5 ਸਾਲ ਦੀ ਬੱਚੀ ਨੂੰ ‘ਜ਼ੀਕਾ ਵਾਇਰਸ’ ਦੀ ਪੁਸ਼ਟੀ , ਕਰਨਾਟਕ ‘ਚ ਅਲਰਟ

ਬੈਂਗਲੁਰੂ – ਕਰਨਾਟਕ ’ਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੂਬੇ ਦੇ ਸਿਹਤ ਮੰਤਰੀ ਕੇ ਸੁਧਾਕਰ ਨੇ ਸੋਮਵਾਰ ਨੂੰ ਕਿਹਾ ਕਿ ਰਾਏਚੂਰ ਜ਼ਿਲ੍ਹੇ ਦੀ ਪੰਜ ਸਾਲ ਦੀ ਬੱਚੀ ’ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਮੰਤਰੀ ਨੇ ਕਿਹਾ ਕਿ ਚਿੰਤਾ ਦੀ ਕੋਈ ਲੋੜ ਨਹੀਂ। ਸਰਕਾਰ ਇਨਫੈਕਸ਼ਨ ਤੋਂ ਬਚਾਅ ਲਈ ਸਾਰੇ ਜ਼ਰੂਰੀ ਉਪਾਅ ਕਰ ਰਹੀ ਹੈ।

ਸੁਧਾਕਰ ਨੇ ਕਿਹਾ ਕਿ ਸਾਨੂੰ ਅੱਠ ਦਸੰਬਰ ਨੂੰ ਪੁਣੇ ਦੀ ਲੈਬ ਤੋਂ ਰਿਪੋਰਟ ਮਿਲੀ ਹੈ। ਪੰਜ ਦਸੰਬਰ ਨੂੰ ਤਿੰਨ ਸੈਂਪਲ ਪ੍ਰੀਖਣ ਲਈ ਭੇਜੇ ਗਏ ਸਨ, ਜਿਨ੍ਹਾਂ ’ਚੋਂ ਦੋ ਨੈਗੇਟਿਵ ਹਨ, ਜਦਕਿ ਇਕ ਦੀ ਰਿਪੋਰਟ ਪਾਜ਼ੇਟਿਵ ਹੈ। ਇਨਫੈਕਟਿਡ ਬੱਚੀ ਦੀ ਸਿਹਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਜ਼ੀਕਾ ਵਾਇਰਸ ਦੇ ਮਾਮਲੇ ਕੇਰਲ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ’ਚ ਪਾਏ ਗਏ ਸਨ। ਕਰਨਾਟਕ ’ਚ ਜ਼ੀਕਾ ਵਾਇਰਸ ਤੋਂ ਇਨਫੈਕਸ਼ਨ ਦਾ ਇਹ ਪਹਿਲਾ ਮਾਮਲਾ ਹੈ।