ਪੰਜਾਬ ਵਾਸੀਆਂ ਨੂੰ ਅੱਜ ਮਿਲੇਗੀ 2 ਵੰਦੇ ਭਾਰਤ ਟਰੇਨਾਂ ਦੀ ਸੌਗਾਤ, ਅਯੁੱਧਿਆ ਤੋਂ PM ਮੋਦੀ ਦਿਖਾਉਣਗੇ ਹਰੀ ਝੰਡੀ

ਡੈਸਕ- ਦਿੱਲੀ ਤੋਂ ਅੰਮ੍ਰਿਤਸਰ ਦੇ ਵਿਚ ਵੰਦੇ ਭਾਰਤ ਟ੍ਰੇਨ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰੇਲਵੇ ਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ।ਇਸ ਟ੍ਰੇਨ ਦੇ ਕੋਚ ਦੁਲਹਨ ਦੀ ਤਰ੍ਹਾਂ ਸਜ ਕੇ ਤਿਆਰ ਹਨ। ਪਹਿਲੇ ਦਿਨ ਇਸ ਗੱਡੀ ਵਿਚ ਸਾਰੇ ਯਾਤਰੀਆਂ ਨੂੰ ਦਿੱਲੀ ਤੱਕ ਮੁਫਤ ਸਫਰ ਕਰਨ ਨੂੰ ਮਿਲੇਗਾ। ਅੱਜ ਸਵੇਰੇ 11 ਵਜ ਕੇ 15 ਮਿੰਟ ‘ਤੇ ਇਹ ਟ੍ਰੇਨ ਰਵਾਨਾ ਹੋਵੇਗੀ। ਬਾਕੀ ਦਿਨਾਂ ਵਿਚ ਇਹ ਟ੍ਰੇਨ ਸਵੇਰੇ 8.15 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 1.30 ਵਜੇ ਦਿੱਲੀ ਪਹੁੰਚੇਗੀ।

ਆਮ ਲੋਕ 1 ਜਨਵਰੀ 2024 ਤੋਂ ਹੀ ਇਸ ਵਿਚ ਸਫਰ ਕਰ ਸਕਣਗੇ। ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਦੇਰ ਰਾਤ ਤੱਕ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਮੁਕੰਮਲ ਕਰ ਲਈ ਗਈ ਹੈ। ਵੰਦੇ ਭਾਰਤ ਗੱਡੀ ਲਈ ਵਾਸ਼ਿੰਗ ਲਾਈਨ ਨੰਬਰ ਪੰਜ ਨੂੰ ਤਿਆਰ ਕੀਤਾ ਗਿਆ ਹੈ।

ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਇਹ ਟ੍ਰੇਨ 9.26 ਵਜੇ ਜਲੰਧਰ ਕੈਂਟ, 10.16 ਵਜੇ ਲੁਧਿਆਣਾ, 11.34 ਵਜੇ ਅੰਬਾਲਾ ਤੇ 1.30ਵਜੇ ਦਿੱਲੀ ਪਹੁੰਚੇਗੀ। ਇਸਦੇ ਬਾਅਦ ਦਿੱਲੀ ਤੋਂ ਇਹ ਗੱਡੀ 3.15 ਵਜੇ ਰਵਾਨਾ ਹੋਵੇਗੀ ਤੇ 8.35 ਵਜੇ ਅੰਮ੍ਰਿਤਸਰ ਪਹੁੰਚੇਗੀ। ਸ਼ਤਾਬਦੀ ਐਕਸਪ੍ਰੈਸ ਵੀ ਰੋਜ਼ਾਨਾ ਦਿੱਲੀ ਤੋਂ ਅਪ-ਡਾਊਨ ਕਰਦੀ ਹੈ। ਇਸ ਗੱਡੀ ਵਿਚ ਕੁੱਲ6 ਘੰਟੇ ਦਾ ਸਮਾਂ ਲੱਗਦਾ ਹੈ ਜਦੋਂਕਿ ਵੰਦੇ ਭਾਰਤ ਵਿਚ ਇਹੀ ਸਫਰ 5 ਘੰਟੇ 20 ਮਿੰਟ ਵਿਚ ਪੂਰਾ ਹੋਵੇਗਾ।ਉਦਘਾਟਨ ਵਾਲੇ ਦਿਨ ਯਾਨੀ ਅੱਜ ਇਹ ਗੱਡੀ ਅੰਮ੍ਰਿਤਸਰ ਤੋਂ 11.15 ਵਜੇ ਚੱਲਕੇ 11.44 ਵਜੇ ਬਿਆਸ, 12.14 ਵਜੇ ਜਲੰਧਰ ਕੈਂਟ, 12.26 ਵਜੇ ਫਗਵਾੜਾ, 13.04 ਵਜੇ ਲੁਧਿਆਣਾ, 14.23 ਵਜੇ ਅੰਬਾਲਾ ਕੈਂਟ ਤੇ 17.50 ਵਜੇ ਦਿੱਲੀ ਪਹੁਚੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਤੋਂ ਛੇ ਵੰਦੇ ਭਾਰਤ ਟਰੇਨਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ‘ਚੋਂ ਇਕ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਚੱਲੇਗੀ। ਇਸ ਦੀ ਰਫਤਾਰ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਟਰੇਨ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਇਹ ਟਰੇਨ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅੰਮ੍ਰਿਤਸਰ ‘ਚ ਉਦਘਾਟਨ ਮੌਕੇ ਪਹੁੰਚਣਗੇ। ਰੇਲਵੇ ਨੇ ਲਗਭਗ 100 ਵੀਆਈਪੀਜ਼ ਨੂੰ ਸੱਦਾ ਪੱਤਰ ਭੇਜਿਆ ਹੈ।