ਤਨਖ਼ਾਹ ਵਿਚ ਕਟੌਤੀ ਕਰਨ ਦੇ ਵਿਰੋਧ ਵਿਚ ਪੰਜਾਬ ਭਰ ਦੇ ਡਾਕਟਰਾਂ ਵੱਲੋਂ ਹੜਤਾਲ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪੇਅ ਕਮਿਸ਼ਨ ਵਿਚ ਡਾਕਟਰਾਂ ਦੀ ਤਨਖ਼ਾਹ ਵਿਚ ਕਟੌਤੀ ਕਰਨ ਦੇ ਵਿਰੋਧ ਅਤੇ ਹੋਰ ਮੰਗਾਂ ਨੂੰ ਮੰਨਵਾਉਣ ਲਈ ਪੀਸੀਐਮਐੱਸ ਐਸੋਸੀਏਸ਼ਨ ਪੰਜਾਬ ਦੇ ਸੱਦੇ ‘ਤੇ ਅੱਜ ਪੰਜਾਬ ਭਰ ਦੇ ਡਾਕਟਰਾਂ ਵਲੋਂ ਇਕ ਰੋਜ਼ਾ ਹੜਤਾਲ ਕੀਤੀ ਗਈ ਹੈ।

ਡਾਕਟਰਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਠੱਪ ਰੱਖੀਆਂ ਗਈਆਂ ਹਨ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੌਰਾਨ ਪੰਜਾਬ ਭਰ ਦੇ ਡਾਕਟਰਾਂ ਨੇ ਡਿਊਟੀ ਨਿਭਾਈ ਅਤੇ ਕਈ ਡਾਕਟਰ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ।

ਪੰਜਾਬ ਸਰਕਾਰ ਵੱਲੋਂ ਡਾਕਟਰਾਂ ਨੂੰ ਇਨਾਮ ਦੇਣ ਦੀ ਬਜਾਏ ਪੇਅ ਕਮਿਸ਼ਨ ਵਿਚ ਡਾਕਟਰਾਂ ਦੀਆਂ ਤਨਖ਼ਾਹਾਂ ਘਟਾ ਦਿੱਤੀਆਂ ਹਨ ਜਿਸ ਕਾਰਨ ਪੰਜਾਬ ਭਰ ਦੇ ਡਾਕਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ |