ਲੰਡਨ ’ਚ ਮੁਸਲਿਮ ਪਰਿਵਾਰ ਦੀ ਹੱਤਿਆ ਕਰਨ ਵਾਲਾ ਕਤਲ ਅਤੇ ਇਰਾਦਾ ਕਤਲ ਲਈ ਦੋਸ਼ੀ ਕਰਾਰ

Windsor- ਵਿੰਡਸਰ ਦੀ ਅਦਾਲਤ ਨੇ ਨਥਾਨੀਅਲ ਵੇਲਟਮੈਨ ਨੂੰ 2021 ’ਚ ਲੰਡਨ ’ਚ ਇੱਕ ਮੁਸਲਿਮ ਪਰਿਵਾਰ ਨੂੰ ਟਰੱਕ ਥੱਲੇ ਕੁਚਲ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ’ਚ ਪਹਿਲੀ-ਡਿਗਰੀ ਕਤਲ ਅਤੇ ਇਰਾਦਾ ਕਤਲ ਦੇ ਚਾਰ ਮਾਮਲਿਆਂ ’ਚ ਦੋਸ਼ੀ ਕਰਾਰਿਆ ਹੈ। 10 ਹਫ਼ਤਿਆਂ ਤੋਂ ਵੱਧ ਚੱਲੇ ਮੁਕੱਦਮੇ ’ਚ 12 ਮੈਂਬਰੀ ਜਿਊਰੀ ਨੇ ਬੁੱਧਵਾਰ ਨੂੰ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਅਤੇ ਸਿਰਫ਼ ਛੇ ਘੰਟਿਆਂ ਬਾਅਦ ਵੀਰਵਾਰ ਦੁਪਹਿਰ ਨੂੰ ਆਪਣਾ ਫੈਸਲਾ ਜਾਰੀ ਕੀਤਾ।
ਵੇਲਟਮੈਨ ਨੇ ਸਾਲ 6 ਜੂਨ 2021 ਨੂੰ ਲੰਡਨ ’ਚ ਸ਼ਾਮ ਦੀ ਸੈਰ ਕਰ ਰਹੇ ਇੱਕ ਮੁਸਲਮਾਨ ਪਰਿਵਾਰ ’ਤੇ ਆਪਣਾ ਟਰੱਕ ਚੜ੍ਹਾ ਦਿੱਤਾ ਸੀ। ਇਸ ਹਾਦਸੇ ’ਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੀ ਪਹਿਚਾਣ 15 ਸਾਲਾ ਯੁਮਨਾਹ ਅਫਜ਼ਲ, 44 ਸਾਲਾ ਮਦੀਹਾ ਸਲਮਾਨ, 46 ਸਾਲਾ ਸਲਮਾਨ ਅਫਜ਼ਲ ਅਤੇ ਅਫ਼ਜ਼ਲ ਦੀ ਮਾਂ ਤਲਫ ਅਫ਼ਜ਼ਲ (74) ਵਜੋਂ ਹੋਈ ਸੀ। ਇਸ ਹਮਲੇ ’ਚ ਜ਼ਖ਼ਮੀ ਹੋਇਆ ਇੱਕ 9 ਸਾਲਾ ਬੱਚਾ ਵਾਲ-ਵਾਲ ਬਚ ਗਿਆ ਸੀ।
ਫੈਸਲੇ ਤੋਂ ਥੋੜ੍ਹੀ ਦੇਰ ਬਾਅਦ, ਪਰਿਵਾਰ ਨੇ ਇੱਕ ਬਿਆਨ ਜਾਰੀ ਕੀਤਾ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿਛਲੇ ਦੋ ਸਾਲਾਂ ਵੱਧ ਸਮੇਂ ’ਚ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਇਕਮੁੱਠਤਾ ਦਿਖਾਈ।
ਮਦੀਹਾ ਸਲਮਾਨ ਦੀ ਮਾਂ ਤਬਿੰਦਾ ਬੁਖਾਰੀ ਨੇ ਕਿਹਾ ਕਿ ਇਹ ਮੁਕੱਦਮਾ ਅਤੇ ਫੈਸਲਾ ਇੱਕ ਯਾਦ ਦਿਵਾਉਂਦਾ ਹੈ ਕਿ ਸਾਡੇ ਭਾਈਚਾਰਿਆਂ ’ਚ ਰਹਿਣ ਵਾਲੇ ਸਾਰੇ ਰੂਪਾਂ ’ਚ ਨਫ਼ਰਤ ਨੂੰ ਦੂਰ ਕਰਨ ਲਈ ਅਜੇ ਵੀ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ।