ਸਟੈਟਿਸਟਿਕਸ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ 2026 ਦੀ ਪੋਪੂਲੇਸ਼ਨ ਅਤੇ ਐਗ੍ਰੀਕਲਚਰ ਜਨਗਣਨਾ ਲਈ ਦੇਸ਼ ਭਰ ਵਿੱਚ ਲਗਭਗ 32,000 ਕਰਮਚਾਰੀਆਂ ਦੀ ਭਰਤੀ ਕਰੇਗੀ। ਕੁਝ ਉੱਤਰੀ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਭਰਤੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਪਰ ਦੇਸ਼-ਪੱਧਰੀ ਭਰਤੀ ਪ੍ਰਕਿਰਿਆ 6 ਜਨਵਰੀ 2026 ਤੋਂ ਸ਼ੁਰੂ ਹੋਵੇਗੀ।
ਸਟੈਟਕੈਨ ਮੁੱਖ ਤੌਰ ਤੇ ਦੋ ਕਿਸਮ ਦੇ ਇਨਿਊਮੇਰੇਟਰ ਅਤੇ ਕਰਿਊ ਲੀਡਰ ਅਹੁਦਿਆਂ ਲਈ ਭਰਤੀ ਕਰੇਗਾ। ਇਨਿਊਮੇਰੇਟਰ ਘਰ-ਘਰ ਜਾ ਕੇ ਜਨਗਣਨਾ ਦੇ ਭਰੇ ਹੋਏ ਫਾਰਮ ਇਕੱਠੇ ਕਰਨਗੇ। ਇਸ ਕੰਮ ਵਿੱਚ ਆਬਾਦੀ ਨਾਲ ਮਿਲਣਾ, ਜਾਣਕਾਰੀ ਇਕੱਠੀ ਕਰਨਾ ਅਤੇ ਡਾਟਾ ਸਹੀ ਤਰੀਕੇ ਨਾਲ ਜਮ੍ਹਾਂ ਕਰਨਾ ਸ਼ਾਮਿਲ ਹੈ। ਇਨਿਊਮੇਰੇਟਰ ਨੂੰ ਹਫ਼ਤੇ ਵਿੱਚ ਔਸਤ 20 ਘੰਟੇ, ਜਿਸ ਵਿੱਚ ਜਿ਼ਆਦਾਤਰ ਸ਼ਾਮ ਅਤੇ ਵੀਕੈਂਡ ਸ਼ਾਮਿਲ ਹਨ, ਕੰਮ ਕਰਨਾ ਪਵੇਗਾ। ਇਹ ਨੌਕਰੀ ਮਈ ਤੋਂ ਜੁਲਾਈ 2026 ਤੱਕ ਰਹੇਗੀ।
ਕਰਿਊ ਲੀਡਰ ਇਨਿਊਮੇਰੇਟਰਾਂ ਦੀ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਦੀ ਜਿ਼ੰਮੇਵਾਰੀ ਵਿੱਚ ਟੀਮ ਦੀ ਟ੍ਰੇਨਿੰਗ, ਨਿਗਰਾਨੀ ਅਤੇ ਕੰਮ ਨੂੰ ਟਾਈਮ ‘ਤੇ ਪੂਰਾ ਕਰਵਾਉਣਾ ਸ਼ਾਮਿਲ ਹੈ। ਕਰਿਊ ਲੀਡਰ ਨੂੰ ਫੁੱਲ-ਟਾਈਮ (40 ਘੰਟੇ ਪ੍ਰਤੀ ਹਫ਼ਤਾ) ਕੰਮ ਲਈ ਉਪਲਬਧ ਹੋਣਾ ਪਵੇਗਾ, ਜਿਸ ਵਿੱਚ ਦਿਨ, ਸ਼ਾਮ ਅਤੇ ਵੀਕੈਂਡ ਵੀ ਸ਼ਾਮਿਲ ਹਨ। ਇਹ ਅਹੁਦਾ ਮਾਰਚ ਤੋਂ ਜੁਲਾਈ 2026 ਤੱਕ ਰਹੇਗਾ।
ਇਨਿਊਮੇਰੇਟਰਾਂ ਨੂੰ 25.87 ਡਾਲਰ ਅਤੇ ਕਰਿਊ ਲੀਡਰਾਂ ਨੂੰ 31.32 ਡਾਲਰ ਪ੍ਰਤੀ ਘੰਟਾ ਤਨਖਾਹ ਮਿਲੇਗੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਹ ਭਰਤੀ ਮੁਹਿੰਮ 2026 ਦੀ ਜਨਗਣਨਾ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਬਹੁਤ ਜ਼ਰੂਰੀ ਹੈ।
ਸਪਸ਼ਟੀਕਰਨ (3 ਨਵੰਬਰ 2026): ਪਹਿਲਾਂ ਲਿਖਿਆ ਸੀ ਕਿ ਤਨਖਾਹ ਜ਼ਿਲ੍ਹੇ ਅਨੁਸਾਰ ਵੱਖ-ਵੱਖ ਹੈ; ਸਟੈਟਿਸਟਿਕਸ ਕੈਨੇਡਾ ਅਨੁਸਾਰ ਤਨਖਾਹ ਅਹੁਦੇ ਅਨੁਸਾਰ ਤੈਅ ਹੈ। / Clarification (Nov. 3, 2026): An earlier version said pay varies by district; Statistics Canada sets it by role: $25.87 an hour for enumerators and $31.32 for crew leaders.
