ਪੰਜਾਬ ‘ਚ ਕਈ ਥਾਵਾਂ ‘ਤੇ ਰਾਤ ਤੋਂ ਪੈ ਰਿਹਾ ਮੀਂਹ, 11 ਜ਼ਿਲ੍ਹਿਆਂ ‘ਚ ਆਰੇਂਜ ਅਲਰਟ

ਡੈਸਕ- ਪੰਜਾਬ ਵਿੱਚ ਅੰਮ੍ਰਿਤਸਰ-ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਇੱਥੋਂ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਮਲੇਰਕੋਟਲਾ, ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ। ਤੇਜ਼ ਹਵਾਵਾਂ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਚੰਡੀਗੜ੍ਹ ਵਿੱਚ ਸਵੇਰੇ ਧੁੰਦ ਛਾਈ ਹੋਈ ਹੈ। ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਬੱਦਲ ਛਾਏ ਰਹਿਣਗੇ। ਸ਼ੀਤ ਲਹਿਰ 40 ਕਿਲੋਮੀਟਰ ਦੀ ਰਫਤਾਰ ਨਾਲ ਚੱਲੇਗੀ। ਦੂਜੇ ਪਾਸੇ ਹਰਿਆਣਾ ‘ਚ ਬੁੱਧਵਾਰ ਨੂੰ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਮੰਗਲਵਾਰ ਰਾਤ ਨੂੰ ਹੀ ਧੁੰਦ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ, ਜਿਸ ਦਾ ਅਸਰ ਸਵੇਰ ਤੱਕ ਦੇਖਣ ਨੂੰ ਮਿਲਿਆ। ਸੋਨੀਪਤ, ਪਾਣੀਪਤ, ਕਰਨਾਲ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਵਿਜ਼ੀਬਿਲਟੀ ਨਾਂਹ ਦੇ ਬਰਾਬਰ ਹੈ। ਅੱਜ 6 ਜ਼ਿਲ੍ਹਿਆਂ ਵਿੱਚ ਮੀਂਹ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਅਤੇ ਕਰਨਾਲ ਸ਼ਾਮਲ ਹਨ।

ਮੌਸਮ ਵਿਭਾਗ ਮੁਤਾਬਕ 30 ਜਨਵਰੀ ਤੋਂ 4 ਫਰਵਰੀ ਤੱਕ ਉੱਤਰ-ਪੱਛਮੀ ਭਾਰਤ ‘ਤੇ 2 ਪੱਛਮੀ ਗੜਬੜੀ (ਡਬਲਯੂਡੀ) ਪ੍ਰਭਾਵ ਪਾਉਣ ਜਾ ਰਹੀ ਹੈ। ਪੰਜਾਬ-ਹਰਿਆਣਾ ‘ਚ 30 ਜਨਵਰੀ ਤੋਂ 1 ਜਨਵਰੀ ਤੱਕ ਅਤੇ ਕੁਝ ਇਲਾਕਿਆਂ ‘ਚ 3-4 ਫਰਵਰੀ ਨੂੰ ਮੀਂਹ ਪੈ ਸਕਦਾ ਹੈ। 31 ਜਨਵਰੀ ਨੂੰ ਪੰਜਾਬ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿੱਚ ਵੀ ਗੜੇ ਪੈਣ ਦੀ ਸੰਭਾਵਨਾ ਹੈ.

1-2 ਫਰਵਰੀ ਨੂੰ ਸੰਘਣੀ ਧੁੰਦ ਛਾਈ ਰਹੇਗੀ, ਜਦੋਂ ਕਿ ਪੰਜਾਬ, ਹਰਿਆਣਾ ਵਿੱਚ ਅਗਲੇ 3 ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਵਿੱਚ 2-3 ਡਿਗਰੀ ਦਾ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ। 1-2 ਫਰਵਰੀ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਚੰਡੀਗੜ੍ਹ- ਬੱਦਲਵਾਈ ਰਹੇਗੀ, ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 9 ਤੋਂ 19 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਬੱਦਲਵਾਈ ਰਹੇਗੀ। ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 10 ਤੋਂ 14 ਡਿਗਰੀ ਦੇ ਵਿਚਕਾਰ ਰਹੇਗਾ। ਉਥੇ ਹੀ ਜਲੰਧਰ, ਲੁਧਿਆਣਾ ਤੇ ਮੋਹਾਲੀ ਵਿੱਚ ਵੀ ਬੱਦਲਵਾਈ ਰਹੇਗੀ। ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ ਲੜੀਵਾਰ 10 ਤੋਂ 14, 10 ਤੋਂ 17 ਤੇ 10 ਤੋਂ 19 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।