ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਨੇ ਟੈਸਲਾ ਨੂੰ ਹਟਾਇਆ, ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ

Vancouver- ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਨੇ ਇਸ ਹਫ਼ਤੇ ਮਸ਼ਹੂਰ ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਟੈਸਲਾ ਨੂੰ ਆਪਣੇ ਇਵੈਂਟ ਤੋਂ ਹਟਾ ਦਿੱਤਾ ਹੈ। ਸ਼ੋਅ ਦੇ ਆਯੋਜਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਮੁੱਖ ਚਿੰਤਾ ਪੂਰੇ ਸਮਾਗਮ ਦੌਰਾਨ ਸ਼ਾਮਲ ਲੋਕਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਸੀ।

ਟੈਸਲਾ ਹਾਲ ਹੀ ਵਿੱਚ ਕੈਨੇਡਾ ਵਿੱਚ ਵਿਰੋਧਾਂ ਦਾ ਕੇਂਦਰ ਬਣਿਆ ਹੋਇਆ ਹੈ, ਜਿਸਦਾ ਕਾਰਨ ਉਸਦੇ ਮਾਲਕ ਐਲਨ ਮਸਕ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਨੇੜਤਾ ਹੈ। ਇਸ ਵੇਲੇ, ਟਰੰਪ ਨੇ ਕੈਨੇਡੀਅਨ ਆਯਾਤ ਉੱਤੇ 25% ਟੈਰਿਫ਼ ਲਗਾ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਕੈਨੇਡਾ ਨੂੰ ਮਿਲ ਰਹੀਆਂ ਜਨਤਕ ਧਮਕੀਆਂ ਵੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਟੈਸਲਾ ਦੀਆਂ ਕਾਰਾਂ ‘ਤੇ ਕੈਨੇਡਾ ਵਿੱਚ ਵਿਰੋਧ-ਪ੍ਰਦਰਸ਼ਨ ਹੋ ਰਹੇ ਹਨ, ਜਦਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਕੰਪਨੀ ਦੀਆਂ ਗੱਡੀਆਂ ਨੂੰ ਸਰਕਾਰੀ ਇਲੈਕਟ੍ਰਿਕ ਵਾਹਨ ਰੀਬੇਟ ਯੋਜਨਾਵਾਂ ਤੋਂ ਵੀ ਬਾਹਰ ਰੱਖਿਆ ਗਿਆ ਹੈ। ਹੁਣ, ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਨੇ ਟੈਸਲਾ ਨੂੰ ਆਪਣੇ ਸ਼ੋਅ ‘ਚੋਂ ਹਟਾਉਣ ਦਾ ਐਲਾਨ ਕਰ ਦਿੱਤਾ, ਹਾਲਾਂਕਿ ਆਯੋਜਕਾਂ ਮੁਤਾਬਕ, ਕੰਪਨੀ ਨੂੰ ਖੁਦ ਹੀ ਹਟਣ ਲਈ ਕਈ ਵਾਰ ਮੌਕਾ ਦਿੱਤਾ ਗਿਆ ਸੀ।

ਸ਼ੋਅ ਦੇ ਐਕਜ਼ਿਕਿਊਟਿਵ ਡਾਇਰੈਕਟਰ ਐਰਿਕ ਨਿਕੋਲ ਨੇ ਆਪਣੇ ਬਿਆਨ ਵਿੱਚ ਕਿਹਾ, “ਵੈਨਕੂਵਰ ਆਟੋ ਸ਼ੋਅ ਲਈ ਸਭ ਤੋਂ ਵੱਡੀ ਤਰਜੀਹ ਸਮਾਗਮ ਵਿੱਚ ਆਉਣ ਵਾਲਿਆਂ ਦੀ ਸੁਰੱਖਿਆ ਹੈ। ਅਸੀਂ ਇਹ ਫ਼ੈਸਲਾ ਇਸ ਲਈ ਲਿਆ ਹੈ ਤਾਂ ਕਿ ਲੋਕ ਇਹ ਸ਼ੋਅ ਬਿਨਾ ਕਿਸੇ ਚਿੰਤਾ ਦੇ ਆਨੰਦ ਲੈ ਕੇ ਦੇਖ ਸਕਣ।”

ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਟੈਸਲਾ ਦੀ ਮੌਜੂਦਗੀ ਨਾਲ ਸੰਭਾਵਿਤ ਸੁਰੱਖਿਆ ਖ਼ਤਰੇ ਕੀ ਸਨ। ਵੈਨਕੂਵਰ ਆਟੋ ਸ਼ੋਅ ਹਰੇਕ ਸਾਲ ਵੈਨਕੂਵਰ ਕਨਵੇਂਸ਼ਨ ਸੈਂਟਰ ਵਿੱਚ ਆਯੋਜਿਤ ਹੁੰਦੀ ਹੈ ਅਤੇ ਇਸ ਸ਼ੋਅ ਨੂੰ 100,000 ਤੋਂ ਵੱਧ ਲੋਕਾਂ ਵੱਲੋਂ ਦੇਖਿਆ ਜਾਂਦਾ ਹੈ। ਇਹ ਸਮਾਗਮ ਨਿਊ ਕਾਰ ਡੀਲਰਜ਼ ਐਸੋਸੀਏਸ਼ਨ ਆਫ ਬੀ.ਸੀ. ਵੱਲੋਂ ਚਲਾਇਆ ਜਾਂਦਾ ਹੈ।

ਟੈਸਲਾ ਦੇ ਸੀ.ਈ.ਓ. ਐਲਨ ਮਸਕ, ਜੋ ਅਮਰੀਕਾ ਦੇ “ਡਿਪਾਰਟਮੈਂਟ ਆਫ ਗਵਰਨਮੈਂਟ ਐਫ਼ਿਸੈਂਸੀ” ਦੇ ਮੁਖੀ ਵੀ ਹਨ, ਟਰੰਪ ਦੇ ਨਜ਼ਦੀਕੀ ਗਿਣੇ ਜਾਂਦੇ ਹਨ। ਉਨ੍ਹਾਂ ਨੇ ਅਮਰੀਕੀ ਨੌਕਰੀਆਂ ਵਿੱਚ ਵੱਡੀ ਕਟੌਤੀ ਕੀਤੀ ਹੈ।