ਸ੍ਰੀਲੰਕਾ ਖ਼ਿਲਾਫ਼ ਪਲੇਇੰਗ ਇਲੈਵਨ ‘ਚ ਕੁਲਦੀਪ ਅਤੇ ਚਾਹਲ ਨੂੰ ਖੇਡਦਾ ਦੇਖਣਾ ਚਾਹੁੰਦੇ ਹਨ ਵੀ.ਵੀ.ਐਸ. ਲਕਸ਼ਮਣ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਕੁਲਦੀਪ ਯਾਦਵ ਤੇ ਯੁਜਵਿੰਦਰ ਚਾਹਲ ਨੂੰ ਸ੍ਰੀਲੰਕਾ ਖ਼ਿਲਾਫ਼ ਅਗਲੀ ਵਨ-ਡੇ ਸੀਰੀਜ਼ ਵਿਚ ਆਖ਼ਰੀ-11 ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਮੈਚਾਂ ਵਿਚ ਗੇਂਦਬਾਜ਼ੀ ਕਰਨ ਨਾਲ ਇਸ ਸਪਿਨਰ ਜੋੜੀ ਦਾ ਆਤਮ ਵਿਸ਼ਵਾਸ ਵਧੇਗਾ।

ਲਕਸ਼ਮਣ ਨੇ ਕਿਹਾ ਕਿ ਭਾਰਤੀ ਟੀਮ ਵਿਚ ਛੇ ਸਪਿਨਰ ਹਨ ਪਰ ਮੈਂ ਕੁਲਦੀਪ ਅਤੇ ਚਹਿਲ ਤਿੰਨਾਂ ਵਨ- ਡੇ ਮੁਕਾਬਲਿਆਂ ਵਿਚ ਖੇਡਦੇ ਹੋਏ ਦੇਖਣਾ ਚਾਹੁੰਦਾ ਹਾਂ। ਉਨਾ ਕਿਹਾ ਵਨ-ਡੇ ਵਿਚ ਹਰ ਗੇਂਦਬਾਜ਼ ਨੂੰ 10 ਓਵਰ ਗੇਂਦਬਾਜ਼ੀ ਦਾ ਮੌਕਾ ਮਿਲਦਾ ਹੈ। ਇਸ ਲਈ ਉਹ ਜਿੰਨੇ ਵੱਧ ਓਵਰ ਸੁੱਟਣਗੇ ਉਨ੍ਹਾਂ ਨੂੰ ਓਨੀ ਹੀ ਕਾਮਯਾਬੀ ਮਿਲੇਗੀ, ਉਨ੍ਹਾਂ ਦਾ ਆਤਮ ਵਿਸ਼ਵਾਸ ਵਾਪਸ ਆਵੇਗਾ, ਖ਼ਾਸ ਕਰ ਕੇ ਕੁਲਦੀਪ ਯਾਦਵ ਦਾ ਆਤਮ ਵਿਸ਼ਵਾਸ ਜਰੂਰ ਵਧੇਗਾ ਭਾਵੇਂਕਿ ਚਾਹਲ ਇਕ ਕਾਮਯਾਬ ਤੇ ਤਜਰਬੇਕਾਰ ਗੇਂਦਬਾਜ਼ ਹਨ।

ਇਸ ਤੋਂ ਇਲਾਵਾ ਲਕਸ਼ਮਣ ਨੇ ਸੂਰਯਕੁਮਾਰ ਯਾਦਵ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ 30 ਸਾਲ ਦੇ ਸੱਜੇ ਹੱਥ ਦੇ ਇਸ ਬੱਲੇਬਾਜ਼ ਕੋਲ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਥਾਂ ਬਣਾਉਣ ਦੀ ਯੋਗਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਰਯਕੁਮਾਰ ਨੂੰ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਦੇਖ ਕੇ ਮੈਂ ਉਤਸ਼ਾਹਤ ਸੀ। ਅੰਤਰਰਾਸ਼ਟਰੀ ਕ੍ਰਿਕਟ ਵਿਚ ਉਨ੍ਹਾਂ ਨੇ ਜੋਫਰਾ ਆਰਚਰ ਵਰਗੇ ਗੇਂਦਬਾਜ਼ ਖ਼ਿਲਾਫ਼ ਜਿਸ ਤਰ੍ਹਾਂ ਆਪਣਾ ਪਹਿਲਾ ਸ਼ਾਟ ਖੇਡਿਆ ਤੇ ਦੌੜਾਂ ਬਣਾਈਆਂ ਉਹ ਉਨ੍ਹਾਂ ਦੇ ਆਤਮ ਵਿਸ਼ਵਾਸ ਤੇ ਸਮਰੱਥਾ ਨੂੰ ਜ਼ਾਹਿਰ ਕਰਦਾ ਹੈ। ਉਨ੍ਹਾਂ ਲਈ ਇਹ (ਸ੍ਰੀਲੰਕਾ ਦੌਰਾ) ਇਕ ਸ਼ਾਨਦਾਰ ਮੌਕਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਸਾਰੇ ਛੇ ਮੈਚ (ਤਿੰਨ ਵਨ ਡੇ ਤੇ ਤਿੰਨ ਟੀ-20) ਖੇਡਣ ਕਿਉਂਕਿ ਉਹ ਅਜਿਹੇ ਖਿਡਾਰੀ ਹਨ ਜੋ ਯਕੀਨੀ ਤੌਰ ‘ਤੇ ਟੀ-20 ਵਿਸ਼ਵ ਕੱਪ ਟੀਮ ਵਿਚ ਸ਼ਾਮਲ ਹੋ ਸਕਦੇ ਹਨ। ਮੈਂ ਚਾਹੁੰਦਾ ਹਾਂ ਕਿ ਉਹ ਅੱਗੇ ਵਧਣ ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੌੜਾਂ ਬਣਾਉਣ।