Washington- ਅਮਰੀਕਾ ਇਨ੍ਹੀਂ-ਦਿਨੀਂ ਉੱਤਰੀ ਕੋਰੀਆ ਨਾਲ ਨਾਰਾਜ਼ ਦਿਖਾਈ ਦੇ ਰਿਹਾ ਹੈ। ਵਾਰ-ਵਾਰ ਦੋਵੇਂ ਦੇਸ਼ ਇੱਕ-ਦੂਜੇ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟਾਅ ਰਹੇ ਹਨ। ਕਦੇ ਅਮਰੀਕਾ ਤਾਈਵਾਨ ਦੀ ਮਦਦ ਕਰਕੇ ਉੱਤਰੀ ਕੋਰੀਆ ਨੂੰ ਉਕਸਾਉਂਦਾ ਹੈ ਤਾਂ ਕਦੇ ਯੂਕਰੇਨ ਖ਼ਿਲਾਫ਼ ਲੜਾਈ ’ਚ ਸਾਥ ਦੇ ਕੇ ਉੱਤਰੀ ਕੋਰੀਆ, ਰੂਸ ਨਾਲ ਆਪਣੀਆਂ ਨਜ਼ਦੀਕੀਆਂ ਵਧਾਉਂਦਾ ਹੈ। ਇਸੇ ਵਿਚਾਲੇ ਅਮਰੀਕਾ ਨੇ ਇੱਕ ਵਾਰ ਉੱਤਰੀ ਕੋਰੀਆ ਨੂੰ ਚਿਤਾਵਨੀ ਦਿੱਤੀ ਹੈ।
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲਵਿਨ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਉੱਤਰੀ ਕੋਰੀਆ ਯੂਕਰੇਨ ਵਿਰੁੱਧ ਯੁੱਧ ਲੜਨ ਲਈ ਰੂਸ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਹੈ ਤਾਂ ਉਸ ਨੂੰ ਇਸ ਦੀ ‘ਕੀਮਤ’ ਚੁਕਾਉਣੀ ਪਏਗੀ। ਉਨ੍ਹਾਂ ਕਿਹਾ ਸੰਯੁਕਤ ਰਾਜ ਅਮਰੀਕਾ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ ਅਤੇ ਰੂਸ ਵਿਚਾਲੇ ਗੱਲਬਾਤ ਸਰਗਰਮ ਤੌਰ ’ਤੇ ਅੱਗੇ ਵੱਧ ਰਹੀ ਹੈ।
ਉੱਤਰੀ ਕੋਰੀਆ ਬਾਰੇ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ਸਾਡੇ ਵਲੋਂ ਕੀਤੇ ਗਏ ਮੌਜੂਦਾ ਵਿਸਲੇਸ਼ਣ ਤੋਂ ਇਹ ਖ਼ੁਲਾਸਾ ਹੋਇਆ ਹੈ ਕਿ ਉੱਤਰੀ ਕੋਰੀਆ ਅਤੇ ਰੂਸ ਵਿਚਾਲੇ ਯੂਕਰੇਨ ’ਚ ਯੁੱਧ ਲਈ ਰੂਸ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਨ ਦੇ ਸੰਬੰਧ ’ਚ ਉੱਤਰੀ ਕੋਰੀਆ ਅਤੇ ਰੂਸ ਵਿਚਾਲੇ ਚਰਚਾ ਸਰਗਰਮ ਤੌਰ ’ਤੇ ਅੱਗੇ ਵੱਧ ਰਹੀ ਹੈ।’’
ਸੁਲਵਿਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਉੱਤਰੀ ਕੋਰੀਆ ਦੇ ਇਰਾਦਿਆਂ ਦੇ ਬਾਰੇ ’ਚ ਕੋਈ ਅਟਕਲ ਨਹੀਂ ਲਗਾ ਸਕਦਾ ਹਾਂ। ਮੈਂ ਸਿਰਫ਼ ਇਸ ਵੇਲੇ ਇੰਨਾ ਕਹਿ ਸਕਦਾ ਹਾਂ ਕਿ ਉੱਤਰੀ ਕੋਰੀਆ ਯੂਕਰੇਨ ਵਿਰੁੱਧ ਚੱਲ ਰਹੇ ਯੁੱਧ ’ਚ ਰੂਸ ਦੀ ਮਦਦ ਕਰਦਿਆਂ ਉਸ ਨੂੰ ਹਥਿਆਰ ਦੇ ਸਕਦਾ ਹੈ, ਜਿਸ ਨਾਲ ਰੂਸ ਚੱਲ ਰਹੀ ਲੜਾਈ ’ਚ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ’ਤੇ ਹਮਲਾ ਕਰ ਸਕਦਾ ਹੈ।
ਸੁਲਵਿਨ ਦੀ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ, ਜਦੋਂ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਇਸ ਮਹੀਨੇ ਰੂਸ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਹਥਿਆਰਾਂ ਦੀ ਗੱਲਬਾਤ ਨੂੰ ਸਰਗਰਮ ਤੌਰ ’ਤੇ ਅੱਗੇ ਵਧਾਉਣ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨਗੇ।