ਬ੍ਰਿਟਿਸ਼ ਕੋਲੰਬੀਆ ’ਚ ਲੱਗੇ ਭੂਚਾਲ ਦੇ ਝਟਕੇ

Victoria- ਬ੍ਰਿਟਿਸ਼ ਕੋਲੰਬੀਆ ਦੇ ਤੱਟ ’ਤੇ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ। ਭੂਚਾਲ ਦਾ ਕੇਂਦਰ ਦਾਜਿੰਗ ਗਿਡਜ਼ ਤੋਂ 70 ਕਿਲੋਮੀਟਰ ਦੂਰ ਦੱਖਣ ਅਤੇ ਪਿ੍ਰੰਸ ਰੂਪਰਟ ਤੋਂ 222 ਕਿਲੋਮੀਟਰ ਦੱਖਣ-ਪੱਛਮ ’ਚ ਸੀ। ਭੂਚਾਲ ਕੈਨੇਡਾ ਮੁਤਾਬਕ ਇਸ ਦੀ ਡੂੰਘਾਈ 22.4 ਕਿਲੋਮੀਟਰ ਸੀ ਅਤੇ ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਭੂਚਾਲ ਮਗਰੋਂ ਇੱਥੇ ਸੁਨਾਮੀ ਦੀ ਵੀ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਹੈ।
ਇਸ ਬਾਰੇ ਗੱਲਬਾਤ ਕਰਦਿਆਂ ਨੈਚੁਰਲ ਰਿਸੋਰਸਿਜ਼ ਕੈਨੇਡਾ ਅਰਥਕੂਏਕ ਸੀਮੋਲੋਜਿਸਟ ਜੌਹਨ ਕੈਸੀਡੀ ਨੇ ਦੱਸਿਆ ਕਿ ਦਾਜਿੰਗ ਗੀਡਜ਼ ਤੋਂ ਉਨ੍ਹਾਂ ਨੂੰ ਭੂਚਾਲ ਦੇ ਝਟਕਿਆਂ ਬਾਰੇ 10 ਰਿਪੋਰਟਾਂ ਮਿਲੀਆਂ ਹਨ। ਉੁਨ੍ਹਾਂ ਕਿਹਾ ਕਿ ਇਹ ਖੇਤਰ ਕੈਨੇਡਾ ਦੇ ਸਭ ਤੋ ਵੱਧ ਭੂਚਾਲ ਵਾਲੇ ਖੇਤਰਾਂ ’ਚੋਂ ਇੱਕ ਹੈ। ਕੈਸੀਡੀ ਨੇ ਕਿਹਾ ਕਿ ਭੂਚਾਲ ਦੇ ਇਹ ਝਟਕੇ ਬਿਲਕੁਲ ਉਸੇ ਤਰ੍ਹਾਂ ਦੇ ਸਨ, ਜਿਵੇਂ ਕਿ ਸਾਲ 2012 ’ਚ ਮਹਿਸੂਸ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਖੇਤਰ ’ਚ ਭੂਚਾਲ ਆਉਣਾ ਆਮ ਗੱਲ ਹੈ ਅਤੇ ਇੱਥੇ ਰੋਜ਼ਾਨਾ ਹੀ 2-3 ਦੀ ਤੀਬਰਤਾ ਵਾਲੇ ਭੂਚਾਲ ਆਉਂਦੇ ਹਨ ਅਤੇ ਇਹ ਅਕਸਰ ਮਹਿਸੂਸ ਨਹੀਂ ਹੁੰਦੇ ਪਰ 4 ਜਾਂ ਫਿਰ 4.5 ਦੀ ਤੀਬਰਤਾ ਵਾਲੇ ਝਟਕੇ ਅਕਸਰ ਮਹਿਸੂਸ ਕੀਤੇ ਜਾ ਸਕਦੇ ਹਨ।