ਕੈਲਗਰੀ : ਕੈਲਗਰੀ ਨਗਰ ਕੌਂਸਲ ਦੀਆਂ ਹੋਈਆ ਚੋਣਾਂ ਵਿਚ ਪੰਜਾਬੀ ਮੂਲ ਦੀ ਮੇਅਰ ਬਣੀ ਪਹਿਲੀ ਔਰਤ ਜੋਤੀ ਗੌਂਡੇਕ ਨੇ ਸਹੁੰ ਚੁੱਕ ਕੇ ਆਪਣਾ ਅਹੁਦਾ ਸੰਭਾਲ ਲਿਆ ਹੈ। ਮੇਅਰ ਜੋਤੀ ਗੌਂਡੇਕ ਨੂੰ ਸਹੁੰ ਚੁਕਾਉਣ ਦੀ ਰਸਮ ਜਸਟਿਸ ਜੌਨ ਰੂਕੇ ਨੇ ਸਾਰੇ ਕੌਂਸਲਰਾਂ ਦੀ ਹਾਜ਼ਰੀ ਵਿਚ ਨਿਭਾਈ।
ਜ਼ਿਕਰਯੋਗ ਹੈ ਕਿ ਮਾਨਸਾ ਦੇ ਗਰੇਵਾਲ ਪਰਿਵਾਰ ਦੀ ਧੀ ਜੋਤੀ ਗੋਂਡੇਕ ਕੈਲਗਰੀ (ਕੈਨੇਡਾ) ਦੀ ਪਹਿਲੀ ਮਹਿਲਾ ਮੇਅਰ ਚੁਣੀ ਗਈ ਹੈ । ਜੋਤੀ ਦਾ ਪਿਛੋਕੜ ਪੰਜਾਬ ਦੇ ਸ਼ਹਿਰ ਮਾਨਸਾ ਦੇ ਪਿੰਡ ਭੈਣੀ ਬਾਘਾ ਦਾ ਹੈ।
ਜੋਤੀ ਦੇ ਪਿਤਾ ਸ. ਜਸਦੇਵ ਸਿੰਘ ਐਡਵੋਕੇਟ ਪੇਸ਼ੇ ਵਜੋਂ ਵਕੀਲ ਸਨ ਤੇ ਉਸ ਦੇ ਤਾਇਆ ਜੀ ਸ. ਬਲਦੇਵ ਸਿੰਘ ਗਰੇਵਾਲ ਤਹਿਸੀਲਦਾਰ ਰਿਟਾਇਰ ਹੋਏ ਸਨ। ਉਨ੍ਹਾਂ ਦੇ ਨਾਂਅ ‘ਤੇ ਮਾਨਸਾ ਵਿਚ ਗਰੇਵਾਲ ਸਟਰੀਟ ਅੱਜ ਵੀ ਕਾਇਮ ਹੈ।
ਜੋਤੀ ਦੇ ਮਾਤਾ-ਪਿਤਾ ਪੰਜਾਬ ਦੇ ਸ਼ਹਿਰ ਮਾਨਸਾ ਤੋਂ ਪਹਿਲਾਂ ਯੂ ਕੇ ਆਏ ਸਨ। ਜੋਤੀ ਦਾ ਜਨਮ ਯੂ ਕੇ ਦਾ ਹੀ ਹੈ। ਜੋਤੀ ਦਾ ਪਰਿਵਾਰ 1970 ਦੇ ਦਹਾਕੇ ਵਿਚ ਯੂਨਾਈਟਿਡ ਕਿੰਗਡਮ ਤੋਂ ਕੈਨੇਡਾ ਆ ਗਿਆ, ਜਦੋਂ ਉਹ ਸਿਰਫ ਚਾਰ ਸਾਲਾਂ ਦੀ ਸੀ।
ਹੁਣ ਜੋਤੀ ਨੇ ਉਸ ਸਮੇ ਇਤਿਹਾਸ ਰਚ ਦਿੱਤਾ ਜਦੋਂ ਉਹ ਕੈਲਗਰੀ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਚੁਣੀ ਗਈ ਹੈ ਅਤੇ ਅੱਜ ਉਸ ਨੇ ਸਹੁੰ ਚੁੱਕ ਕੇ ਆਪਣਾ ਅਹੁਦਾ ਸੰਭਾਲ ਲਿਆ ਹੈ। ਗਰੇਵਾਲ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਟੀਵੀ ਪੰਜਾਬ ਬਿਊਰੋ