਤੇ ਉਸ ਨੂੰ ਹੱਥ ਲਾਉਣਾ ਵੀ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਮਹਿਸੂਸ ਹੋ ਰਿਹਾ ਸੀ। ਇਸ ਤੋਂ ਇਲਾਵਾ ਰਸੋਈ ਵਿੱਚ ਚੂਹਿਆਂ ਦੀ ਗੰਦਗੀ ਮਿਲਣਾ ਅਤੇ ਬਰਤਨ ਧੋਣ ਦੇ ਗਲਤ ਤਰੀਕੇ ਵਰਗੀਆਂ ਸਮੱਸਿਆਵਾਂ ਸ਼ਾਮਲ ਸਨ, ਜਿਸ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਹੋ ਰਹੇ ਸਨ। ਰਸੋਈ ਨੂੰ ਬੰਦ ਕਰਨ ਦੇ ਹੁਕਮਾਂ ਨਾਲ ਹੀ, ਪ੍ਰਬੰਧਕਾਂ ਨੂੰ ਤੁਰੰਤ ਕੰਮਕਾਜ ਰੋਕਣ ਅਤੇ ਸਿਹਤ ਨਾਲ ਜੁੜੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ। ਸਿਹਤ ਵਿਭਾਗ ਨੇ ਮੰਦਿਰ ਪ੍ਰਬੰਧਕਾਂ ਨੂੰ ਖਰਾਬ ਜਾਂ ਦੂਸ਼ਿਤ ਹੋਏ ਭੋਜਨ ਨੂੰ ਤੁਰੰਤ ਸੁੱਟਣ ਅਤੇ ਰਸੋਈ ਦੇ ਸਟਾਫ਼ ਨੂੰ ਭੋਜਨ ਦੀ ਸੁਰੱਖਿਆ ਅਤੇ ਸਫ਼ਾਈ ਸਬੰਧੀ ਯੋਗ ਸਿਖਲਾਈ ਦੇਣ ਦੇ ਨਿਰਦੇਸ਼ ਦਿੱਤੇ ਹਨ। ਅਲਬਰਟਾ ਹੈਲਥ ਸਰਵਿਸਿਜ਼ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਇਹ ਰਸੋਈ ਉਦੋਂ ਤੱਕ ਬੰਦ ਰਹੇਗੀ, ਜਦੋਂ ਤੱਕ ਦੱਸੀਆਂ ਗਈਆਂ ਸਾਰੀਆਂ ਖਾਮੀਆਂ ਨੂੰ ਪੂਰੀ ਤਰ੍ਹਾਂ ਸੁਧਾਰਿਆ ਨਹੀਂ ਜਾਂਦਾ। ਸਿਹਤ ਅਧਿਕਾਰੀ ਦੇ ਸੁੰਤਸ਼ਟ ਹੋਣ ਤੋਂ ਬਾਅਦ ਹੀ ਰਸੋਈ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕਰਕੇ ਕੈਨੇਡਾ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਇਹ ਕਦਮ ਕੈਨੇਡਾ ਵੱਲੋਂ ਅਮਰੀਕੀ ਸਾਮਾਨ ‘ਤੇ ਲਗਾਏ ਗਏ ਨਵੇਂ ਜਵਾਬੀ ਟੈਕਸਾਂ ਤੋਂ ਬਾਅਦ ਚੁੱਕਿਆ ਗਿਆ ਹੈ। ਇਨ੍ਹਾਂ ਨਵੇਂ ਹੁਕਮਾਂ ਤਹਿਤ ਕੈਨੇਡਾ ਤੋਂ ਆਉਣ ਵਾਲੀਆਂ ਕੁਝ ਖ਼ਾਸ ਚੀਜ਼ਾਂ, ਜਿਵੇਂ ਕਿ ਮੋਟਰਸਾਈਕਲ, ਡੇਅਰੀ ਉਤਪਾਦ ਅਤੇ ਸ਼ਰਾਬ ਦੀ ਦਰਾਮਦ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਸੀ ਕਿ ਅਮਰੀਕਾ ‘ਤੇ ਨਿਰਭਰਤਾ ਘਟਾਉਣ ਦੇ ਫ਼ੈਸਲੇ ਨਾਲ ਕੁਝ ਨੁਕਸਾਨ ਜ਼ਰੂਰ ਹੋਵੇਗਾ, ਪਰ ਅਮਰੀਕਾ ਦੇ ਦਬਾਅ ਅੱਗੇ ਝੁਕਣਾ ਹੋਰ ਵੀ ਖ਼ਤਰਨਾਕ ਹੈ। ਕਾਰਨੀ ਨੇ ਸਾਫ਼ ਕੀਤਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਗੁਲਾਮ ਨਹੀਂ ਬਣੇਗਾ। ਟਰੰਪ ਨੇ ਕੈਨੇਡਾ ‘ਤੇ ਅਮਰੀਕੀ ਕੰਪਨੀਆਂ ਨਾਲ ਵਿਤਕਰਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਹੈ ਕਿ ਅਮਰੀਕੀ ਸਰਕਾਰੀ ਖ਼ਰੀਦ ਪ੍ਰਕਿਰਿਆ ਵਿੱਚੋਂ ਕੈਨੇਡੀਅਨ ਉਤਪਾਦਾਂ ਨੂੰ ਬਾਹਰ ਕੀਤਾ ਜਾਵੇਗਾ। ਦੂਜੇ ਪਾਸੇ, ਕੈਨੇਡਾ ਦੇ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਕਿਹਾ ਹੈ ਕਿ ਸਰਕਾਰ ਅਮਰੀਕਾ ਦੇ ਇਨ੍ਹਾਂ ਨਵੇਂ ਫ਼ੈਸਲਿਆਂ ਦੀ ਸਮੀਖਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਅਮਰੀਕਾ ਗੱਲਬਾਤ ਲਈ ਤਿਆਰ ਹੋਵੇਗਾ, ਕੈਨੇਡਾ ਆਪਣੀ ਪ੍ਰਭੂਸੱਤਾ ਦਾ ਸਤਿਕਾਰ ਕਰਵਾਉਂਦੇ ਹੋਏ ਬਰਾਬਰੀ ਦੇ ਆਧਾਰ ‘ਤੇ ਗੱਲਬਾਤ ਕਰਨ ਲਈ ਤਿਆਰ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਪ੍ਰੀਮਿਅਰਾਂ ਨੇ ਵੀ ਸਰਕਾਰ ਦੇ ਜਵਾਬੀ ਟੈਕਸ ਲਗਾਉਣ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ, ਹਾਲਾਂਕਿ ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਸ ਵਪਾਰਕ ਜੰਗ ਨਾਲ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਅਤੇ ਕਾਰੋਬਾਰੀਆਂ ‘ਤੇ ਮਹਿੰਗਾਈ ਦਾ ਬੋਝ ਵਧੇਗਾ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਇੰਨਾ ਵਧ ਗਿਆ ਹੈ ਕਿ ਟਰੰਪ ਸੋਸ਼ਲ ਮੀਡੀਆ ‘ਤੇ ਕੈਨੇਡਾ ਖਿਲਾਫ਼ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ। ਟਰੰਪ ਨੇ ਕੈਨੇਡਾ ਦੀ ਜਹਾਜ਼ ਬਣਾਉਣ ਵਾਲੀ ਕੰਪਨੀ ‘ਬੰਬਾਰਡੀਅਰ’ ਨੂੰ ਵੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਅਮਰੀਕਾ ਵਿੱਚ ਜਹਾਜ਼ ਨਹੀਂ ਬਣਾਉਂਦੀ, ਤਾਂ ਉਸ ‘ਤੇ ਰੋਕ ਲਗਾ ਦਿੱਤੀ ਜਾਵੇਗੀ। ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਵੀ ਕਿਹਾ ਹੈ ਕਿ ਕੈਨੇਡਾ ਨੂੰ ਅਮਰੀਕਾ ਨਾਲ ਸਬੰਧ ਖਰਾਬ ਕਰਨ ਤੋਂ ਬਚਣਾ ਚਾਹੀਦਾ ਹੈ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਇਬੀ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਸਰਹੱਦਾਂ ‘ਤੇ ਨਵੇਂ ਸਾਈਨ ਬੋਰਡ ਲਗਾਏ ਜਾਣਗੇ, ਜਿਨ੍ਹਾਂ ‘ਤੇ ਲਿਖਿਆ ਹੋਵੇਗਾ ਕਿ ਇਹ ਸੂਬਾ “ਕਦੇ ਵੀ 51ਵੀਂ ਅਮਰੀਕੀ ਸਟੇਟ ਨਹੀਂ ਬਣੇਗਾ”। ਇਹ ਕਦਮ ਅਮਰੀਕੀ ਚੀਜ਼ਾਂ ‘ਤੇ ਕੈਨੇਡਾ ਵੱਲੋਂ ਲਗਾਏ ਗਏ ਨਵੇਂ ਜਵਾਬੀ ਟੈਕਸਾਂ ਤੋਂ ਬਾਅਦ ਚੁੱਕਿਆ ਗਿਆ ਹੈ। ਪ੍ਰੀਮੀਅਰ ਇਬੀ ਨੇ ਚੇਤਾਵਨੀ ਦਿੱਤੀ ਕਿ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੀ ਵਪਾਰਕ ਜੰਗ ਦੇ ਗੰਭੀਰ ਆਰਥਿਕ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਸਰਹੱਦ ਦੇ ਦੋਵਾਂ ਪਾਸਿਆਂ ਤੋਂ ਲੋਕਾਂ ਦੀਆਂ ਨੌਕਰੀਆਂ ਜਾਣਗੀਆਂ ਅਤੇ ਕਾਰੋਬਾਰ ਬੰਦ ਹੋਣਗੇ। ਇਸ ਲਈ ਸਾਨੂੰ ਇੱਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਜਿੰਨਾ ਹੋ ਸਕੇ ਆਪਣੇ ਦੇਸ਼ ਦੀਆਂ ਬਣੀਆਂ ਚੀਜ਼ਾਂ ਹੀ ਖ਼ਰੀਦਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ ਕਿ ਅਮਰੀਕਾ ‘ਤੇ ਨਿਰਭਰਤਾ ਘਟਾਉਣ ਦੇ ਯਤਨਾਂ ਦਾ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ, ਪਰ ਦੂਜਾ ਰਸਤਾ ਇਸ ਤੋਂ ਵੀ ਜ਼ਿਆਦਾ ਖ਼ਤਰਨਾਕ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਸਾਮਾਨ ‘ਤੇ 50 ਫ਼ੀਸਦੀ ਟੈਕਸ ਲਗਾਉਣ ਦੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਟੁੱਟ ਗਈ ਸੀ। ਇਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ ਅਮਰੀਕੀ ਉਤਪਾਦਾਂ ‘ਤੇ 15 ਤੋਂ 50 ਫ਼ੀਸਦੀ ਤੱਕ ਜਵਾਬੀ ਟੈਕਸ ਲਗਾ ਦਿੱਤਾ ਹੈ। ਸਰਹੱਦ ‘ਤੇ ਲਗਾਏ ਜਾਣ ਵਾਲੇ ਨਵੇਂ ਬੋਰਡਾਂ ‘ਤੇ ਲਿਖਿਆ ਹੋਵੇਗਾ, “ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਤੁਹਾਡਾ ਸਵਾਗਤ ਹੈ। ਮਜ਼ਬੂਤ, ਮਾਣਮੱਤਾ ਅਤੇ ਕਦੇ ਵੀ 51ਵੀਂ ਸਟੇਟ ਨਹੀਂ।” ਇਸ ਤੋਂ ਇਲਾਵਾ ਇਨ੍ਹਾਂ ਬੋਰਡਾਂ ‘ਤੇ ਜੰਗਲੀ ਜਾਨਵਰਾਂ, ਕੂੜਾ ਨਾ ਫੈਲਾਉਣ ਅਤੇ ਕੈਨੇਡੀਅਨ ਲੋਕਾਂ ਦੀ ਨਰਮਾਈ ਨੂੰ ਉਨ੍ਹਾਂ ਦੀ ਕਮਜ਼ੋਰੀ ਨਾ ਸਮਝਣ ਵਰਗੀਆਂ ਚੇਤਾਵਨੀਆਂ ਵੀ ਲਿਖੀਆਂ ਜਾਣਗੀਆਂ। ਸੂਬਾ ਸਰਕਾਰ ਆਪਣੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ “ਬਾਏ ਬੀ.ਸੀ.” ਪ੍ਰੋਗਰਾਮ ਦਾ ਵਿਸਥਾਰ ਕਰ ਰਹੀ ਹੈ। ਪ੍ਰੀਮੀਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਦੇ ਸਾਮਾਨ ਤੋਂ ਲੈ ਕੇ ਹੋਰ ਸੇਵਾਵਾਂ ਲਈ ਵੀ ਆਪਣੇ ਹੀ ਸੂਬੇ ਦੇ ਕਾਰੋਬਾਰੀਆਂ ਨੂੰ ਪਹਿਲ ਦੇਣ। ਇਬੀ ਨੇ ਕਿਹਾ ਕਿ ਇਹ ਵਪਾਰਕ ਜੰਗ ਕੋਈ ਨਹੀਂ ਸੀ ਚਾਹੁੰਦਾ, ਪਰ ਇਸ ਕਾਰਨ ਦੋਵਾਂ ਦੇਸ਼ਾਂ ਦੇ ਆਮ ਪਰਿਵਾਰਾਂ ਦਾ ਨੁਕਸਾਨ ਹੋਵੇਗਾ।
ਬ੍ਰਿਟਿਸ਼ ਕੋਲੰਬੀਆ ਵਿੱਚ ਵੀਕਐਂਡ ਦੌਰਾਨ ਇੱਕ ਜਨਤਕ ਬਾਥਰੂਮ ਦੇ ਬਾਹਰ ਅਮਰੀਕੀ ਰਾਸ਼ਟਰਪਤੀ ਦੇ ਨਾਮ ਦਾ ਬੋਰਡ ਲਗਾਉਣ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਹ ਲੱਕੜ ਵਰਗਾ ਦਿਖਣ ਵਾਲਾ ਬੋਰਡ ਵਿਕਟੋਰੀਆ ਸ਼ਹਿਰ ਦੇ ਮਸ਼ਹੂਰ ਟ੍ਰੇਲ ਦੇ ਨੇੜੇ ਬਣੇ ਜਨਤਕ ਬਾਥਰੂਮ ‘ਤੇ ਲਗਾਇਆ ਗਿਆ ਸੀ, ਜਿਸ ਰਾਹੀਂ ਇਸ ਬਾਥਰੂਮ ਨੂੰ “ਡੋਨਾਲਡ ਜੇ. ਟਰੰਪ ਮੈਮੋਰੀਅਲ” ਦਾ ਨਾਮ ਦਿੱਤਾ ਗਿਆ ਸੀ। ਸ਼ਹਿਰ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਐਤਵਾਰ ਨੂੰ ਇਸ ਬੋਰਡ ਬਾਰੇ ਪਤਾ ਲੱਗਦਿਆਂ ਹੀ ਸ਼ਾਮ ਲਗਭਗ 6 ਵਜੇ ਇਸ ਨੂੰ ਹਟਾ ਦਿੱਤਾ ਗਿਆ। ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਉੱਥੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਸੀ, ਜਿਸ ਕਾਰਨ ਇਹ ਬੋਰਡ ਲਗਾਉਣ ਵਾਲੇ ਦਾ ਪਤਾ ਨਹੀਂ ਲੱਗ ਸਕਿਆ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਵਪਾਰਕ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਖ਼ਿਲਾਫ਼ ਅਜਿਹਾ ਵਿਰੋਧ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਗਰਮੀਆਂ ਵਿੱਚ ਇੱਕ ਸਥਾਨਕ ਕਲਾਕਾਰ ਨੇ ਘੋੜੇ ਦੇ ਲਿੱਦ ਦੀ ਵਰਤੋਂ ਕਰਕੇ ਡੋਨਾਲਡ ਟਰੰਪ ਦੀ ਇੱਕ ਤਸਵੀਰ ਬਣਾਈ ਸੀ, ਜੋ 1,800 ਡਾਲਰ ਵਿੱਚ ਵਿਕੀ ਸੀ। ਇਸ ਤੋਂ ਇਲਾਵਾ, ਵਪਾਰਕ ਤਣਾਅ ਵਧਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਇਬੀ ਨੇ ਵੀ ਸਰਕਾਰੀ ਤੌਰ ‘ਤੇ ਨਵੇਂ ਸਾਈਨ ਬੋਰਡ ਲਗਾਉਣ ਦਾ ਐਲਾਨ ਕੀਤਾ ਹੈ। ਇਹ ਬੋਰਡ ਜਲਦ ਹੀ ਅਮਰੀਕੀ ਸਰਹੱਦਾਂ ‘ਤੇ ਲਗਾਏ ਜਾਣਗੇ, ਜਿਨ੍ਹਾਂ ‘ਤੇ ਲਿਖਿਆ ਹੋਵੇਗਾ ਕਿ ਇਹ ਸੂਬਾ “ਕਦੇ ਵੀ 51ਵੀਂ ਅਮਰੀਕੀ ਸਟੇਟ ਨਹੀਂ ਬਣੇਗਾ”।
ਅਲਬਰਟਾ ਸੂਬੇ ਵਿੱਚ ਅਗਲੇ ਮਹੀਨੇ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਕਾਰੋਬਾਰੀ ਆਗੂਆਂ ਨੇ ਵੋਟਰਾਂ ਨੂੰ ਕੈਨੇਡਾ ਦੇ ਨਾਲ ਹੀ ਰਹਿਣ ਦੀ ਅਪੀਲ ਕੀਤੀ ਹੈ। ‘ਬਿਜ਼ਨਸ ਕੌਂਸਲ ਆਫ਼ ਅਲਬਰਟਾ’, ਜੋ ਸੂਬੇ ਦੀਆਂ 130 ਤੋਂ ਵੱਧ ਵੱਡੀਆਂ ਕੰਪਨੀਆਂ ਦੇ ਮੁਖੀਆਂ ਦੀ ਨੁਮਾਇੰਦਗੀ ਕਰਦੀ ਹੈ, ਨੇ ਕਿਹਾ ਹੈ ਕਿ ਕੈਨੇਡਾ ਤੋਂ ਵੱਖ ਹੋਣ ਨਾਲ ਭਾਰੀ ਅਨਿਸ਼ਚਿਤਤਾ ਪੈਦਾ ਹੋਵੇਗੀ ਅਤੇ ਨੌਕਰੀਆਂ ਖ਼ਤਰੇ ਵਿੱਚ ਪੈ ਜਾਣਗੀਆਂ। ਕੌਂਸਲ ਦੇ ਪ੍ਰਧਾਨ ਐਡਮ ਲੈਗ ਨੇ ਕਿਹਾ ਕਿ ਅਲਬਰਟਾ ਕੈਨੇਡਾ ਵਿੱਚ ਰਹਿ ਕੇ ਵੀ ਫੈਡਰਲ ਸਰਕਾਰ ਤੋਂ ਆਪਣੇ ਹੱਕਾਂ ਅਤੇ ਜ਼ਰੂਰੀ ਬਦਲਾਅ ਦੀ ਮੰਗ ਕਰ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵੱਖ ਹੋਣ ਨਾਲ ਲੋਕਾਂ ਲਈ ਹੋਮ ਲੋਨ, ਗੱਡੀਆਂ ਦੀਆਂ ਕਿਸ਼ਤਾਂ ਅਤੇ ਹੋਰ ਖ਼ਰਚੇ ਮਹਿੰਗੇ ਹੋ ਸਕਦੇ ਹਨ, ਨਾਲ ਹੀ ਘਰਾਂ ਦੀਆਂ ਕੀਮਤਾਂ ‘ਤੇ ਵੀ ਬੁਰਾ ਅਸਰ ਪੈ ਸਕਦਾ ਹੈ। ਰਿਪੋਰਟਾਂ ਅਨੁਸਾਰ ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਨਾਲ ਸ਼ੁਰੂਆਤੀ ਦੌਰ ਵਿੱਚ ਲਗਭਗ 200 ਬਿਲੀਅਨ ਡਾਲਰ ਤੋਂ 400 ਬਿਲੀਅਨ ਡਾਲਰ ਦਾ ਭਾਰੀ ਖ਼ਰਚਾ ਆ ਸਕਦਾ ਹੈ, ਅਤੇ ਹਰ ਸਾਲ ਅਰਬਾਂ ਡਾਲਰ ਦਾ ਵਾਧੂ ਬੋਝ ਪਵੇਗਾ। ਇਸ ਨਾਲ ਸੂਬੇ ਦੀ ਆਰਥਿਕਤਾ ਕਮਜ਼ੋਰ ਹੋ ਸਕਦੀ ਹੈ। ਕੈਲਗਰੀ ਅਤੇ ਐਡਮੰਟਨ ਵਰਗੇ ਵੱਡੇ ਸ਼ਹਿਰਾਂ ਦੇ ਚੈਂਬਰ ਆਫ਼ ਕਾਮਰਸ ਸਮੇਤ ਹੋਰ ਕਾਰੋਬਾਰੀ ਸੰਗਠਨਾਂ ਨੇ ਵੀ ਅਲਬਰਟਾ ਦੇ ਕੈਨੇਡਾ ਨਾਲ ਰਹਿਣ ਦਾ ਸਮਰਥਨ ਕੀਤਾ ਹੈ। ਕੈਲਗਰੀ ਵਿੱਚ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਲਗਭਗ ਅੱਧੇ ਵਪਾਰੀ ਅਲਬਰਟਾ ਦੇ ਵੱਖ ਹੋਣ ਦੀ ਸਥਿਤੀ ਵਿੱਚ ਆਪਣਾ ਕਾਰੋਬਾਰ ਦੂਜੇ ਸੂਬਿਆਂ ਵਿੱਚ ਤਬਦੀਲ ਕਰਨ ਲਈ ਤਿਆਰ ਹਨ। ਸੂਬੇ ਵਿੱਚ 19 ਅਕਤੂਬਰ ਨੂੰ ਵੋਟਿੰਗ ਹੋਵੇਗੀ, ਜਿਸ ਵਿੱਚ ਲੋਕ ਇਹ ਫ਼ੈਸਲਾ ਕਰਨਗੇ ਕਿ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਜਾਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਕਾਰੋਬਾਰੀ ਸਮੂਹਾਂ ਦਾ ਮੰਨਣਾ ਹੈ ਕਿ ਕੈਨੇਡਾ ਨਾਲ ਰਹਿ ਕੇ ਹੀ ਅਲਬਰਟਾ ਇੱਕ ਮਜ਼ਬੂਤ ਅਤੇ ਅਮੀਰ ਸੂਬਾ ਬਣਿਆ ਰਹਿ ਸਕਦਾ ਹੈ।
ਓਨਟਾਰੀਓ ਸੂਬੇ ਵਿੱਚ ਰਿਚਮੰਡ ਹਿੱਲ ਸਥਿਤ ‘ਗਾਮਾ ਫਾਊਂਡਰੀਜ਼’ ਫੈਕਟਰੀ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਭਾਰਤੀ ਮਿਲਰਾਈਟ ਕਮਲ ਕੁਮਾਰ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਮਲ ਰੇਤ ਮਿਲਾਉਣ ਵਾਲੀ ਇੱਕ ਵੱਡੀ ਮਸ਼ੀਨ ਦੇ ਅੰਦਰ ਕੰਮ ਕਰ ਰਿਹਾ ਸੀ ਅਤੇ ਅਚਾਨਕ ਮਸ਼ੀਨ ਦਾ ਸਵਿੱਚ ਚਾਲੂ ਹੋ ਗਿਆ। ਮ੍ਰਿਤਕ ਆਪਣੇ ਪਿੱਛੇ 11 ਸਾਲਾਂ ਦਾ ਬੇਟਾ, ਪਤਨੀ ਅਨੂ ਰਾਣੀ ਅਤੇ ਬਜ਼ੁਰਗ ਮਾਂ ਛੱਡ ਗਿਆ ਹੈ, ਜਿਨ੍ਹਾਂ ਦਾ ਉਹ ਇਕੱਲਾ ਸਹਾਰਾ ਸੀ। ਕਮਲ ਦੀ ਪਤਨੀ ਅਨੂ ਰਾਣੀ ਨੇ ਬ੍ਰੈਂਪਟਨ ਸਥਿਤ ਆਪਣੇ ਘਰ ਵਿੱਚ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਪੂਰੀ ਜ਼ਿੰਦਗੀ ਗੁਆ ਦਿੱਤੀ ਹੈ। ਪਰਿਵਾਰ ਦੇ ਇੱਕ ਦੋਸਤ ਸੈਮ ਸ਼ਰਮਾ ਅਨੁਸਾਰ, ਹਾਦਸੇ ਵਾਲੇ ਦਿਨ ਕਮਲ ਮਸ਼ੀਨ ਦੇ ਇੱਕ ਪੁਰਜੇ ਦੀ ਜਾਂਚ ਕਰਨ ਲਈ ਲਗਭਗ ਦੋ ਮੰਜ਼ਿਲਾ ਉੱਚੀ ਮਸ਼ੀਨ ਦੇ ਅੰਦਰ ਗਿਆ ਸੀ, ਜਿਸ ਤੋਂ ਬਾਅਦ ਇਹ ਭਾਣਾ ਵਰਤ ਗਿਆ। ਫੈਕਟਰੀ ਦੇ ਪ੍ਰਧਾਨ ਰਾਇਨ ਬਿਸ਼ਪ ਨੇ ਕਿਹਾ ਕਿ ਕੰਪਨੀ ਕਿਰਤ ਮੰਤਰਾਲੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਸੁਰੱਖਿਆ ਦੇ ਇੰਤਜ਼ਾਮ ਸੁਧਾਰਨ ਲਈ ਬਾਹਰੀ ਮਾਹਰਾਂ ਦੀ ਮਦਦ ਲਈ ਜਾ ਰਹੀ ਹੈ। ਓਨਟਾਰੀਓ ਦੇ ਕਿਰਤ ਮੰਤਰਾਲੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਲਈ ‘ਲਾਕਆਊਟ ਪ੍ਰਕਿਰਿਆ’ ਲਾਗੂ ਹੋਣੀ ਚਾਹੀਦੀ ਸੀ, ਜਿਸ ਤਹਿਤ ਮਸ਼ੀਨ ਦੇ ਅੰਦਰ ਜਾਣ ਵਾਲੇ ਵਿਅਕਤੀ ਕੋਲ ਹੀ ਸਟਾਰਟ ਬਟਨ ਦਾ ਲਾਕ ਅਤੇ ਚਾਬੀ ਹੁੰਦੀ ਹੈ। ਦੋਸਤਾਂ ਅਨੁਸਾਰ ਕਮਲ ਭਾਰਤ ਤੋਂ ਵਰਕ ਪਰਮਿਟ ‘ਤੇ ਆਇਆ ਸੀ, ਅਤੇ ਉਸ ‘ਤੇ ਕੰਮ ਦਾ ਬਹੁਤ ਜ਼ਿਆਦਾ ਦਬਾਅ ਸੀ। ਪੀੜਤ ਪਤਨੀ, ਜੋ ਗੁਰਦੇ ਦੀ ਬਿਮਾਰੀ ਕਾਰਨ ਸਿਰਫ਼ ਪਾਰਟ-ਟਾਈਮ ਕੰਮ ਕਰ ਸਕਦੀ ਹੈ, ਹੁਣ ਆਪਣੇ ਬੱਚੇ ਅਤੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਡਰੀ ਹੋਈ ਹੈ।
ਕੋਸਟਕੋ ਕੈਨੇਡਾ ਨੇ ਆਪਣੇ ਕੁਝ ਚਿਕਨ ਬ੍ਰੈਸਟ ਦੇ ਉਤਪਾਦਾਂ ਨੂੰ ਬਾਜ਼ਾਰ ਤੋਂ ਵਾਪਸ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਉਤਪਾਦਾਂ ਵਿੱਚ ਸੋਇਆ ਹੋਣ ਦੀ ਸੰਭਾਵਨਾ ਹੈ, ਜਿਸ ਬਾਰੇ ਪੈਕੇਟ ਉੱਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਕੋਸਟਕੋ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਇਸ ਵਾਪਸੀ ਤੋਂ ਪ੍ਰਭਾਵਿਤ ਹੋਣ ਵਾਲਾ ਉਤਪਾਦ ‘ਰੌਸਡਾਊਨ ਮੀਲ ਸਟਾਰਟਰਜ਼ ਬਲੈਕ ਗਾਰਲਿਕ ਚਿਕਨ ਬ੍ਰੈਸਟ ਚੰਕਸ’ ਹੈ। ਇਹ ਸਾਮਾਨ ਆਈਟਮ ਨੰਬਰ 295021 ਦੇ ਤਹਿਤ ਕੋਸਟਕੋ ਦੇ ਸਟੋਰਾਂ ਤੋਂ ਅਗਸਤ 2026 ਅਤੇ ਸਤੰਬਰ 2026 ਦੇ ਮਹੀਨਿਆਂ ਦੌਰਾਨ ਵੇਚਿਆ ਗਿਆ ਸੀ। ਇਸ ਵਾਪਸੀ ਵਿੱਚ 10 ਅਗਸਤ 2026 ਨੂੰ ਤਿਆਰ ਕੀਤਾ ਗਿਆ ਮਾਲ ਅਤੇ 19 ਅਗਸਤ 2026 ਨੂੰ ਤਿਆਰ ਕੀਤਾ ਗਿਆ ਮਾਲ ਸ਼ਾਮਲ ਹੈ। ਕੰਪਨੀ ਵੱਲੋਂ ਜਾਰੀ ਕੀਤੀ ਗਈ ਸੂਚਨਾ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਹਾਨੂੰ ਸੋਇਆ ਤੋਂ ਐਲਰਜੀ ਹੈ ਜਾਂ ਇਸ ਨਾਲ ਕੋਈ ਸਮੱਸਿਆ ਹੁੰਦੀ ਹੈ, ਤਾਂ ਇਸ ਉਤਪਾਦ ਦੀ ਵਰਤੋਂ ਬਿਲਕੁਲ ਨਾ ਕਰੋ। ਅਜਿਹੇ ਉਤਪਾਦ ਖਾਣ ਨਾਲ ਤੁਹਾਡੀ ਸਿਹਤ ਉੱਤੇ ਗੰਭੀਰ ਅਸਰ ਪੈ ਸਕਦਾ ਹੈ ਅਤੇ ਇਹ ਜਾਣਲੇਵਾ ਵੀ ਹੋ ਸਕਦਾ ਹੈ। ਜਿਨ੍ਹਾਂ ਗਾਹਕਾਂ ਨੇ ਇਹ ਪ੍ਰਭਾਵਿਤ ਉਤਪਾਦ ਖਰੀਦਿਆ ਹੈ, ਉਹ ਇਸਨੂੰ ਆਪਣੇ ਨੇੜਲੇ ਕੋਸਟਕੋ ਸਟੋਰ ਵਿੱਚ ਵਾਪਸ ਕਰ ਸਕਦੇ ਹਨ ਅਤੇ ਆਪਣੇ ਪੂਰੇ ਪੈਸੇ ਵਾਪਸ ਲੈ ਸਕਦੇ ਹਨ।
ਇਸ ਹਫ਼ਤੇ ਦੇ ਅੰਤ ਵਿੱਚ ਮਿਸੀਸਾਗਾ ਵਿੱਚ ਹੋਣ ਵਾਲਾ ਇੱਕ ਵੱਡਾ ਕਾਮੇਡੀ ਫੈਸਟੀਵਲ ਅਚਾਨਕ ਰੱਦ ਕਰ ਦਿੱਤਾ ਗਿਆ ਹੈ। ‘ਦਿ ਗ੍ਰੇਟ ਆਊਟਡੋਰਜ਼ ਕਾਮੇਡੀ ਫੈਸਟੀਵਲ’ 11 ਸਤੰਬਰ ਤੋਂ 13 ਸਤੰਬਰ ਤੱਕ ਯੂਨੀਵਰਸਿਟੀ ਆਫ਼ ਟੋਰਾਂਟੋ ਮਿਸੀਸਾਗਾ ਦੇ ਨੇੜੇ ਸਥਿਤ ਐਰਿਨਡੇਲ ਪਾਰਕ ਵਿੱਚ ਕਰਵਾਇਆ ਜਾਣਾ ਸੀ। ਇਸ ਫੈਸਟੀਵਲ ਵਿੱਚ ਕਾਮੇਡੀ ਦੀ ਦੁਨੀਆ ਦੇ ਕਈ ਵੱਡੇ ਕਲਾਕਾਰਾਂ ਨੇ ਹਿੱਸਾ ਲੈਣਾ ਸੀ। ਸ਼ੁੱਕਰਵਾਰ ਦੇ ਮੁੱਖ ਕਲਾਕਾਰਾਂ ਵਿੱਚ ਸਟਾਵਰੋਸ ਹਾਲਕੀਆਸ, ਫ੍ਰੈਡ ਆਰਮਿਸਨ, ਜੇਮਜ਼ ਆਸਟਿਨ ਜੌਨਸਨ ਅਤੇ ਜੌਨ ਮੁਲੇਨੀ ਸ਼ਾਮਲ ਸਨ। ਸ਼ਨੀਵਾਰ ਨੂੰ ਟੀ.ਜੇ. ਮਿਲਰ, ਜੌਰਡਨ ਜੈਨਸਨ ਅਤੇ ਬ੍ਰੈਡ ਵਿਲੀਅਮਜ਼ ਨੇ ਆਪਣੀ ਪੇਸ਼ਕਾਰੀ ਦੇਣੀ ਸੀ, ਜਦੋਂ ਕਿ ਐਤਵਾਰ ਨੂੰ ਰੋਨੀ ਚਿਐਂਗ, ਮਾਈਕਲ ਕੋਸਟਾ ਅਤੇ ਹਸਨ ਮਿਨਹਾਜ ਵੱਲੋਂ ਸ਼ੋਅ ਦਾ ਸਮਾਪਨ ਕੀਤਾ ਜਾਣਾ ਸੀ। ਫੈਸਟੀਵਲ ਦੇ ਪ੍ਰਬੰਧਕਾਂ ਨੇ ਇੰਟਰਨੈੱਟ ‘ਤੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਨੇ ਇਸ ਸਮਾਗਮ ਨੂੰ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਫੈਸਲੇ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ। ਪ੍ਰਬੰਧਕਾਂ ਨੇ ਲਿਖਿਆ, “ਅਸੀਂ ਜਾਣਦੇ ਹਾਂ ਕਿ ਇਸ ਸ਼ੋਅ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਪਰ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਸਭ ਤੋਂ ਵਧੀਆ ਫੈਸਟੀਵਲ ਦਾ ਅਨੁਭਵ ਦੇਣਾ ਹੈ। ਅਸੀਂ ਮੰਨਦੇ ਹਾਂ ਕਿ ਇਸ ਹਫ਼ਤੇ ਦੇ ਸ਼ੋਅ ਨੂੰ ਅੱਗੇ ਪਾਉਣਾ ਹੀ ਸਹੀ ਫੈਸਲਾ ਹੈ ਤਾਂ ਜੋ ਅਸੀਂ ਭਵਿੱਖ ਵਿੱਚ ਇੱਕ ਵਧੀਆ ਈਵੈਂਟ ਕਰਵਾ ਸਕੀਏ।” ਆਯੋਜਕਾਂ ਨੇ ਕਿਹਾ ਕਿ ਉਹ ਨਵੀਆਂ ਤਰੀਕਾਂ ਦੀ ਭਾਲ ਕਰ ਰਹੇ ਹਨ ਅਤੇ ਜਿਵੇਂ ਹੀ ਕੋਈ ਨਵੀਂ ਤਰੀਕ ਤੈਅ ਹੋਵੇਗੀ, ਉਹ ਸ਼ੋਅ ਵਿੱਚ ਆਉਣ ਵਾਲੇ ਲੋਕਾਂ ਨਾਲ ਤੁਰੰਤ ਸੰਪਰਕ ਕਰਨਗੇ। ਉਨ੍ਹਾਂ ਇਹ ਵੀ ਕਿਹਾ, “ਜੇਕਰ ਤੁਸੀਂ ਟਿਕਟਾਂ ਖਰੀਦੀਆਂ ਹਨ, ਤਾਂ ਕਿਰਪਾ ਕਰਕੇ ਧਿਆਨ ਦਿਓ, ਅਸੀਂ ਜਲਦੀ ਹੀ ਤੁਹਾਡੇ ਨਾਲ ਸਿੱਧਾ ਰਾਬਤਾ ਕਾਇਮ ਕਰਾਂਗੇ।”
Filed under
