ਟੈਸਟ ‘ਚ ਵਾਪਸੀ ਕਰਨਗੇ ਵਿਰਾਟ ਕੋਹਲੀ, ਕੀ ਬਦਲੇਗੀ ਭਾਰਤ ਦੀ ਕਿਸਮਤ!

ਭਾਰਤ ਦੱਖਣੀ ਅਫਰੀਕਾ ਤੋਂ ਦੂਜੇ ਟੈਸਟ ਮੈਚ ਵਿੱਚ ਹਾਰ ਗਿਆ ਹੈ। ਇਸ ਨਾਲ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-1 ਦੀ ਬਰਾਬਰੀ ਕਰ ਲਈ ਹੈ। ਵਿਰਾਟ ਕੋਹਲੀ ਉਪਰਲੀ ਪਿੱਠ ‘ਚ ਜਕੜਨ ਕਾਰਨ ਇਸ ਮੈਚ ‘ਚ ਨਹੀਂ ਉਤਰ ਸਕੇ। ਉਸ ਦੀ ਗੈਰ-ਮੌਜੂਦਗੀ ਵਿੱਚ, ਟੀਮ ਇੰਡੀਆ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ਵਿੱਚ ਉਤਰੀ, ਜਿੱਥੇ ਉਸ ਨੇ ਕ੍ਰਿਕਟ ਇਤਿਹਾਸ ਵਿੱਚ ਕਦੇ ਵੀ ਟੈਸਟ ਨਹੀਂ ਹਾਰਿਆ ਸੀ। ਭਾਰਤ ਦੀ ਕਮਾਨ ਕੇਐਲ ਰਾਹੁਲ ਨੇ ਸੰਭਾਲੀ, ਜਿਸ ਵਿੱਚ ਦੇਸ਼ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਕੇਐੱਲ ਰਾਹੁਲ ਨੇ ਵੀਰਵਾਰ ਨੂੰ ਦੱਸਿਆ ਕਿ ਵਿਰਾਟ ਕੋਹਲੀ ਨੇ ਨੈੱਟ ‘ਤੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਹੁਲ ਨੇ ਉਮੀਦ ਜਤਾਈ ਹੈ ਕਿ ਕੋਹਲੀ ਕੇਪਟਾਊਨ ‘ਚ 11 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਤੀਜੇ ਅਤੇ ਫੈਸਲਾਕੁੰਨ ਮੈਚ ਲਈ ਫਿੱਟ ਹੋ ਜਾਣਗੇ।

ਕੇਐੱਲ ਰਾਹੁਲ ਨੇ ਮੈਚ ਤੋਂ ਬਾਅਦ ਕਿਹਾ, ”ਵਿਰਾਟ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ, ਪਿਛਲੇ ਕੁਝ ਦਿਨਾਂ ਤੋਂ ਨੈੱਟ ‘ਤੇ ਅਭਿਆਸ ਕਰ ਰਹੇ ਹਨ ਅਤੇ ਦੌੜ ਰਹੇ ਹਨ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਠੀਕ ਹੋਣਾ ਚਾਹੀਦਾ ਹੈ।”

ਇਸ ਦੇ ਨਾਲ ਹੀ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਹੈ। ਦੂਜੇ ਟੈਸਟ ਮੈਚ ਦੀ ਸਮਾਪਤੀ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਨੇ ਵਿਰਾਟ ਕੋਹਲੀ ਦੀ ਫਿਟਨੈੱਸ ਬਾਰੇ ਜਾਣਕਾਰੀ ਦਿੱਤੀ। ਕੋਚ ਨੇ ਕਿਹਾ, ”ਉਹ ਫਿੱਟ ਨਜ਼ਰ ਆ ਰਿਹਾ ਹੈ ਅਤੇ ਨੈੱਟ ‘ਤੇ ਅਭਿਆਸ ਕਰ ਰਿਹਾ ਹੈ।

ਭਾਰਤ ਨੇ ਦੱਖਣੀ ਅਫਰੀਕਾ ‘ਚ ਹੁਣ ਤੱਕ 4 ਟੈਸਟ ਮੈਚ ਜਿੱਤੇ ਹਨ। ਟੀਮ ਇੰਡੀਆ ਇੱਥੇ ਕਦੇ ਵੀ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ। ਹੁਣ ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤ ਕੋਲ ਇਤਿਹਾਸ ਰਚਣ ਦਾ ‘ਸੁਨਹਿਰੀ ਮੌਕਾ’ ਹੋਵੇਗਾ। ਸੈਂਚੁਰੀਅਨ ਵਿੱਚ ਟੈਸਟ ਜਿੱਤਣ ਵਾਲੇ ਪਹਿਲੇ ਏਸ਼ਿਆਈ ਕਪਤਾਨ ਬਣਨ ਤੋਂ ਬਾਅਦ ਕੋਹਲੀ ਕੋਲ ਹੁਣ ਟੀਮ ਇੰਡੀਆ ਦੀ ਕਿਸਮਤ ਬਦਲਣ ਦਾ ਮੌਕਾ ਹੈ।