ਪੁਸ਼ਕਰ ਸਿੰਘ ਧਾਮੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਦੇਹਰਾਦੂਨ : ਪੁਸ਼ਕਰ ਸਿੰਘ ਧਾਮੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਦੱਸ ਦੇਈਏ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਸ਼ੁੱਕਰਵਾਰ ਨੂੰ ਰਾਜਪਾਲ ਬੇਬੀ ਰਾਣੀ ਮੌਰਿਆ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ । ਜਿਸ ਤੋਂ ਬਾਅਦ ਭਾਜਪਾ ਵਿਧਾਇਕ ਦਲ ਦੀ ਬੈਠਕ ਵਿਚ ਨਵੇਂ ਮੁੱਖ ਮੰਤਰੀ ਦਾ ਨਾਮ ਸਾਹਮਣੇ ਆਇਆ। ਸਤਪਾਲ ਮਹਾਰਾਜ ਵਰਗੇ ਮਜਬੂਤ ਨੇਤਾਵਾਂ ਨੂੰ ਛੱਡ ਕੇ ਭਾਜਪਾ ਨੇ ਨੌਜਵਾਨ ਆਗੂ ਪੁਸ਼ਕਰ ਸਿੰਘ ਧਾਮੀ ‘ਤੇ ਦਾਅ ਖੇਡਿਆ ਹੈ।

ਜਿਸ ਤੋਂ ਬਾਅਦ ਉਸ ਨੂੰ ਅੱਜ ਮੁੱਖ ਮੰਤਰੀ ਦੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਗਈ। ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਸਾਰੇ ਵੱਡੇ ਨੇਤਾ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਵਿਚ ਮੌਜੂਦ ਸਨ। ਪੁਸ਼ਕਰ ਸਿੰਘ ਧਾਮੀ ਤੋਂ ਬਾਅਦ ਸਤਪਾਲ ਮਹਾਰਾਜ, ਹਰਕ ਸਿੰਘ ਰਾਵਤ, ਬਨਸ਼ੀਧਰ ਭਗਤ ਸਣੇ ਹੋਰ ਨੇਤਾਵਾਂ ਨੇ ਸਹੁੰ ਚੁੱਕੀ।

ਦੱਸ ਦੇਈਏ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੁਸ਼ਕਰ ਸਿੰਘ ਧਾਮੀ ਨੇ ਤੀਰਥ ਸਿੰਘ ਰਾਵਤ, ਤ੍ਰਿਵੇਂਦਰ ਸਿੰਘ ਰਾਵਤ, ਸਤਪਾਲ ਮਹਾਰਾਜ, ਭੁਵਨ ਚੰਦ ਖਦੌਰੀ ਸਮੇਤ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਅਗਲੇ ਸਾਲ ਉਤਰਾਖੰਡ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿਚ, ਭਾਜਪਾ ਨੇ ਪੁਸ਼ਕਰ ਸਿੰਘ ਧਾਮੀ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਪਰ ਅਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਕੁਝ ਨੇਤਾ ਪਾਰਟੀ ਦੀ ਇਸ ਕਾਰਵਾਈ ਤੋਂ ਨਾਰਾਜ਼ ਹਨ।

ਟੀਵੀ ਪੰਜਾਬ ਬਿਊਰੋ