, , ,

ਕੈਨੇਡਾ-ਅਮਰੀਕਾ ਬਾਰਡਰ ਪਾਰ ਕਰਵਾਉਣ ਵਾਲੇ ਤਿੰਨ ਕਾਬੂ! CANADA NEWS BULLETIN

VANCOUVER: ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 14 ਨਵੰਬਰ 2025 ਤੋਂ 30 ਅਪ੍ਰੈਲ 2026 ਦੌਰਾਨ ਫ਼ੀਫ਼ਾ ਵਿਸ਼ਵ ਕੱਪ ਦੇਖਣ ਲਈ 28,595 ਲੋਕਾਂ ਨੇ ਵਿਜ਼ਿਟਰ ਵੀਜ਼ੇ ਲਈ ਅਪਲਾਈ ਕੀਤਾ ਸੀ, ਪਰ ਇਨ੍ਹਾਂ ਵਿੱਚੋਂ ਸਿਰਫ਼ 6,535 ਬਿਨੈਕਾਰਾਂ ਨੂੰ ਹੀ ਵੀਜ਼ਾ ਮਿਲ ਸਕਿਆ। ਇਸ ਦੇ ਉਲਟ, ਵੀਜ਼ਾ ਛੋਟ ਵਾਲੇ ਦੇਸ਼ਾਂ ਜਿਵੇਂ ਆਸਟ੍ਰੇਲੀਆ, ਡੈਨਮਾਰਕ, ਫ਼ਰਾਂਸ ਤੇ ਜਰਮਨੀ ਦੇ 4,110 ਨਾਗਰਿਕਾਂ ਨੇ ‘ਇਲੈਕਟ੍ਰਾਨਿਕ ਟ੍ਰੈਵਲ ਆਥਰਾਈਜ਼ੇਸ਼ਨ’ ਲਈ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ 3,925 ਨੂੰ ਆਸਾਨੀ ਨਾਲ ਮਨਜ਼ੂਰੀ ਮਿਲ ਗਈ। ਦੱਸਣਯੋਗ ਹੈ ਕਿ ਵਿਜ਼ਿਟਰ ਵੀਜ਼ਾ ਦੀ ਫ਼ੀਸ 100 ਡਾਲਰ ਹੈ, ਜਦਕਿ ਈਟੀਏ  ਦੀ ਫ਼ੀਸ ਸਿਰਫ਼ 7 ਡਾਲਰ ਹੈ। ਫ਼ੀਫ਼ਾ ਵੱਲੋਂ ਬੁਲਾਏ ਗਏ ਸਟਾਫ਼, ਅਧਿਕਾਰੀਆਂ ਅਤੇ ਟੀਮਾਂ ਲਈ ਭੇਜੇ ਗਏ 2,450 ਸੱਦਾ ਪੱਤਰਾਂ ਵਿੱਚੋਂ 2,000 ਜਣਿਆਂ ਨੂੰ ਵੀਜ਼ਾ ਦਿੱਤਾ ਗਿਆ। ਇਸ ਤੋਂ ਇਲਾਵਾ, ਈਵੈਂਟ ਨਾਲ ਜੁੜੇ ਕਾਮਿਆਂ ਲਈ ਅਸਥਾਈ ਵਰਕ ਪਰਮਿਟ ਨਿਯਮਾਂ ਵਿੱਚ ਛੋਟ ਵੀ ਦਿੱਤੀ ਗਈ ਸੀ। ਭਾਰਤ ਦੀਆਂ 2,460 ਅਰਜ਼ੀਆਂ ਵਿੱਚੋਂ ਸਿਰਫ਼ 505 ਨੂੰ ਵੀਜ਼ਾ ਮਿਲਿਆ। ਪਾਕਿਸਤਾਨ ਦੀਆਂ 2,255 ਅਰਜ਼ੀਆਂ ਵਿੱਚੋਂ ਮਾਤਰ 155 ਸਵੀਕਾਰ ਹੋਈਆਂ। ਘਾਨਾ ਤੋਂ ਸਭ ਤੋਂ ਵੱਧ 3,185 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 2,140 ਲੋਕਾਂ ਨੂੰ ਵੀਜ਼ਾ ਮਿਲਿਆ।

ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਟੂਲਜ਼ ਚੋਰੀ ਕਰਨ ਦੇ ਦੋਸ਼ ਹੇਠ ਯੌਰਕ ਰਿਜਨਲ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲੀਸ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਫੇਅਰਬਰਨ ਡਰਾਈਵ ਅਤੇ ਹਾਈਵੇਅ 7 ਨੇੜੇ ਸਥਿਤ ਇੱਕ ਰਿਟੇਲ ਸਟੋਰ ਵਿੱਚ ਵਾਪਰੀ। ਸਟੋਰ ਦੇ ਅਮਲੇ ਨੇ ਪੰਜ ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਵਿੱਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ। ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਦਿੱਤੀ ਗਈ।

ਇੱਕ ਨਵੇਂ ਸਰਵੇਖਣ ਅਨੁਸਾਰ, ਬਹੁਤ ਘੱਟ ਕੈਨੇਡੀਅਨਾਂ ਨੂੰ ਇਹ ਵਿਸ਼ਵਾਸ ਹੈ ਕਿ ਨਵੀਆਂ ਗੱਡੀਆਂ ਆਧੁਨਿਕ ਚੋਰੀ ਦੇ ਤਰੀਕਿਆਂ ਤੋਂ ਸੁਰੱਖਿਅਤ ਹਨ। ਐਕਵਿਟੀ ਐਸੋਸੀਏਸ਼ਨ ਦੀ ਰਿਪੋਰਟ ਮੁਤਾਬਕ, ਸਿਰਫ਼ 18 ਫ਼ੀਸਦੀ ਲੋਕ ਮੰਨਦੇ ਹਨ ਕਿ ਮੌਜੂਦਾ ਗੱਡੀਆਂ ਦੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਹੈ। ਹਾਲਾਂਕਿ 2023 ਤੋਂ ਬਾਅਦ ਵਾਹਨ ਚੋਰੀਆਂ ਵਿੱਚ 33 ਫ਼ੀਸਦੀ ਦੀ ਕਮੀ ਆਈ ਹੈ, ਫਿਰ ਵੀ 64 ਫ਼ੀਸਦੀ ਕੈਨੇਡੀਅਨ ਆਪਣੀ ਗੱਡੀ ਚੋਰੀ ਹੋਣ ਤੋਂ ਚਿੰਤਤ ਹਨ। ਓਨਟਾਰੀਓ, ਖਾਸ ਕਰਕੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵਾਹਨ ਚੋਰੀ ਦੀਆਂ ਘਟਨਾਵਾਂ ਸਭ ਤੋਂ ਵੱਧ ਦੇਖੀਆਂ ਗਈਆਂ ਹਨ। ਰਿਪੋਰਟ ਅਨੁਸਾਰ 2025 ਵਿੱਚ ਚੋਰੀ ਹੋਏ ਵਾਹਨਾਂ ਕਰਕੇ ਪੀੜਤਾਂ ਨੂੰ 900 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ, ਜੋ ਕਿ ਸੰਗਠਿਤ ਅਪਰਾਧੀਆਂ ਲਈ ਮੁਨਾਫ਼ੇ ਦਾ ਵੱਡਾ ਜ਼ਰੀਆ ਹੈ। ਲਗਭਗ 72 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਗੱਡੀਆਂ ਵਿੱਚ ਸੁਰੱਖਿਆ ਫੀਚਰਜ਼ ਖਰੀਦਣ ਤੋਂ ਬਾਅਦ ਵੱਖਰੇ ਤੌਰ ‘ਤੇ ਲਗਾਉਣ ਦੀ ਬਜਾਏ, ਕੰਪਨੀਆਂ ਨੂੰ ਗੱਡੀ ਬਣਾਉਂਦੇ ਸਮੇਂ ਹੀ ਫੈਕਟਰੀ ਵਿੱਚ ਲਗਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ, 60 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਸਰਕਾਰ ਵਾਹਨ ਨਿਰਮਾਤਾਵਾਂ ਲਈ ਐਡਵਾਂਸਡ ਐਂਟੀ-ਥੈਫਟ ਤਕਨਾਲੋਜੀ ਲਾਜ਼ਮੀ ਕਰੇ।

ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਤੋਂ ਆਉਣ ਵਾਲੇ ਸਮਾਨ ’ਤੇ 50 ਫ਼ੀਸਦੀ ਵਾਧੂ ਟੈਰਿਫ ਲਗਾਏਗਾ। ਅਮਰੀਕਾ ਅਨੁਸਾਰ ਇਹ ਫੈਸਲਾ ਕੈਨੇਡਾ ਵੱਲੋਂ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਚੁੱਕੇ ਗਏ “ਪੱਖਪਾਤੀ” ਕਦਮਾਂ ਕਾਰਨ ਲਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧੀ ਤਿੰਨ ਕਾਰਜਕਾਰੀ ਹੁਕਮਾਂ ‘ਤੇ ਦਸਤਖਤ ਕੀਤੇ ਹਨ। ਇਹ ਨਵਾਂ ਟੈਰਿਫ 30 ਦਿਨਾਂ ਵਿੱਚ ਲਾਗੂ ਹੋਵੇਗਾ ਅਤੇ ਕੈਨੇਡਾ-ਯੂਐੱਸ-ਮੈਕਸੀਕੋ ਮੁਕਤ ਵਪਾਰ ਸਮਝੌਤੇ ਅਧੀਨ ਆਉਂਦੀਆਂ ਵਸਤੂਆਂ ‘ਤੇ ਵੀ ਲਾਗੂ ਹੋਵੇਗਾ। ਵਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ ਡੇਢ ਸਾਲ ਵਿੱਚ ਸਿਰਫ਼ ਚੀਨ ਅਤੇ ਕੈਨੇਡਾ ਨੇ ਹੀ ਅਮਰੀਕੀ ਟੈਰਿਫਾਂ ਦਾ ਜਵਾਬ ਗੱਲਬਾਤ ਕਰਨ ਦੀ ਬਜਾਏ ਬਦਲੇ ਦੀ ਕਾਰਵਾਈ ਨਾਲ ਦਿੱਤਾ ਹੈ। ਇਸ ਟੈਰਿਫ ਅਧੀਨ ਕੈਨੇਡੀਅਨ ਸ਼ਰਾਬ, ਡੇਅਰੀ ਉਤਪਾਦ, ਖੇਤੀਬਾੜੀ ਸਮਾਨ, ਫਰਨੀਚਰ, ਕੱਪੜੇ, ਕਾਗਜ਼ ਅਤੇ ਹਾਕੀ ਸਟਿੱਕਾਂ ਵਰਗੀਆਂ ਵਸਤੂਆਂ ਆਉਣਗੀਆਂ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਕਿਹਾ ਹੈ, ਤਾਂ ਜੋ ਅਮਰੀਕੀ ਹਵਾ ਨੂੰ ਜ਼ਹਿਰੀਲੀ ਹੋਣ ਤੋਂ ਰੋਕਿਆ ਜਾ ਸਕੇ। ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਨਿਊ ਜਰਸੀ ਵਿੱਚ ‘ਵਰਲਡ ਕੱਪ ਫਾਈਨਲ’ ਮੈਚ ਦੌਰਾਨ ਹੋਈ। ਟਰੰਪ ਨੇ ਦਾਅਵਾ ਕੀਤਾ ਕਿ ਕੈਨੇਡਾ ਦੀ ਅੱਗ ਦੇ ਧੂੰਏਂ ਕਾਰਨ ਅਮਰੀਕਾ ਵਿੱਚ ਕਾਰੋਬਾਰ ਠੱਪ ਹੋ ਰਹੇ ਹਨ ਅਤੇ ਅਮਰੀਕਾ ਇਸ ਨੁਕਸਾਨ ਦੇ ਬਦਲੇ ਕੈਨੇਡਾ ‘ਤੇ ਜੁਰਮਾਨਾ ਲਗਾ ਸਕਦਾ ਹੈ। ਮਿਸ਼ੀਗਨ ਅਤੇ ਹੋਰ ਉੱਤਰੀ ਰਾਜਾਂ ਵਿੱਚ ਜ਼ਹਿਰੀਲੇ ਧੂੰਏਂ ਕਾਰਨ ਪਾਰਕ, ਸਵੀਮਿੰਗ ਪੂਲ ਅਤੇ ਕਾਰਖਾਨੇ ਬੰਦ ਕਰਨੇ ਪਏ ਹਨ। ਫੋਰਡ ਪਲਾਂਟ ਦੇ ਕਈ ਮਜ਼ਦੂਰਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਦਾ ਜੰਗਲਾਤ ਖੇਤਰ ਟੈਕਸਾਸ ਤੋਂ 8 ਗੁਣਾ ਵੱਡਾ ਹੈ ਅਤੇ ਦੇਸ਼ ਸੋਕੇ ਦੀ ਸਥਿਤੀ ਨਾਲ ਜੂਝ ਰਿਹਾ ਹੈ। ਕੈਨੇਡਾ ਨੇ ਅੱਗ ‘ਤੇ ਕਾਬੂ ਪਾਉਣ ਲਈ 12 ਅਰਬ ਡਾਲਰ ਅਤੇ 5,000 ਤੋਂ ਵੱਧ ਫਾਇਰਫਾਈਟਰ ਤਾਇਨਾਤ ਕੀਤੇ ਹਨ।

ਅਮਰੀਕੀ ਅਧਿਕਾਰੀਆਂ ਅਨੁਸਾਰ, ਤਿੰਨ ਮੈਕਸੀਕਨ ਨਾਗਰਿਕਾਂ ਨੇ ਕੈਨੇਡਾ ਦੇ ਰਸਤੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਵਾਲੇ ਮਨੁੱਖੀ ਤਸਕਰੀ ਗਿਰੋਹ ਦਾ ਹਿੱਸਾ ਹੋਣ ਦਾ ਜੁਰਮ ਕਬੂਲ ਕਰ ਲਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਇਹ ਤਿੰਨੋਂ ਵਿਅਕਤੀ ਇੱਕ ਅਜਿਹੇ ਸੰਗਠਨ ਨਾਲ ਜੁੜੇ ਹੋਏ ਸਨ, ਜਿਸ ਨੇ ਸੈਂਕੜੇ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਕਰਵਾਇਆ ਸੀ। ਇਨ੍ਹਾਂ ਮੁਲਜ਼ਮਾਂ ਨੇ ਵਿਦੇਸ਼ੀਆਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚਣ ਅਤੇ ਵਿੱਤੀ ਲਾਭ ਲਈ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਕਈ ਦੋਸ਼ਾਂ ਨੂੰ ਅਦਾਲਤ ਵਿੱਚ ਸਵੀਕਾਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਨਵੰਬਰ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ, ਜਿਸ ਵਿੱਚ ਉਨ੍ਹਾਂ ਨੂੰ 5 ਤੋਂ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਮਾਮਲੇ ਦੇ ਇੱਕ ਹੋਰ ਸਹਿ-ਮੁਲਜ਼ਮ ਨੇ ਇਸੇ ਸਾਲ ਮਈ ਮਹੀਨੇ ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਵਿੱਚ ਆਪਣਾ ਜੁਰਮ ਕਬੂਲ ਕੀਤਾ ਸੀ, ਜਿਸ ਦੀ ਸਜ਼ਾ ਦਾ ਐਲਾਨ ਸਤੰਬਰ ਵਿੱਚ ਕੀਤਾ ਜਾਵੇਗਾ।

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਜੂਨ ਮਹੀਨੇ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 2.8 ਫ਼ੀਸਦੀ ਰਹਿ ਗਈ। ਇਸ ਦਾ ਮੁੱਖ ਕਾਰਨ ਗੈਸ ਦੀਆਂ ਕੀਮਤਾਂ ਵਿੱਚ ਆਈ ਕਮੀ ਰਿਹਾ। ਅਮਰੀਕਾ ਅਤੇ ਇਰਾਨ ਵਿਚਾਲੇ ਹੋਈ ਜੰਗ ਕਾਰਨ ਪਿਛਲੇ ਕੁਝ ਮਹੀਨਿਆਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਸਨ, ਜਿਸ ਨਾਲ ਗੈਸ ਮਹਿੰਗੀ ਹੋਈ ਅਤੇ ਮਈ ਮਹੀਨੇ ਵਿੱਚ ਮਹਿੰਗਾਈ ਦਰ ਵੱਧ ਕੇ 3.2 ਫ਼ੀਸਦੀ ਤੱਕ ਪਹੁੰਚ ਗਈ ਸੀ। ਪਰ ਪਿਛਲੇ ਮਹੀਨੇ ਜੰਗਬੰਦੀ ਅਤੇ ਕੂਟਨੀਤਿਕ ਗੱਲਬਾਤ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਆਈ। ਇਸ ਕਾਰਨ ਮਹੀਨਾਵਾਰ ਅਧਾਰ ‘ਤੇ ਗੈਸ ਕੀਮਤਾਂ ਵਿੱਚ 10.2 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ। ਹਾਲਾਂਕਿ ਹੁਣ ਦੋਵੇਂ ਦੇਸ਼ਾਂ ਵਿਚਾਲੇ ਹੋਇਆ ਸਮਝੌਤਾ ਟੁੱਟ ਜਾਣ ਕਾਰਨ ਤਣਾਅ ਮੁੜ ਵੱਧ ਗਿਆ ਹੈ ਅਤੇ ਨਤੀਜੇ ਵਜੋਂ ਗੈਸ ਸਟੇਸ਼ਨਾਂ ‘ਤੇ ਕੀਮਤਾਂ ਫਿਰ ਚੜ੍ਹਣ ਲੱਗੀਆਂ ਹਨ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੇ ਗੈਸ ਕੀਮਤਾਂ ਨੂੰ ਮਹਿੰਗਾਈ ਦੀ ਗਿਣਤੀ ਵਿੱਚੋਂ ਹਟਾ ਦਿੱਤਾ ਜਾਵੇ, ਤਾਂ ਮਈ ਤੋਂ ਜੂਨ ਤੱਕ ਮਹਿੰਗਾਈ ਦਰ ਵਿੱਚ ਕੋਈ ਬਦਲਾਅ ਨਹੀਂ ਆਇਆ। ਗ੍ਰੋਸਰੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਰਫ਼ਤਾਰ ਵੀ ਘੱਟ ਹੋਈ ਹੈ। ਜੂਨ ਵਿੱਚ ਗ੍ਰੋਸਰੀ ਦੀਆਂ ਕੀਮਤਾਂ 3.9 ਫ਼ੀਸਦੀ ਵਧੀਆਂ, ਜਦਕਿ ਮਈ ਵਿੱਚ ਇਹ ਵਾਧਾ 4.3 ਫ਼ੀਸਦੀ ਸੀ।

ਕੈਨੇਡਾ ਵਿੱਚ ਜੂਨ ਦੇ ਮਹੀਨੇ ਆਮ ਮਹਿੰਗਾਈ ਦਰ ਘਟ ਕੇ 2.8 ਫ਼ੀਸਦੀ ‘ਤੇ ਆ ਗਈ ਹੈ, ਪਰ ਆਮ ਪਰਿਵਾਰਾਂ ਲਈ ਖਾਣ-ਪੀਣ ਦਾ ਸਾਮਾਨ ਅਜੇ ਵੀ ਮਹਿੰਗਾ ਹੋ ਰਿਹਾ ਹੈ। ਜੂਨ ਲਗਾਤਾਰ 17ਵਾਂ ਮਹੀਨਾ ਰਿਹਾ ਜਦੋਂ ਗਰੋਸਰੀ ਦੀ ਮਹਿੰਗਾਈ ਦਰ ਆਮ ਮਹਿੰਗਾਈ ਦਰ ਨਾਲੋਂ ਵੱਧ ਰਹੀ। ਕੈਨੇਡੀਅਨ ਲੇਬਰ ਕਾਂਗਰਸ ਦੇ ਅਰਥਸ਼ਾਸਤਰੀ ਡੀ.ਟੀ. ਕੋਚਰੇਨ ਅਨੁਸਾਰ, ਪਿਛਲੇ ਪੰਜ ਸਾਲਾਂ ਵਿੱਚ ਗਰੋਸਰੀ ਦੀਆਂ ਕੀਮਤਾਂ ਵਿੱਚ 30 ਫ਼ੀਸਦੀ ਦਾ ਵਾਧਾ ਹੋਇਆ ਹੈ। ਜੂਨ ਵਿੱਚ ਚਿਕਨ ਦੀਆਂ ਕੀਮਤਾਂ ਵਿੱਚ 5.7 ਫ਼ੀਸਦੀ ਅਤੇ ਬ੍ਰੈੱਡ-ਬਨ ਦੀਆਂ ਕੀਮਤਾਂ ਵਿੱਚ 6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਤਾਜ਼ੇ ਫਲਾਂ ਅਤੇ ਟਮਾਟਰਾਂ ਦੀਆਂ ਕੀਮਤਾਂ ਵਿੱਚ ਪਿਛਲੇ ਮਹੀਨਿਆਂ ਦੇ ਮੁਕਾਬਲੇ ਕੁਝ ਰਾਹਤ ਮਿਲੀ ਹੈ, ਕਿਉਂਕਿ ਮੈਕਸੀਕੋ ਦੀ ਬਜਾਏ ਅਮਰੀਕਾ ਤੋਂ ਸਪਲਾਈ ਸ਼ੁਰੂ ਹੋ ਗਈ ਸੀ। ਪ੍ਰਭਾਵਿਤ ਫਸਲਾਂ ਅਤੇ ਜੰਗਲਾਂ ਦੀ ਅੱਗ ਦੇ ਧੂੰਏਂ ਕਰਕੇ ਆਉਣ ਵਾਲੇ ਮਹੀਨਿਆਂ ਵਿੱਚ ਉਤਪਾਦਨ ‘ਤੇ ਅਸਰ ਪੈ ਸਕਦਾ ਹੈ, ਪਰ ਮਾਹਰਾਂ ਨੂੰ ਉਮੀਦ ਹੈ ਕਿ ਜੁਲਾਈ ਅਤੇ ਅਗਸਤ ਵਿੱਚ ਸਥਾਨਕ ਕੈਨੇਡੀਅਨ ਫਸਲਾਂ ਆਉਣ ਨਾਲ ਕੁਝ ਹੋਰ ਰਾਹਤ ਮਿਲੇਗੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਹੋਰ ਕੈਨੇਡੀਅਨ ਅਧਿਕਾਰੀਆਂ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੂੰ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ ਹੈ। ਇਸ ਨਾਲ ਹੀ ਉਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਬਰਨਹੈਮ ਨੇ ਸੋਮਵਾਰ ਨੂੰ ਆਧਿਕਾਰਿਕ ਤੌਰ ‘ਤੇ ਸਹੁੰ ਚੁੱਕੀ, ਜੋ ਪਿਛਲੇ ਚਾਰ ਸਾਲਾਂ ਵਿੱਚ ਯੂ.ਕੇ. ਦੇ ਪੰਜਵੇਂ ਪ੍ਰਧਾਨ ਮੰਤਰੀ ਬਣੇ ਹਨ। ਪ੍ਰਧਾਨ ਮੰਤਰੀ ਕਾਰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬਰਨਹੈਮ ਨਾਲ ਮਿਲ ਕੇ ਅਟਲਾਂਟਿਕ ਦੇ ਦੋਵੇਂ ਪਾਸੇ ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਲਈ ਕੰਮ ਕਰਨ ਲਈ ਉਤਸ਼ਾਹਿਤ ਹਨ। ਉਨ੍ਹਾਂ ਖਾਸ ਤੌਰ ‘ਤੇ ਵਪਾਰ, ਰੱਖਿਆ ਉਦਯੋਗਾਂ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਰਗੇ ਖੇਤਰਾਂ ਵਿੱਚ ਸਾਂਝੇਦਾਰੀ ਵਧਾਉਣ ‘ਤੇ ਜ਼ੋਰ ਦਿੱਤਾ। ਬਰਨਹੈਮ ਨੇ ਕੀਰ ਸਟਾਰਮਰ ਦੀ ਜਗ੍ਹਾ ਲਈ ਹੈ। ਸਟਾਰਮਰ ਨੇ ਆਪਣੇ ਕਾਰਜਕਾਲ ਦੌਰਾਨ ਯੂ.ਕੇ. ਨੂੰ ‘ਡਿਫੈਂਸ, ਸਕਿਓਰਿਟੀ ਐਂਡ ਰੈਜ਼ੀਲੀਅੰਸ ਬੈਂਕ’ ਦਾ ਹਿੱਸਾ ਨਾ ਬਣਾਉਣ ਦਾ ਫੈਸਲਾ ਕੀਤਾ ਸੀ। ਇਹ ਬੈਂਕ ਨਾਟੋ ਅਤੇ ਸਹਿਯੋਗੀ ਦੇਸ਼ਾਂ ਦੇ ਰੱਖਿਆ ਪ੍ਰੋਜੈਕਟਾਂ ਨੂੰ ਫੰਡ ਦੇਣ ਵਾਲੀ ਇੱਕ ਸੰਸਥਾ ਹੈ, ਜਿਸ ਦਾ ਹੈੱਡਕੁਆਰਟਰ ਕੈਨੇਡਾ ਵਿੱਚ ਬਣਾਇਆ ਜਾ ਰਹਾ ਹੈ। ਬਰਤਾਨੀਆ ਵਿੱਚ ਕੈਨੇਡਾ ਦੇ ਰਾਜਦੂਤ ਬਿਲ ਬਲੇਅਰ ਨੇ ਉਮੀਦ ਪ੍ਰਗਟਾਈ ਕਿ ਨਵੀਂ ਬ੍ਰਿਟਿਸ਼ ਸਰਕਾਰ ‘ਡਿਫੈਂਸ, ਸਕਿਓਰਿਟੀ ਐਂਡ ਰੈਜ਼ੀਲੀਅੰਸ ਬੈਂਕ’ ਵਿੱਚ ਸ਼ਾਮਲ ਹੋਣ ‘ਤੇ ਪੁਨਰ-ਵਿਚਾਰ ਕਰੇਗੀ।

Corrections

Spotted an error in this story? Email contact@tvpunjab.com. We correct at the same prominence as the original.

More from TV Punjab