ਨੋਵਾ ਸਕੋਸ਼ੀਆ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇੱਕ ਨੌਜਵਾਨ ਦੀ ਮੌਤ ਅਤੇ ਪੰਜ ਹੋਰ ਜ਼ਖ਼ਮੀ

Lunenburg- ਨੋਵਾ ਸਕੋਸ਼ੀਆ ਦੇ ਲੁਨੇਨਬਰਗ ਜ਼ਿਲ੍ਹੇ ’ਚ ਹਾਈਵੇਅ 12 ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇੱਕ ਨਿਊਜ਼ ਰਿਲੀਜ਼ ’ਚ ਲੁਨੇਨਬਰਗ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਰਾਤੀਂ ਕਰੀਬ 1.15 ਵਜੇ ਉਨ੍ਹਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਮਿਲੀ।
ਪੁਲਿਸ ਮੁਤਾਬਕ ਇੱਕ ਹੌਂਡਾ ਸਿਵਿਕ ਗੱਡੀ ਅਤੇ ਟੋਇਟਾ ਕੋਰੋਲਾ ਹਾਈਵੇਅ ’ਤੇ ਉਲਟ ਦਿਸ਼ਾਵਾਂ ਵੱਲ ਆ ਰਹੀਆਂ ਸਨ ਅਤੇ ਇਸੇ ਦੌਰਾਨ ਉਹ ਇੱਕ-ਦੂਜੇ ਨਾਲ ਟਕਰਾਅ ਗਈਆਂ। ਪੁਲਿਸ ਮੁਤਾਬਕ ਇਸ ਹਾਦਸੇ ’ਚ ਹੌਂਡਾ ਗੱਡੀ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ ਨਾਲ ਬੈਠੇ 17 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਮੁਤਾਬਕ ਟੋਇਟਾ ਗੱਡੀ ਦੇ ਚਾਲਕ ਸਣੇ ਬਾਕੀ ਤਿੰਨ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਹੌਂਡਾ ਗੱਡੀ ਦੇ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਨੂੰ ਵੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਮੁਤਾਬਕ ਸਾਰੇ ਪੀੜਤਾਂ ਦੀ ਉਮਰ 20 ਤੋਂ 28 ਸਾਲ ਦੇ ਵਿਚਾਲੇ ਹੈ। ਫਿਲਹਾਲ ਜਾਂਚਕਰਤਾ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਵਲੋਂ ਇਸ ਸੰਬੰਧ ’ਚ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਹਾਦਸੇ ਤੋਂ ਬਾਅਦ ਹਾਈਵੇਅ 12 ਨੂੰ ਵੀ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਕਿ ਬਾਅਦ ’ਚ ਖੋਲ੍ਹਿਆ ਗਿਆ।