PAU ਵਿਚ ਕਰਮਚਾਰੀਆਂ ਦੀ ਕਾਰਜ ਸਮਰੱਥਾ ਵਿਚ ਵਾਧਾ ਵਿਸ਼ੇ ‘ਤੇ ਵੈਬੀਨਾਰ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਅੱਜ ਇਕ ਵਿਸ਼ੇਸ਼ ਵੈਬੀਨਾਰ ਕਰਵਾਇਆ। ਇਸ ਵੈਬੀਨਾਰ ਦਾ ਸਿਰਲੇਖ ਕਰਮਚਾਰੀਆਂ ਦੀ ਸੰਸਥਾਗਤ ਯੋਗਤਾ ਵਧਾਉਣ ਵਿਚ ਭੋਜਨ ਤੇ ਮੁਹਾਰਤ ਦਾ ਯੋਗਦਾਨ ਸੀ। ਇਸ ਵੈਬੀਨਾਰ ਨਾਲ 150 ਤੋਂ ਵਧੇਰੇ ਮਾਹਿਰ ਜੁੜੇ ਜਿਨਾਂ ਵਿਚ ਪੀ.ਏ.ਯੂ. ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਅਤੇ ਹੋਰ ਵਿਭਾਗਾਂ ਦੇ ਵਿਗਿਆਨੀ ਸਨ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਵੈਬੀਨਾਰ ਲੜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਬਹੁਤ ਸਾਰੇ ਐਸੇ ਪੱਖ ਸਾਹਮਣੇ ਆਏ ਹਨ ਜੋ ਪਹਿਲਾਂ ਘੱਟ ਗੌਲੇ ਜਾਂਦੇ ਸਨ। ਉਹਨਾਂ ਕਿਹਾ ਕਿ ਇਹ ਭਾਸ਼ਣ ਨਿਸ਼ਚਤ ਤੌਰ ‘ਤੇ ਲਾਹੇਵੰਦ ਸਾਬਿਤ ਹੋਵੇਗਾ। ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾਵਾਂ ਮਿਸ. ਗੁਲਨੀਤ ਚਾਹਲ ਇਸ ਵੈਬੀਨਾਰ ਦੇ ਮੁੱਖ ਭਾਸ਼ਣ ਕਰਤਾ ਸਨ।

ਉਹਨਾਂ ਨੇ ਕਿਹਾ ਕਿ ਸੰਤੁਲਿਤ ਭੋਜਨ ਦੇ ਨਾਲ-ਨਾਲ ਹਰ ਰੋਜ਼ ਅੱਧੇ ਘੰਟੇ ਤੱਕ ਸਰੀਰਕ ਵਰਜ਼ਿਸ਼ ਨਾ ਸਿਰਫ ਕੰਮਕਾਜ ਵਾਲੀ ਥਾਂ ਤੇ ਯੋਗਤਾ ਨੂੰ ਵਧਾਉਂਦੀ ਹੈ ਬਲਕਿ ਬਿਹਤਰ ਨੀਂਦ ਦਾ ਕਾਰਨ ਵੀ ਬਣਦੀ ਹੈ। ਉਹਨਾਂ ਨੇ ਮਨੁੱਖੀ ਸਮਰੱਥਾ ਵਧਾਉਣ ਲਈ ਸੰਯੁਕਤ ਪ੍ਰਦਰਸ਼ਨ ਦੇ ਮਾਡਲ ਉੱਪਰ ਜ਼ੋਰ ਦਿੱਤਾ। ਮਨੁੱਖੀ ਵਿਕਾਸ ਤੇ ਪਰਿਵਾਰਕ ਅਧਿਐਨ ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ ਕਿਹਾ ਕਿ ਮੁਲਾਜ਼ਮ ਅਤੇ ਅਧਿਕਾਰੀ ਵਿਚਕਾਰ ਹਾਂ ਵਾਚੀ ਸੰਬੰਧ ਹੋਣੇ ਜ਼ਰੂਰੀ ਹਨ।

ਇਸ ਨਾਲ ਕੰਮ ਕਾਜ ਵਾਲੀ ਥਾਂ ‘ਤੇ ਸਿਹਤਮੰਦ ਵਾਤਾਵਰਨ ਬਣਿਆ ਰਹਿੰਦਾ ਹੈ। ਡਾ. ਕਿਰਨ ਗਰੋਵਰ ਨੇ ਬਿਹਤਰ ਜੀਵਨ ਜਾਚ ਲਈ ਸੰਤੁਲਿਤ ਭੋਜਨ ਦੀ ਲੋੜ ਉੱਪਰ ਜ਼ੋਰ ਦਿੱਤਾ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਮਨੁੱਖ ਦੀ ਤੰਦਰੁਸਤੀ ਉਸਦੇ ਸਰੀਰਕ ਅਤੇ ਮਾਨਸਿਕ ਹਾਲਾਤ ਉੱਪਰ ਨਿਰਭਰ ਕਰਦੀ ਹੈ।

ਉਹਨਾਂ ਕਿਹਾ ਕਿ ਕੰਮ ਵਾਲੀ ਥਾਂ ‘ਤੇ ਤਣਾਅ ਮੁਕਤ ਰਹਿਣ ਨਾਲ ਕਰਮਚਾਰੀ ਦੀ ਕਾਰਜ ਸਮਰੱਥਾ ਵਿਚ ਵਾਧਾ ਹੋ ਸਕਦਾ ਹੈ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਕੋਵਿਡ ਨੇ ਸਿਹਤ ਅਤੇ ਖੁਰਾਕ ਸੰਬੰਧੀ ਜਾਗਰੂਕਤਾ ਨੂੰ ਵਧਾਇਆ ਹੈ। ਉਹਨਾਂ ਵਿਭਾਗ ਦੀਆਂ ਗਤੀਵਿਧੀਆਂ ਦਾ ਵਰਨਣ ਕਰਦਿਆਂ ਆਉਣ ਵਾਲੇ ਸਮੇਂ ਵਿਚ ਹੋਰ ਸਮਾਗਮ ਕਰਾਉਣ ਦੀ ਗੱਲ ਕੀਤੀ।

ਟੀਵੀ ਪੰਜਾਬ ਬਿਊਰੋ