ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਯੈਲੋਨਾਈਫ਼ ਸਿਟੀ ’ਚ ਐਮਰਜੈਂਸੀ ਦਾ ਐਲਾਨ

Yellowknife- ਭਿਆਨਕ ਜੰਗਲੀ ਅੱਗ ਦੇ ਚੱਲਦਿਆਂ ਸਿਟੀ ਆਫ਼ ਯੈਲਨਾਈਫ਼ ’ਚ ਲੋਕਲ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਇਹ ਅੱਗ ਬੇਹਚੋਕੀ ਅਤੇ ਯੈਲੋਨਾਈਫ ਵਿਚਾਲੇ ਲੱਗੀ ਹੋਈ ਹੈ। ਸੋਮਵਾਰ ਨੂੰ ਅੱਗ ਕਾਰਨ ਬਣੇ ਹੋਏ ਹਾਲਾਤਾਂ ਦਾ ਜਾਇਜ਼ਾ ਲੈਣ ਮਗਰੋਂ ਨਗਰ ਪਰਿਸ਼ਨ ਨੇ ਸ਼ਾਮੀਂ 6 ਵਜੇ ਇਸ ਦਾ ਐਲਾਨ ਕੀਤਾ। ਹਾਲਾਂਕਿ ਪ੍ਰਸ਼ਾਸਨ ਵਲੋਂ ਅਜੇ ਤੱਕ ਲੋਕਾਂ ਨੂੰ ਘਰਾਂ ਨੂੰ ਖ਼ਾਲੀ ਕਰਨ ਜਾਂ ਘਰ ਛੱਡਣ ਦੀ ਕੋਈ ਚਿਤਾਵਨੀ ਜਾਂ ਹੁਕਮ ਨਹੀਂ ਦਿੱਤਾ ਗਿਆ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਮੇਅਰ ਰੇਬੇਕਾ ਅਲਟੀ ਨੇ ਦੱਸਿਆ ਕਿ ਸੰਕਟਕਾਲ ਦਾ ਐਲਾਨ ਸ਼ਹਿਰ ਨੂੰ ਠੇਕੇਦਾਰਾਂ ਦੀ ਮਦਦ ਨਾਲ ਸੁਰੱਖਿਆ ਪ੍ਰਦਾਨ ਕਰਨ ’ਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਤ ਕਾਫ਼ੀ ਗੰਭੀਰ ਹਨ ਅਤੇ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਨਾਲ ਹੀ ਅਲਟੀ ਨੇ ਯੈਲੋਨਾਈਫਰਾਂ ਨੂੰ ਅਜਿਹੇ ਹਾਲਾਤ ’ਚ ਸ਼ਾਂਤ ਰਹਿਣ ਦੀ ਤਾਕੀਦ ਕੀਤੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਗ ਨੂੰ ਜਲਦੀ ਤੋਂ ਜਲਦੀ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸੰਕਟਕਾਲ ਦਾ ਇਹ ਐਲਾਨ ਸੱਤ ਦਿਨਾਂ ਲਈ ਲਾਗੂ ਰਹੇਗਾ, ਜਦੋਂ ਤੱਕ ਸਿਟੀ ਕੌਂਸਲ ਇਸ ਨੂੰ ਰੱਦ ਨਹੀਂ ਕਰ ਦਿੰੰਦਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਹ ਅੱਗ ਯੈਲੋਨਾਈਫ਼ ਅਤੇ ਬੇਹੋਚਕੀ ਦੇ ਜੰਗਲਾਂ ਵਿਚਾਲੇ ਲੱਗੀ ਸੀ ਅਤੇ ਸੋਮਵਾਰ ਨੂੰ ਇਸ ਦੇ ਹੋਰ ਤੇਜ਼ ਹੋਣ ਮਗਰੋਂ ਇੱਥੇ ਹਾਲਾਤ ਕਾਫ਼ੀ ਗੰਭੀਰ ਹੋ ਗਏ, ਜਿਸ ਕਾਰਨ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਲਿਆ ਗਿਆ।