ਦੋ ਹੱਤਿਆਵਾਂ ਦੇ ਮਾਮਲੇ ’ਚ ਸਰੀ ਦੇ ਗੈਂਗਸਟਰ ਨੂੰ ਉਮਰ ਕੈਦ ਦੀ ਸਜ਼ਾ

Surrey- ਸਰੀ ਦੇ ਇੱਕ ਵਿਅਕਤੀ ਨੂੰ ਸਾਲ 2017 ਅਤੇ 2018 ’ਚ ਸਰੀ ਦੇ ਇੱਕ ਗੈਂਗਸਟਰ ਅਤੇ ਐਬਟਸਫੋਰਡ ਦੇ ਇੱਕ ਵਿਅਕਤੀ ਨੂੰ ਮਾਰਨ ਦੇ ਨਾਲ-ਨਾਲ ਦੋ ਹੋਰਨਾਂ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 24 ਸਾਲਾ ਟਾਇਰੇਲ ਨਗੁਏਨ ਨੂੰ ਵੈਨਕੂਵਰ ’ਚ ਬੀ.ਸੀ. ਸੁਪਰੀਮ ਕੋਰਟ ਵਲੋਂ ਬੀਤੇ ਦਿਨ ਭਾਵ ਕਿ 11 ਜਨਵਰੀ ਨੂੰ ਸਜ਼ਾ ਸੁਣਾਈ ਗਈ ਸੀ।
ਦੱਸਣਯੋਗ ਹੈ ਕਿ ਨਗੁਏਨ ਨੂੰ 27 ਨਵੰਬਰ 2017 ਨੂੰ ਸਰੀ ਦੇ 27 ਸਾਲਾ ਰੈਂਡੀ ਕੰਗ ਅਤੇ 12 ਨਵੰਬਰ 2018 ਨੂੰ ਐਬਟਸਫੋਰਡ ਦੇ 19 ਸਾਲਾ ਜਗਵੀਰ ਮੱਲ੍ਹੀ ਦੇ ਫਸਟ-ਡਿਗਰੀ ਕਤਲਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇੰਨਾ ਹੀ ਨਹੀਂ, ਉਸ ਨੂੰ 27 ਅਕਤੂਬਰ, 2017 ਨੂੰ ਕੰਗ ਦੇ ਭਰਾ ਗੈਰੀ ਅਤੇ ਕੰਗ ਦੇ ਸਹਿਯੋਗੀ ਕੈਮਿਲੋ ਅਲੋਂਸੋ ਦੀ ਹੱਤਿਆ ਦੀ ਕੋਸ਼ਿਸ਼ ਕਰਨ ਲਈ ਵੀ ਦੋਸ਼ੀ ਠਹਿਰਾਇਆ ਗਿਆ ਸੀ।
ਜਸਟਿਸ ਮਰੀਅਮ ਗ੍ਰੋਪਰ ਨੇ ਇਹ ਵੀ ਫੈਸਲਾ ਸੁਣਾਇਆ ਕਿ ਕਤਲਾਂ ਲਈ ਦੋ ਉਮਰ ਕੈਦ ਦੀ ਸਜ਼ਾ ਇਕੱਠਿਆਂ ਦਿੱਤੀ ਜਾਵੇਗੀ। ਕ੍ਰਾਊਨ ਦਾ ਬਹੁਤਾ ਕੇਸ ਪੁਲਿਸ ਏਜੰਟ ਦੀ ਗਵਾਹੀ ’ਤੇ ਅਧਾਰਤ ਸੀ, ਜਿਸਦਾ ਨਾਮ ਪ੍ਰਕਾਸ਼ਨ ਪਾਬੰਦੀ ਦੇ ਅਧੀਨ ਸੁਰੱਖਿਅਤ ਹੈ ਅਤੇ ਜਿਸਦਾ ਨਾਮ ਏ. ਬੀ. ਦੁਆਰਾ ਸੰਦਰਭ ਕੀਤਾ ਗਿਆ ਸੀ।