● On air now · ਟੀਵੀ ਪੰਜਾਬ

Punjabi News · Since 2013

TOP News

  • Police identify woman fatally stabbed in North York – CP24
  • Landslide prompts evacuation order for Zeballos on Vancouver Island – CBC
  • Restaurant owner defends planned ban on children under 15 amid backlash – CBC
  • US Treasury sanctions Canadian money services firms over Iran-related transactions – Reuters
  • Driver who helped B.C. bus crash victims credits firefighter training – Castanet
  • Carney says Canada welcomes 'any moves' to restore free trade after U.S. midterms – Castanet
  • Norfolk County council seat decided by draw from a hat – CP24
  • Poilievre accuses government of cooking books on immigration – CTV News
  • Alek Minassian, convicted in deadly 2018 Toronto van attack, drops appeal – CP24
  • Westbank First Nation holds Indigenous Veterans Day ceremony – Castanet
  • Quebecers urged to avoid two Montreal hospitals – CTV News
  • These are all the key tax changes and credits impacting you from the budget – Global News
  • ‘The clock is ticking:’ Ontario woman says she was denied coverage for drug to treat her rare cancer – CTV News
  • CN freight train collides with tractor trailer towing flatbed near Brighton, Ont. – Global News
  • Police identify woman fatally stabbed in North York – CP24
  • Landslide prompts evacuation order for Zeballos on Vancouver Island – CBC
  • Restaurant owner defends planned ban on children under 15 amid backlash – CBC
  • US Treasury sanctions Canadian money services firms over Iran-related transactions – Reuters
  • Driver who helped B.C. bus crash victims credits firefighter training – Castanet
  • Carney says Canada welcomes 'any moves' to restore free trade after U.S. midterms – Castanet
  • Norfolk County council seat decided by draw from a hat – CP24
  • Poilievre accuses government of cooking books on immigration – CTV News
  • Alek Minassian, convicted in deadly 2018 Toronto van attack, drops appeal – CP24
  • Westbank First Nation holds Indigenous Veterans Day ceremony – Castanet
  • Quebecers urged to avoid two Montreal hospitals – CTV News
  • These are all the key tax changes and credits impacting you from the budget – Global News
  • ‘The clock is ticking:’ Ontario woman says she was denied coverage for drug to treat her rare cancer – CTV News
  • CN freight train collides with tractor trailer towing flatbed near Brighton, Ont. – Global News

ਬੰਦ ਹੋ ਜਾ ਰਿਹੈ ਕੈਨੇਡਾ ਦਾ ਵੱਡਾ ਕਾਲਜ! ਸਟੂਡੈਂਟਸ ਫਿਕਰਮੰਦ! CANADA NEWS BULLETIN


VANCOUVER: ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਅਗਸਤ 2026 ਤੱਕ ਸ਼ਹਿਰ ਵਿੱਚ ਹੱਤਿਆ ਦੇ ਮਾਮਲਿਆਂ ਵਿੱਚ 160 ਪ੍ਰਤੀਸ਼ਤ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2025 ਦੇ ਇਸੇ ਸਮੇਂ ਦੌਰਾਨ ਜਿੱਥੇ 5 ਹੱਤਿਆਵਾਂ ਹੋਈਆਂ ਸਨ, ਉੱਥੇ ਹੀ 2026 ਵਿੱਚ ਇਹ ਗਿਣਤੀ ਵਧ ਕੇ 13 ਹੋ ਗਈ ਹੈ। ਇਹ ਅੰਕੜੇ ਜਨਵਰੀ ਤੋਂ ਜੁਲਾਈ ਤੱਕ ਦੇ ਹਨ। ਇਸ ਦੌਰਾਨ ਪੁਲਿਸ ਨੂੰ ਮਦਦ ਲਈ ਆਈਆਂ ਕਾਲਾਂ ਦੀ ਗਿਣਤੀ ਵਿੱਚ 3 ਪ੍ਰਤੀਸ਼ਤ ਦੀ ਕਮੀ ਆਈ ਹੈ, ਜੋ 2025 ਵਿੱਚ 1,06,105 ਸੀ ਅਤੇ 2026 ਵਿੱਚ 1,02,626 ਰਹੀ। ਲੜਾਈ-ਝਗੜੇ ਅਤੇ ਧਮਕੀਆਂ ਦੇ ਮਾਮਲਿਆਂ ਵਿੱਚ 23 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਮਾਮਲੇ ਪਿਛਲੇ ਸਾਲ ਦੇ 4,025 ਤੋਂ ਵਧ ਕੇ ਇਸ ਸਾਲ 4,967 ਹੋ ਗਏ ਹਨ। ਸਾਲ 2026 ਵਿੱਚ ਪੁਲਿਸ ਕੋਲ ਗੋਲੀਬਾਰੀ ਦੇ 50, ਜਿਨਸੀ ਅਪਰਾਧਾਂ ਦੇ 353, ਕੁੱਟਮਾਰ ਦੇ 2,387, ਲੁੱਟ-ਖੋਹ ਦੇ 289, ਜ਼ਬਰਨ ਵਸੂਲੀ ਦੇ 138 ਅਤੇ ਜਾਨ ਨੂੰ ਖਤਰੇ ਵਿੱਚ ਪਾ ਕੇ ਅੱਗ ਲਗਾਉਣ ਦੇ 7 ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ 2025 ਦੇ ਇਸੇ ਸਮੇਂ ਵਿੱਚ ਇਹ ਗਿਣਤੀ ਕ੍ਰਮਵਾਰ 45, 293, 1,987, 230, 29 ਅਤੇ 3 ਸੀ। ਜਾਇਦਾਦ ਨਾਲ ਸਬੰਧਤ ਅਪਰਾਧਾਂ ਵਿੱਚ 6 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ, ਜੋ 12,148 ਤੋਂ ਵਧ ਕੇ 12,931 ਹੋ ਗਏ ਹਨ। ਸਾਲ 2026 ਵਿੱਚ ਦੁਕਾਨਾਂ ਅਤੇ ਕਾਰੋਬਾਰਾਂ ਵਿੱਚ ਚੋਰੀ ਦੇ 364, ਘਰਾਂ ਵਿੱਚ ਚੋਰੀ ਦੇ 251, ਗੱਡੀਆਂ ਚੋਰੀ ਦੇ 536, ਗੱਡੀਆਂ ਵਿੱਚੋਂ ਸਾਮਾਨ ਚੋਰੀ ਦੇ 1,849, ਚੋਰੀ ਦਾ ਸਾਮਾਨ ਰੱਖਣ ਦੇ 110, ਧੋਖਾਧੜੀ ਦੇ 164, ਅੱਗਜ਼ਨੀ ਦੇ 84 ਅਤੇ ਭੰਨਤੋੜ ਦੇ 1,882 ਮਾਮਲੇ ਦਰਜ ਹੋਏ। ਪਿਛਲੇ ਸਾਲ ਇਹ ਗਿਣਤੀ ਕ੍ਰਮਵਾਰ 263, 274, 616, 1,771, 94, 120, 111 ਅਤੇ 1,768 ਸੀ। ਚੰਗੀ ਖ਼ਬਰ ਇਹ ਹੈ ਕਿ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ 54 ਪ੍ਰਤੀਸ਼ਤ ਘਟੀ ਹੈ, ਜੋ ਪਿਛਲੇ ਸਾਲ ਦੇ 13 ਤੋਂ ਘਟ ਕੇ 6 ਰਹਿ ਗਈ ਹੈ। ਹਾਲਾਂਕਿ, ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ਵਿੱਚ 7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਇਹ 1,143 ਤੋਂ ਵਧ ਕੇ 1,223 ਹੋ ਗਏ ਹਨ। ਮਾਨਸਿਕ ਸਿਹਤ ਨਾਲ ਜੁੜੇ ਮਾਮਲਿਆਂ ਵਿੱਚ 44 ਪ੍ਰਤੀਸ਼ਤ ਦਾ ਵੱਡਾ ਵਾਧਾ ਹੋਇਆ ਹੈ, ਜੋ 2,523 ਤੋਂ ਵਧ ਕੇ 3,633 ਹੋ ਗਏ। ਇਸ ਦੇ ਨਾਲ ਹੀ ਗੁੰਮਸ਼ੁਦਾ ਲੋਕਾਂ ਦੀਆਂ ਸ਼ਿਕਾਇਤਾਂ ਵਿੱਚ 2 ਪ੍ਰਤੀਸ਼ਤ ਦੀ ਮਾਮੂਲੀ ਕਮੀ ਆਈ ਹੈ, ਜੋ 1,805 ਤੋਂ ਘਟ ਕੇ 1,775 ਰਹਿ ਗਈਆਂ ਹਨ।

ਸਤੰਬਰ ਆਉਂਦੇ ਹੀ ਦੇਸ਼ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕੈਂਪਸ ਨਵੇਂ ਚਿਹਰਿਆਂ ਨਾਲ ਭਰ ਜਾਂਦੇ ਸਨ। ਪਰ ਹੁਣ ਕੈਂਪਸਾਂ ਦੀ ਇਹ ਰੌਣਕ ਘੱਟ ਹੋ ਰਹੀ ਹੈ। ਫ਼ੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲਾਗੂ ਕੀਤੀ ਕੈਪ ਦਾ ਅਸਰ ਹੁਣ ਸਿੱਧਾ ਸਿੱਖਿਆ ਸੰਸਥਾਵਾਂ ਦੀਆਂ ਕਲਾਸਾਂ ਅਤੇ ਖਾਤਿਆਂ ਵਿੱਚ ਦਿਖਾਈ ਦੇ ਰਿਹਾ ਹੈ। ਇਮੀਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ, 2026 ਦੇ ਪਹਿਲੇ ਛੇ ਮਹੀਨਿਆਂ ਵਿੱਚ ਸਿਰਫ਼ 22,405 ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਪਹੁੰਚੇ ਹਨ। ਸਰਕਾਰ ਨੇ ਪੂਰੇ ਸਾਲ ਲਈ 1,55,000 ਨਵੇਂ ਵਿਦਿਆਰਥੀਆਂ ਦਾ ਟੀਚਾ ਰੱਖਿਆ ਹੈ। ਇਹ ਸਿਰਫ਼ ਦਾਖ਼ਲਿਆਂ ਦੀ ਕਮੀ ਨਹੀਂ, ਸਗੋਂ ਕਈ ਕਾਲਜਾਂ ਲਈ ਵੱਡਾ ਵਿੱਤੀ ਝਟਕਾ ਹੈ। ਸਾਲ 2024 ਵਿੱਚ 2,92,885 ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਆਏ ਸਨ। ਸਾਲ 2025 ਵਿੱਚ ਇਹ ਅੰਕੜਾ ਘੱਟ ਕੇ 1,15,005 ਰਹਿ ਗਿਆ। ਸਰਕਾਰ ਇਸ ਨੀਤੀ ਨੂੰ ਰਿਹਾਇਸ਼, ਸਿਹਤ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਉੱਤੇ ਦਬਾਅ ਘਟਾਉਣ ਲਈ ਜ਼ਰੂਰੀ ਦੱਸਦੀ ਹੈ। ਪਰ ਜਿਨ੍ਹਾਂ ਸੰਸਥਾਵਾਂ ਦੀ ਆਮਦਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫ਼ੀਸ ਉੱਤੇ ਟਿਕੀ ਸੀ, ਉਨ੍ਹਾਂ ਲਈ ਇਹ ਨੀਤੀ ਸੰਕਟ ਬਣ ਗਈ ਹੈ। ਵਿੰਨੀਪੈਗ ਦਾ ਮੈਨੀਟੋਬਾ ਇੰਸਟੀਚਿਊਟ ਆਫ਼ ਟਰੇਡਜ਼ ਐਂਡ ਟੈਕਨਾਲੋਜੀ ਇਸ ਬਦਲਾਅ ਦੀ ਸਭ ਤੋਂ ਸਪੱਸ਼ਟ ਮਿਸਾਲ ਹੈ। ਟਰੇਡਜ਼ ਅਤੇ ਤਕਨੀਕੀ ਸਿੱਖਿਆ ਲਈ ਪੰਜਾਬੀ ਵਿਦਿਆਰਥੀਆਂ ਵਿੱਚ ਪ੍ਰਸਿੱਧ ਰਹੇ ‘MITT’ ਨੇ ਆਪਣੀਆਂ ਸਰਗਰਮੀਆਂ ਹੌਲੀ-ਹੌਲੀ ਸਮੇਟਣ ਦਾ ਫ਼ੈਸਲਾ ਕੀਤਾ ਹੈ। ਸੰਸਥਾ ਦੇ ਅੰਤਰਰਾਸ਼ਟਰੀ ਦਾਖ਼ਲਿਆਂ ਵਿੱਚ 55 ਫ਼ੀਸਦੀ ਤੋਂ ਵੱਧ ਕਮੀ ਆਈ ਹੈ, ਜਿਸ ਕਾਰਨ ਇਸ ਦਾ ਮੌਜੂਦਾ ਵਿੱਤੀ ਮਾਡਲ ਟਿਕਾਊ ਨਹੀਂ ਰਿਹਾ। ‘MITT’ ਬੰਦ ਹੋਣ ਮਗਰੋਂ ਇਸ ਦੇ ਚੁਣੇ ਹੋਏ ਪ੍ਰੋਗਰਾਮਾਂ ਅਤੇ ਕੈਂਪਸ ਦੀ ਜ਼ਿੰਮੇਵਾਰੀ ਰੈੱਡ ਰਿਵਰ ਕਾਲਜ ਪੌਲੀਟੈਕਨਿਕ ਸੰਭਾਲੇਗਾ। ਪਤਝੜ 2026 ਤੋਂ ਦੋਵੇਂ ਸੰਸਥਾਵਾਂ ਸਾਊਥ ਵਿੰਨੀਪੈਗ ਕੈਂਪਸ ਤੋਂ ਮਿਲ ਕੇ ਕੰਮ ਕਰਨਗੀਆਂ। ‘MITT’ ਮੌਜੂਦਾ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਕਰਵਾਏਗਾ, ਜਦਕਿ RRC Polytech ਨਵੇਂ ਵਿਦਿਆਰਥੀਆਂ ਨੂੰ ਦਾਖ਼ਲਾ ਦੇਵੇਗਾ। ਮੌਜੂਦਾ ਵਿਦਿਆਰਥੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਉਹ ਆਪਣੇ ਪ੍ਰੋਗਰਾਮ ਪੂਰੇ ਕਰ ਸਕਣਗੇ ਅਤੇ ਉਨ੍ਹਾਂ ਨੂੰ MITT ਦੀ ਹੀ ਡਿਗਰੀ ਜਾਂ ਡਿਪਲੋਮਾ ਮਿਲੇਗਾ। ਬਿਜ਼ਨਸ, ਟੈਕਨਾਲੋਜੀ, ਹੈਲਥ ਕੇਅਰ ਅਤੇ ਹੁਨਰਮੰਦ ਟਰੇਡਜ਼ ਵਿੱਚ ਪੜ੍ਹਦੇ ਕਈ ਨੌਜਵਾਨਾਂ ਲਈ MITT ਪੜ੍ਹਾਈ ਤੋਂ ਨੌਕਰੀ ਅਤੇ ਨੌਕਰੀ ਤੋਂ ਸਥਿਰ ਜੀਵਨ ਤੱਕ ਪਹੁੰਚਣ ਦਾ ਰਸਤਾ ਸੀ। ਹੁਣ ਉਹ ਰਸਤਾ ਬਦਲ ਰਿਹਾ ਹੈ। ਸਰਕਾਰ ਦੀ ਕੈਪ ਨੇ ਸਿਰਫ਼ ਵੀਜ਼ੇ ਹੀ ਨਹੀਂ ਘਟਾਏ, ਸਗੋਂ ਇਸ ਨੇ ਕੈਂਪਸਾਂ ਦੀ ਰੌਣਕ, ਕੋਰਸਾਂ ਦੀ ਗਿਣਤੀ ਅਤੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਪਹੁੰਚਣ ਦੀ ਯੋਜਨਾ ਨੂੰ ਵੀ ਬਦਲ ਦਿੱਤਾ ਹੈ।

ਐਬਸਫੋਰਡ ਵਿਚ ਬਜ਼ੁਰਗ ਜੋੜੇ ਦਾ ਕਤਲ ਕਰਨ ਵਾਲੇ ਤਿੰਨ ਪੰਜਾਬੀ ਨੌਜਵਾਨਾਂ ਨੇ ਅਦਾਲਤੀ ਫ਼ੈਸਲੇ ਨੂੰ ਸੰਵਿਧਾਨਕ ਚੁਣੌਤੀ ਦਿਤੀ ਹੈ, ਜਿਸ ਮਗਰੋਂ ਪੀੜਤ ਪਰਵਾਰ ਗੁੱਸੇ ਵਿਚ ਨਜ਼ਰ ਆ ਰਿਹਾ ਹੈ। ਬਜ਼ੁਰਗ ਜੋੜੇ ਦੇ ਜਵਾਈ ਬ੍ਰਾਇਨ ਬਾਰਥਲ ਨੇ ਕਿਹਾ ਕਿ ਕਾਤਲਾਂ ਨੂੰ ਅਜਿਹਾ ਕੋਈ ਹੱਕ ਨਹੀਂ ਮਿਲਣਾ ਚਾਹੀਦਾ। ਬੀ.ਸੀ ਦੀ ਸੁਪਰੀਮ ਕੋਰਟ ਨੇ ਗੁਰਕਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਨੂੰ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਅਤੇ ਹੁਣ ਖੁਸ਼ਵੀਰ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਦੋਸ਼ੀਆਂ ਦੀ ਉਮਰ ਬਹੁਤ ਘੱਟ ਹੈ, ਜਿਨ੍ਹਾਂ ਨੇ ਪਹਿਲਾਂ ਕਦੇ ਕੋਈ ਅਪਰਾਧ ਨਹੀਂ ਕੀਤਾ ਜਿਸ ਦੇ ਮੱਦੇਨਜ਼ਰ ਤੈਅਸ਼ੁਦਾ ਸਮੇਂ ਤੋਂ ਪਹਿਲਾਂ ਪੈਰੋਲ ਦਾ ਮੌਕਾ ਦਿਤਾ ਜਾਵੇ।  ਉਧਰ, ਪੀੜਤ ਪਰਵਾਰ ਦਾ ਕਹਿਣਾ ਹੈ ਕਿ ਬੇਰਹਿਮ ਕਾਤਲਾਂ ਨੂੰ ਅਜਿਹਾ ਕੋਈ ਮੌਕਾ ਨਹੀਂ ਮਿਲਣਾ ਚਾਹੀਦਾ। ਚੇਤੇ ਰਹੇ ਕਿ ਦੂਹਰਾ ਕਤਲਕਾਂਡ ਬੀ.ਸੀ. ਦੇ ਐਬਸਫੋਰਡ ਸ਼ਹਿਰ ਵਿਚ 9 ਮਈ 2022 ਨੂੰ ਵਾਪਰਿਆ ਅਤੇ ਕਾਤਲਾਂ ਵਿਚੋਂ ਇਕ ਗੁਰਕਰਨ ਸਿੰਘ ਸਿਰਫ਼ 24 ਦਿਨ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ। ਅਭਿਜੀਤ ਨੇ ਵਾਰਦਾਤ ਤੋਂ ਤਕਰੀਬਨ ਇਕ ਮਹੀਨਾ ਪਹਿਲਾਂ ਬਜ਼ੁਰਗ ਜੋੜੇ ਦੇ ਘਰ ਵਿਚ ਸਾਫ਼-ਸਫ਼ਾਈ ਦਾ ਕੰਮ ਕੀਤਾ ਅਤੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ 77 ਸਾਲ ਦਾ ਆਰਨੌਲਡ ਅਤੇ ਉਸ ਦੀ 76 ਸਾਲਾ ਪਤਨੀ ਜੋਆਨ ਇਕੱਲੇ ਰਹਿੰਦੇ ਹਨ। ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਲੁੱਟ ਦੇ ਇਰਾਦੇ ਨਾਲ ਕਤਲ ਦੀ ਵਾਰਦਾਤ ਮਗਰੋਂ ਬਜ਼ੁਰਗ ਜੋੜੇ ਦੇ ਕਰੈਡਿਟ ਕਾਰਡ, ਚੈਕਬੁੱਕ ਅਤੇ ਪ੍ਰੈਸ਼ਰ ਵਾਸ਼ਰ ਗਾਇਬ ਹੋ ਗਏ। ਬਜ਼ੁਰਗ ਜੋੜੇ ਦੀਆਂ ਲਾਸ਼ਾਂ ਵੱਖ ਵੱਖ ਕਮਰਿਆਂ ਵਿਚੋਂ ਮਿਲੀਆਂ ਅਤੇ ਦੋਹਾਂ ਦੇ ਹੱਥ ਪੈਰ ਬੰਨ੍ਹੇ ਹੋਏ ਸਨ ਜਦਕਿ ਆਰਨੌਲਡ ਦੀਆਂ ਅੱਖਾਂ ਅਤੇ ਮੂੰਹ ’ਤੇ ਟੇਪ ਲਪੇਟੀ ਹੋਈ ਸੀ।  ਮੌਕਾ-ਏ-ਵਾਰਦਾਤ ਤੋਂ ਮਿਲੇ ਡੀ.ਐਨ.ਏ. ਅਤੇ ਸੈਲਫ਼ੋਨ ਦੇ ਵੇਰਵਿਆਂ ਰਾਹੀਂ ਦੋਸ਼ ਸਾਬਤ ਕਰਨ ਵਿਚ ਵੱਡੀ ਮਦਦ ਮਿਲੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇਹ ਰਿਪੋਰਟ ਵੀ ਉਭਰ ਕੇ ਸਾਹਮਣੇ ਆਈ ਗੁਰਕਰਨ ਸਿੰਘ ਨੂੰ ਕਤਲ ਦੀ ਸਾਜ਼ਿਸ਼ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਮੌਕਾ ਏ ਵਾਰਦਾਤ ’ਤੇ ਉਸ ਦੀ ਮੌਜੂਦਗੀ ਸਿਰਫ਼ ਦਿਹਾੜੀ ਦੇ ਹਿੱਸੇ ਵਜੋਂ ਰਹੀ। ਦੱਸ ਦੇਈਏ ਕਿ ਵਾਰਦਾਤ ਵੇਲੇ ਗੁਰਕਰਨ ਦੀ ਉਮਰ 20 ਸਾਲ, ਅਭਿਜੀਤ ਦੀ 22 ਸਾਲ ਅਤੇ ਖੁਸ਼ਵੀਰ ਦੀ ਉਮਰ 22 ਸਾਲ ਦਰਜ ਕੀਤੀ ਗਈ ਸੀ।

ਇਮੀਗ੍ਰੇਸ਼ਨ ਵਿਭਾਗ ਨੇ 31 ਅਗਸਤ 2026 ਨੂੰ ਐਕਸਪ੍ਰੈੱਸ ਐਂਟਰੀ ਦਾ 438ਵਾਂ ਡਰਾਅ ਕੱਢਿਆ ਹੈ। ਇਸ ਡਰਾਅ ਵਿੱਚ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ 562 ਉਮੀਦਵਾਰਾਂ ਨੂੰ ਪੱਕੇ ਨਿਵਾਸ ਦੀ ਅਰਜ਼ੀ ਭਰਨ ਲਈ ਸੱਦਾ-ਪੱਤਰ ਜਾਰੀ ਕੀਤੇ ਗਏ ਹਨ। ਇਸ ਵਾਰ ਕੱਟ-ਆਫ਼ ਸਕੋਰ 697 ਰੱਖਿਆ ਗਿਆ ਸੀ। ਇਹ ਸਕੋਰ ਜ਼ਿਆਦਾ ਇਸ ਲਈ ਲਗਦਾ ਹੈ ਕਿਉਂਕਿ ਇਹ ਡਰਾਅ ਸਿਰਫ਼ ਉਨ੍ਹਾਂ ਲੋਕਾਂ ਲਈ ਸੀ ਜਿਨ੍ਹਾਂ ਨੂੰ ਕਿਸੇ ਕੈਨੇਡੀਅਨ ਸੂਬੇ ਤੋਂ ਨਾਮਜ਼ਦਗੀ ਮਿਲੀ ਹੋਵੇ। ਸੂਬਾਈ ਨਾਮਜ਼ਦਗੀ ਮਿਲਣ ਨਾਲ ਉਮੀਦਵਾਰ ਨੂੰ 600 ਵਾਧੂ ਅੰਕ ਮਿਲ ਜਾਂਦੇ ਹਨ। ਇਸ ਲਈ ਆਮ ਉਮੀਦਵਾਰਾਂ ਨੂੰ ਇਸ ਸਕੋਰ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਹੋਰ ਸ਼੍ਰੇਣੀਆਂ ਜਿਵੇਂ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਫ੍ਰੈਂਚ ਭਾਸ਼ਾ ਵਾਲੇ ਡਰਾਅ ਵਿੱਚ ਸਕੋਰ ਕਾਫ਼ੀ ਘੱਟ ਹੁੰਦਾ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਸੱਦਾ-ਪੱਤਰ ਮਿਲਿਆ ਹੈ, ਉਨ੍ਹਾਂ ਕੋਲ ਅਰਜ਼ੀ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ 60 ਦਿਨਾਂ ਦਾ ਸਮਾਂ ਹੁੰਦਾ ਹੈ। ਸੱਦਾ-ਪੱਤਰ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਪੱਕੀ ਰਿਹਾਇਸ਼ ਦੀ ਮਨਜ਼ੂਰੀ ਮਿਲ ਗਈ ਹੈ; ਵਿਭਾਗ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੀ ਆਖਰੀ ਫੈਸਲਾ ਲੈਂਦਾ ਹੈ। ਜਿਨ੍ਹਾਂ ਉਮੀਦਵਾਰਾਂ ਦੀ ਚੋਣ ਇਸ ਵਾਰ ਨਹੀਂ ਹੋਈ, ਉਹ ਐਕਸਪ੍ਰੈੱਸ ਐਂਟਰੀ ਪੂਲ ਵਿੱਚ ਬਣੇ ਰਹਿਣਗੇ। ਉਹ ਆਪਣੇ ਭਾਸ਼ਾ ਦੇ ਅੰਕ ਸੁਧਾਰ ਕੇ ਜਾਂ ਕੰਮ ਦਾ ਹੋਰ ਤਜ਼ਰਬਾ ਲੈ ਕੇ ਆਪਣੇ ਅੰਕ ਵਧਾ ਸਕਦੇ ਹਨ।

ਟੋਰਾਂਟੋ ਅਤੇ ਪਿਕਰਿੰਗ ਵਿਖੇ ਦੋ ਬੱਚੀਆਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿਚ ਪੁਲਿਸ ਵੱਲੋਂ 63 ਸਾਲ ਦੇ ਫਾਰੂਕ ਦੀਵਾਨ ਨੂੰ ਕਾਬੂ ਕੀਤਾ ਗਿਆ ਹੈ। ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਜੁਲਾਈ ਵਿਚ ਸ਼ਿਕਾਇਤ ਸਾਹਮਣੇ ਆਉਣ ਮਗਰੋਂ ਸਪੈਸ਼ਲ ਵਿਕਟਿਮਜ਼ ਯੂਨਿਟ ਵੱਲੋਂ ਮਾਮਲੇ ਦੀ ਪੜਤਾਲ ਆਰੰਭੀ ਗਈ। ਸ਼ੱਕੀ ਦੋਹਾਂ ਪੀੜਤ ਪਰਿਵਾਰਾਂ ਦਾ ਜਾਣਕਾਰ ਹੈ ਅਤੇ ਘਰ ਆਉਣ-ਜਾਣ ਦੌਰਾਨ ਇਸ ਨੇ ਬੱਚੀਆਂ ਨੂੰ ਗੈਰਵਾਜਬ ਤਰੀਕੇ ਨਾਲ ਛੋਹਿਆ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਦੌਰਾਨ ਇਹ ਤੱਥ ਵੀ ਉਭਰ ਕੇ ਸਾਹਮਣੇ ਆਇਆ ਕਿ ਸ਼ੱਕੀ ਨੇ ਨਵੰਬਰ 2025 ਤੋਂ ਜੁਲਾਈ 2026 ਦਰਮਿਆਨ ਕਈ ਮੌਕਿਆਂ ’ਤੇ ਸੈਕਸ਼ੁਅਲ ਅਸਾਲਟ ਨੂੰ ਅੰਜਾਮ ਦਿਤਾ। ਅਗਸਤ ਮਹੀਨੇ ਦੌਰਾਨ ਪੁਲਿਸ ਨੇ ਸ਼ੱਕੀ ਦੀ ਪੈੜ ਨੱਪਦਿਆਂ ਬਗੈਰ ਕਿਸੇ ਖਰਾਬੇ ਤੋਂ ਗ੍ਰਿਫ਼ਤਾਰ ਕਰ ਲਿਆ। ਸ਼ੱਕੀ ਦੀ ਰਿਹਾਇਸ਼ ਪਿਕਰਿੰਗ ਵਿਖੇ ਹੈ ਜਿਥੇ ਇਹ ਕਲਾ ਦੀ ਸਿਖਲਾਈ ਦਿੰਦਾ ਹੈ ਅਤੇ ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਫ਼ਾਰੂਕ ਦੀਵਾਨ ਵਿਰੁੱਧ ਸੈਕਸ਼ੁਅਲ ਅਸਾਲਟ ਦੇ 11 ਦੋਸ਼ ਆਇਦ ਕੀਤੇ ਗਏ ਹਨ, ਜਦਕਿ ਸੈਕਸ਼ੁਅਲ ਇੰਟਰਫ਼ੈਰੈਂਸ ਦੇ 11 ਦੋਸ਼ ਵੱਖਰੇ ਤੌਰ ’ਤੇ ਆਇਦ ਕੀਤੇ ਗਏ। ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣ ਤੱਕ ਫਾਰੂਕ ਦੀਵਾਨ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। ਡਰਹਮ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਡਿਟੈਕਟਿਵ ਕਾਂਸਟੇਬਲ ਗੋਮੇਜ਼ ਨਾਲ 1888 579 5391 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਡਰਹਮ ਰੀਜਨ ਦੇ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਡਰਹਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਏ ਦੋਸ਼ਾਂ ਨੂੰ ਅਦਾਲਤ ਵਿਚ ਸਾਬਤ ਕੀਤਾ ਜਾਣਾ ਬਾਕੀ ਹੈ।

ਪੂਰੇ ਕੈਨੇਡਾ ਵਿੱਚ ਹਜ਼ਾਰਾਂ ਵਿਦਿਆਰਥੀਆਂ ਦੇ ਸਕੂਲੀ ਟੂਰ ਰੱਦ ਕਰ ਦਿੱਤੇ ਗਏ ਹਨ ਜਾਂ ਬਦਲ ਦਿੱਤੇ ਗਏ ਹਨ। ਇਸ ਦੇ ਮੁੱਖ ਕਾਰਨ ਦੁਨੀਆ ਭਰ ਵਿੱਚ ਚੱਲ ਰਹੇ ਝਗੜੇ ਅਤੇ ਅਨਿਸ਼ਚਿਤਤਾ ਹਨ। ਐਡਮੰਟਨ ਪਬਲਿਕ ਸਕੂਲਜ਼ ਨੇ ਇਸ ਸਾਲ ਥਾਈਲੈਂਡ, ਫਰਾਂਸ, ਯੂਕੇ, ਕੋਸਟਾ ਰਿਕਾ ਅਤੇ ਪੁਰਤਗਾਲ ਸਮੇਤ ਸਾਰੀਆਂ ਅੰਤਰਰਾਸ਼ਟਰੀ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ। ਐਡਮੰਟਨ ਸਕੂਲ ਬੋਰਡ ਦੇ ਸੁਪਰਡੈਂਟ ਰੌਬ ਥੌਮਸਨ ਨੇ ਮਾਪਿਆਂ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਹਾਲ ਹੀ ਵਿੱਚ ਇੱਕ ਯਾਤਰਾ ਦੌਰਾਨ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਅਸ਼ਾਂਤੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਤੇਲ ਦੀ ਘਾਟ, ਸਿਹਤ ਸੰਬੰਧੀ ਚਿੰਤਾਵਾਂ ਅਤੇ ਫੌਜੀ ਸੰਘਰਸ਼ਾਂ ਕਾਰਨ ਅੰਤਰਰਾਸ਼ਟਰੀ ਯਾਤਰਾ ਵਿੱਚ ਖ਼ਤਰਾ ਵਧ ਗਿਆ ਹੈ। ਹੁਣ ਸਕੂਲ ਬੋਰਡ 2027-28 ਦੇ ਸਾਲ ਤੋਂ ਪਹਿਲਾਂ ਇਸ ਫੈਸਲੇ ‘ਤੇ ਦੁਬਾਰਾ ਵਿਚਾਰ ਕਰੇਗਾ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਸਬੰਧੀ ਵੱਖ-ਵੱਖ ਨਿਯਮ ਹਨ। ਵੈਨਕੂਵਰ ਸਕੂਲ ਬੋਰਡ ਅਤੇ ਕੈਲਗਰੀ ਕੈਥੋਲਿਕ ਸਕੂਲ ਡਿਸਟ੍ਰਿਕਟ ਹਰ ਯਾਤਰਾ ਦੀ ਸਥਿਤੀ ਦੇਖ ਕੇ ਹੀ ਮਨਜ਼ੂਰੀ ਦੇ ਰਹੇ ਹਨ। ਵਿਨੀਪੈਗ ਦੇ ਲੁਈਸ ਰੀਅਲ ਸਕੂਲ ਬੋਰਡ ਨੇ ਪਿਛਲੇ ਸਾਲ ਤੋਂ ਅਮਰੀਕਾ ਦੀਆਂ ਯਾਤਰਾਵਾਂ ਰੱਦ ਕੀਤੀਆਂ ਹਨ। ਵਿਨੀਪੈਗ ਸਕੂਲ ਡਿਵੀਜ਼ਨ ਹੋਰ ਦੇਸ਼ਾਂ ਦੀ ਯਾਤਰਾ ਦੀ ਇਜਾਜ਼ਤ ਦਿੰਦੀ ਹੈ, ਪਰ ਅਮਰੀਕਾ ਦੀ ਨਹੀਂ। ਟੋਰਾਂਟੋ ਅਤੇ ਸਸਕਾਟੂਨ ਦੇ ਪਬਲਿਕ ਬੋਰਡਾਂ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਵੀ ਟੂਰ ਰੱਦ ਨਹੀਂ ਹੋਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਵਿਦੇਸ਼ੀ ਯਾਤਰਾਵਾਂ ਦਾ ਪ੍ਰਬੰਧ ਕਰਨਾ ਬਹੁਤ ਔਖਾ ਹੋ ਗਿਆ ਹੈ। ਯੂਨੀਵਰਸਿਟੀ ਆਫ਼ ਕੈਲਗਰੀ ਦੀ ਪ੍ਰੋਫੈਸਰ ਮੈਰੇਨ ਓਕਰਮੈਨ ਅਨੁਸਾਰ, ਇਹ ਵਿਦਿਆਰਥੀਆਂ ਲਈ ਇੱਕ ਵੱਡਾ ਨੁਕਸਾਨ ਹੈ, ਕਿਉਂਕਿ ਕਿਸੇ ਹੋਰ ਦੇਸ਼ ਜਾ ਕੇ ਉੱਥੋਂ ਦੇ ਸਭਿਆਚਾਰ ਨੂੰ ਸਮਝਣ ਦਾ ਤਜਰਬਾ ਆਨਲਾਈਨ ਨਹੀਂ ਮਿਲ ਸਕਦਾ। ਇਸੇ ਕਰਕੇ ਕੁਝ ਸਕੂਲ ਹੁਣ ਕੈਨੇਡਾ ਦੇ ਅੰਦਰ ਹੀ ਯਾਤਰਾਵਾਂ ਦਾ ਪਲਾਨ ਬਣਾ ਰਹੇ ਹਨ। ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਵੇਨ ਸਮਿਥ ਨੇ ਕਿਹਾ ਕਿ ਵਧਦੀ ਮਹਿੰਗਾਈ ਕਾਰਨ ਮਾਪਿਆਂ ਲਈ ਬੱਚਿਆਂ ਨੂੰ ਵਿਦੇਸ਼ ਭੇਜਣਾ ਔਖਾ ਹੋ ਗਿਆ ਹੈ। ਇਸ ਤੋਂ ਇਲਾਵਾ, ਕਾਗਜ਼ੀ ਕਾਰਵਾਈ ਵੀ ਬਹੁਤ ਵਧ ਗਈ ਹੈ। ਵਿਦਿਆਰਥੀ ਇਸ ਫੈਸਲੇ ਤੋਂ ਨਿਰਾਸ਼ ਹਨ। ਨਾਇਲਾ ਨਾਂ ਦੀ ਵਿਦਿਆਰਥਣ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਯਾਤਰਾ ਦੇ ਪੈਸੇ ਇਕੱਠੇ ਕਰਨ ਲਈ ਸਾਰਾ ਸਾਲ ਪਾਪੜ ਵੇਲੇ ਸਨ। ਕਿਸੇ ਨੇ ਕਾਰਾਂ ਧੋਤੀਆਂ, ਕਿਸੇ ਨੇ ਚਾਕਲੇਟਾਂ ਵੇਚੀਆਂ। ਹੁਣ ਟੂਰ ਰੱਦ ਹੋਣ ਨਾਲ ਉਹ ਬਹੁਤ ਪਰੇਸ਼ਾਨ ਹਨ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਕੈਬਨਿਟ ਮੰਤਰੀਆਂ ਵੱਲੋਂ ਕੈਨੇਡਾ ਅਤੇ ਉਸ ਦੀ ਫੌਜ ਬਾਰੇ ਦਿੱਤੇ ਬਿਆਨਾਂ ਦਾ ਵਿਰੋਧ ਕੀਤਾ ਹੈ। ਕਾਰਨੀ ਨੇ ਕਿਹਾ ਕਿ ਅਜਿਹੀਆਂ ਗੱਲਾਂ ਉਨ੍ਹਾਂ ਦੇ ਅਹੁਦੇ ਦੀ ਸ਼ਾਨ ਦੇ ਖਿਲਾਫ਼ ਹਨ। ਉਨ੍ਹਾਂ ਨੇ ਅਮਰੀਕੀ ਨੇਤਾਵਾਂ ਨੂੰ ਸਖ਼ਤ ਬਿਆਨਬਾਜ਼ੀ ਛੱਡ ਕੇ ਵਪਾਰਕ ਗੱਲਬਾਤ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕਾ ਦੇ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਅਤੇ ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਕੈਨੇਡਾ ਦੀ ਫੌਜ ਅਤੇ ਨੇਵੀ ਦਾ ਮਜ਼ਾਕ ਉਡਾਇਆ। ਇਸ ਤੋਂ ਇਲਾਵਾ, ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਵੀ ਸੋਸ਼ਲ ਮੀਡੀਆ ‘ਤੇ ਕੈਨੇਡੀਅਨ ਫੌਜੀ ਕੈਡੇਟਾਂ ‘ਤੇ ਟਿੱਪਣੀ ਕੀਤੀ। ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਅਤੇ ਹੋਰ ਨੇਤਾਵਾਂ ਨੇ ਇਸ ਨੂੰ ਬਹੁਤ ਅਪਮਾਨਜਨਕ ਦੱਸਿਆ ਹੈ। ਅਮਰੀਕੀ ਸੈਨੇਟਰ ਰੂਬੇਨ ਗਾਲੇਗੋ ਨੇ ਵੀ ਆਪਣੇ ਦੇਸ਼ ਦੇ ਮੰਤਰੀਆਂ ਦੀ ਇਸ ਬਿਆਨਬਾਜ਼ੀ ਨੂੰ ਗਲਤ ਅਤੇ ਕੈਨੇਡੀਅਨ ਸ਼ਹੀਦਾਂ ਦਾ ਅਨਾਦਰ ਕਰਨਾ ਦੱਸਿਆ। ਦੋਵਾਂ ਦੇਸ਼ਾਂ ਵਿਚਾਲੇ 21 ਅਗਸਤ ਨੂੰ ਵਪਾਰਕ ਗੱਲਬਾਤ ਟੁੱਟ ਗਈ ਸੀ। ਕਾਰਨੀ ਮੁਤਾਬਕ, ਅਮਰੀਕਾ ਨੇ ਆਖਰੀ ਸਮੇਂ ‘ਤੇ ਅਜਿਹੀਆਂ ਅਣਉਚਿਤ ਸ਼ਰਤਾਂ ਰੱਖੀਆਂ ਜੋ ਕੈਨੇਡਾ ਦੀ ਸੰਪੂਰਨਤਾ, ਆਟੋ ਉਦਯੋਗ ਅਤੇ ਭਾਸ਼ਾਈ ਹੱਕਾਂ ਦੇ ਖਿਲਾਫ਼ ਸਨ। ਇਸ ਤੋਂ ਬਾਅਦ ਅਮਰੀਕਾ ਨੇ ਕੈਨੇਡਾ ਦੇ ਸਾਮਾਨ ‘ਤੇ 50 ਫੀਸਦੀ ਟੈਰਿਫ ਲਗਾ ਦਿੱਤਾ, ਜਿਸ ਦੇ ਜਵਾਬ ਵਿੱਚ ਕੈਨੇਡਾ ਨੇ ਵੀ 8 ਸਤੰਬਰ ਤੋਂ ਬਰਾਬਰ ਦਾ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਅਮਰੀਕੀ ਖਜ਼ਾਨਾ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਗੱਲਬਾਤ ਲਈ ਤਿਆਰ ਹੈ ਪਰ ਆਪਣੇ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਕੋਈ ਸਮਝੌਤਾ ਨਹੀਂ ਕਰੇਗਾ। ਦੂਜੇ ਪਾਸੇ, ਇੱਕ ਤਾਜ਼ਾ ਸਰਵੇਖਣ ਮੁਤਾਬਕ ਜ਼ਿਆਦਾਤਰ ਅਮਰੀਕੀ ਨਾਗਰਿਕ ਵੀ ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡਾ ‘ਤੇ ਲਗਾਏ ਗਏ ਇਨ੍ਹਾਂ ਵਾਧੂ ਟੈਕਸਾਂ ਦੇ ਖਿਲਾਫ਼ ਹਨ।

ਅਕਤੂਬਰ ਵਿੱਚ ਹੋਣ ਵਾਲੇ ਰੈਫਰੈਂਡਮ ਤੋਂ ਕੁਝ ਹਫ਼ਤੇ ਪਹਿਲਾਂ ਆਏ ਇੱਕ ਨਵੇਂ ਸਰਵੇਖਣ ਅਨੁਸਾਰ, ਜ਼ਿਆਦਾਤਰ ਅਲਬਰਟਾ ਵਾਸੀ ਕੈਨੇਡਾ ਨਾਲ ਹੀ ਰਹਿਣਾ ਚਾਹੁੰਦੇ ਹਨ। ‘ਰੀਸਰਚ ਕੰਪਨੀ’ ਦੁਆਰਾ ਕੀਤੇ ਗਏ ਸਰਵੇ ਵਿੱਚ 74 ਫੀਸਦੀ ਲੋਕਾਂ ਨੇ ਕੈਨੇਡਾ ਵਿੱਚ ਰਹਿਣ ਦੇ ਪੱਖ ਵਿੱਚ ਵੋਟ ਪਾਈ, ਜਦੋਂ ਕਿ ਸਿਰਫ਼ 22 ਫੀਸਦੀ ਲੋਕਾਂ ਨੇ ਵੱਖ ਹੋਣ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਰਥਨ ਕੀਤਾ। ਪੋਲਿੰਗ ਮਾਹਰਾਂ ਅਨੁਸਾਰ, ਇਸ ਮੁੱਦੇ ‘ਤੇ ਲੋਕਾਂ ਦੀ ਰਾਏ ਬਹੁਤ ਸਪੱਸ਼ਟ ਹੈ ਅਤੇ ਵੋਟਰਾਂ ਵਿੱਚ ਕੋਈ ਦੁਬਿਧਾ ਨਹੀਂ ਹੈ। ਸਿਰਫ਼ 4 ਫੀਸਦੀ ਲੋਕ ਹੀ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। 35 ਤੋਂ 54 ਸਾਲ ਦੀ ਉਮਰ ਦੇ ਲੋਕਾਂ ਵਿੱਚ ਵੱਖ ਹੋਣ ਦੇ ਸਮਰਥਨ ਦੀ ਦਰ ਸਭ ਤੋਂ ਵੱਧ 27 ਫੀਸਦੀ ਦੇਖੀ ਗਈ। ਇਸ ਰੈਫਰੈਂਡਮ ਵਿੱਚ ਵੱਖ ਹੋਣ ਦੇ ਮੁੱਦੇ ਤੋਂ ਇਲਾਵਾ ਇਮੀਗ੍ਰੇਸ਼ਨ ਅਤੇ ਸੰਵਿਧਾਨਕ ਸੁਧਾਰਾਂ ਨਾਲ ਸਬੰਧਤ 9 ਹੋਰ ਸਵਾਲ ਵੀ ਸ਼ਾਮਲ ਹਨ। ਇਮੀਗ੍ਰੇਸ਼ਨ ਨਾਲ ਜੁੜੇ ਪੰਜ ਸਵਾਲਾਂ ਨੂੰ 58 ਤੋਂ 66 ਫੀਸਦੀ ਲੋਕਾਂ ਦਾ ਸਮਰਥਨ ਮਿਲਿਆ ਹੈ। ਸਭ ਤੋਂ ਵੱਧ ਸਮਰਥਨ ਵੋਟ ਪਾਉਣ ਸਮੇਂ ਨਾਗਰਿਕਤਾ ਦਾ ਸਬੂਤ ਦੇਣ ਵਾਲੇ ਨਿਯਮ ਨੂੰ ਮਿਲਿਆ ਹੈ। ਦੂਜੇ ਪਾਸੇ, ਸੰਵਿਧਾਨਕ ਸੁਧਾਰਾਂ ਨਾਲ ਸਬੰਧਤ ਚਾਰ ਸਵਾਲਾਂ ‘ਤੇ 39 ਤੋਂ 46 ਫੀਸਦੀ ਲੋਕਾਂ ਨੇ ਹੀ ਹਾਮੀ ਭਰੀ ਹੈ। ਕੈਨੇਡਾ ਦੇ ਨਾਲ ਰਹਿਣ ਦਾ ਪ੍ਰਚਾਰ ਕਰ ਰਹੇ ਸਮੂਹਾਂ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ ਵੋਟਰ ਸਵਾਲਾਂ ਦੇ ਅਸਲ ਮਤਲਬ ਨੂੰ ਸਮਝਣਗੇ, ਸੁਧਾਰਾਂ ਦੇ ਪੱਖ ਵਿੱਚ ਵੋਟਾਂ ਘਟਣਗੀਆਂ। ਜਦੋਂ ਕਿ ਵੱਖਵਾਦੀ ਸਮੂਹਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਜ਼ਾਦੀ ਦੇ ਫਾਇਦਿਆਂ ਬਾਰੇ ਹੋਰ ਜਾਗਰੂਕ ਕਰਨ ਦੀ ਲੋੜ ਹੈ। ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੋਕਾਂ ਅਨੁਸਾਰ ਇਸ ਨਤੀਜੇ ਦੀ ਅਸਲ ਅਹਿਮੀਅਤ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਕਿੰਨੇ ਲੋਕ ਵੋਟ ਪਾਉਣ ਆਉਂਦੇ ਹਨ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਸਰਕਾਰੀ ਹੁਕਮ ਤੋਂ ਬਾਅਦ ਐਪਲ ਕੰਪਨੀ ਨੇ ਆਪਣੀ ‘ਐਪਲ ਮੈਪਸ’ ਐਪ ‘ਤੇ ‘ਲੇਕ ਓਨਟਾਰੀਓ’ ਝੀਲ ਦਾ ਨਾਂ ਬਦਲ ਕੇ ‘ਲੇਕ ਅਮਰੀਕਾ’ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗੂਗਲ ਨੇ ਵੀ ਅਮਰੀਕੀ ਵਰਤੋਂਕਾਰਾਂ ਲਈ ਆਪਣੇ ਮੈਪਸ ‘ਤੇ ਇਸ ਝੀਲ ਦਾ ਨਾਂ ਬਦਲ ਦਿੱਤਾ ਸੀ। ਐਪਲ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੀ ਇਹ ਨਵਾਂ ਨਾਂ ਦਿਖਾਈ ਦੇਵੇਗਾ। ਅਮਰੀਕੀ ਅਧਿਕਾਰੀਆਂ ਅਨੁਸਾਰ ਟਰੰਪ ਨੇ ਇਸ ਨਾਂ ਨੂੰ ਬਦਲਣ ਲਈ ਐਪਲ ਨਾਲ ਸਿੱਧੀ ਗੱਲਬਾਤ ਕੀਤੀ ਸੀ। ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਜੇ ਵੀ ਝੀਲ ਦਾ ਪੁਰਾਣਾ ਨਾਂ ‘ਲੇਕ ਓਨਟਾਰੀਓ’ ਹੀ ਦਿਖਾਈ ਦੇਵੇਗਾ, ਜਦਕਿ ਬਾਕੀ ਦੁਨੀਆ ਦੇ ਵਰਤੋਂਕਾਰਾਂ ਨੂੰ ਇਹ ਦੋਵੇਂ ਨਾਂ ਦਿਖਾਈ ਦੇਣਗੇ। ਐਪਲ ਨੇ ਇਸ ਤੋਂ ਪਹਿਲਾਂ ‘ਗਲਫ ਆਫ ਮੈਕਸੀਕੋ’ ਦਾ ਨਾਂ ਬਦਲ ਕੇ ‘ਗਲਫ ਆਫ ਅਮਰੀਕਾ’ ਕਰਨ ਵੇਲੇ ਵੀ ਇਹੋ ਤਰੀਕਾ ਅਪਣਾਇਆ ਸੀ। ਗੂਗਲ ਵੱਲੋਂ ਨਾਂ ਬਦਲਣ ਕਾਰਨ ਕੈਨੇਡਾ ਵਿੱਚ ਕਾਫ਼ੀ ਭੁਲੇਖਾ ਪੈ ਗਿਆ ਸੀ, ਕਿਉਂਕਿ ਕੁਝ ਕੰਪਨੀਆਂ ਅਤੇ ਸਰਕਾਰੀ ਵੈੱਬਸਾਈਟਾਂ ‘ਤੇ ਕੁਝ ਸਮੇਂ ਲਈ ‘ਲੇਕ ਅਮਰੀਕਾ’ ਨਾਂ ਦਿਖਾਈ ਦੇਣ ਲੱਗ ਪਿਆ ਸੀ। ਇਹ ਘਟਨਾ ਦਰਸਾਉਂਦੀ ਹੈ ਕਿ ਕਿਵੇਂ ਅਮਰੀਕੀ ਤਕਨਾਲੋਜੀ ਕੰਪਨੀਆਂ ਰਾਜਨੀਤਿਕ ਵਿਵਾਦਾਂ ਵਿੱਚ ਫਸ ਰਹੀਆਂ ਹਨ। ਟਰੰਪ ਪ੍ਰਸ਼ਾਸਨ ਕੰਪਨੀਆਂ ‘ਤੇ ਆਪਣੇ ਹੁਕਮ ਮੰਨਣ ਲਈ ਦਬਾਅ ਪਾ ਰਿਹਾ ਹੈ, ਜਦਕਿ ਹੋਰ ਦੇਸ਼ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ। ਟਰੰਪ ਦਾ ਇਹ ਹੁਕਮ ਸਿਰਫ਼ ਅਮਰੀਕੀ ਸਰਕਾਰੀ ਵਰਤੋਂ ਲਈ ਹੈ। ਕੈਨੇਡਾ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਲਈ ਇਸ ਨਾਂ ਨੂੰ ਮੰਨਣਾ ਜ਼ਰੂਰੀ ਨਹੀਂ ਹੈ। ਇੱਕ ਨਵੇਂ ਸਰਵੇਖਣ ਅਨੁਸਾਰ, ਜ਼ਿਆਦਾਤਰ ਅਮਰੀਕੀ ਨਾਗਰਿਕ ਵੀ ਟਰੰਪ ਦੇ ਇਸ ਫੈਸਲੇ ਅਤੇ ਕੈਨੇਡੀਅਨ ਵਸਤੂਆਂ ‘ਤੇ ਟੈਕਸ ਵਧਾਉਣ ਦਾ ਵਿਰੋਧ ਕਰ ਰਹੇ ਹਨ। ਟਰੰਪ ਦੇ ਹੁਕਮ ਤੋਂ ਤੁਰੰਤ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸਾਫ਼ ਕਰ ਦਿੱਤਾ ਕਿ ਉਹ ਇਸ 400 ਸਾਲ ਪੁਰਾਣੇ ਨਾਂ ਨੂੰ ਨਹੀਂ ਬਦਲਣਗੇ। ਨਿਊਯਾਰਕ ਰਾਜ ਅਮਰੀਕਾ ਵਾਲੇ ਪਾਸੇ ਇਸ ਝੀਲ ਦੀ ਸੀਮਾ ਨਾਲ ਲੱਗਦਾ ਹੈ। ਇਸ ਝੀਲ ਦਾ ਲਗਭਗ 52 ਪ੍ਰਤੀਸ਼ਤ ਹਿੱਸਾ ਕੈਨੇਡਾ ਵਿੱਚ ਹੈ ਅਤੇ ਬਾਕੀ ਹਿੱਸਾ ਅਮਰੀਕਾ ਦੇ ਨਿਊਯਾਰਕ ਰਾਜ ਵਿੱਚ ਆਉਂਦਾ ਹੈ। ਸਾਲ 2025 ਦੇ ਸ਼ੁਰੂ ਤੋਂ ਹੀ ਟਰੰਪ ਲਗਾਤਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਗੱਲਾਂ ਕਰਕੇ ਮਜ਼ਾਕ ਉਡਾ ਰਹੇ ਹਨ, ਜਿਸ ਨੂੰ ਕੈਨੇਡੀਅਨ ਨੇਤਾਵਾਂ ਨੇ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੱਤਾ ਹੈ। ਟਰੰਪ ਨੇ ਜਨਵਰੀ 2025 ਵਿੱਚ ‘ਗਲਫ ਆਫ ਮੈਕਸੀਕੋ’ ਦਾ ਨਾਂ ਬਦਲ ਕੇ ‘ਗਲਫ ਆਫ ਅਮਰੀਕਾ’ ਕਰਨ ਦਾ ਹੁਕਮ ਵੀ ਦਿੱਤਾ ਸੀ, ਜਿਸ ਤੋਂ ਬਾਅਦ ਗੂਗਲ ਅਤੇ ਐਪਲ ਨੇ ਆਪਣੇ ਅਮਰੀਕੀ ਵਰਤੋਂਕਾਰਾਂ ਲਈ ਮੈਪਸ ਵਿੱਚ ਬਦਲਾਅ ਕੀਤਾ ਸੀ।

ਦੇਸ਼ ਵਿੱਚ ਖਾਣ-ਪੀਣ ਅਤੇ ਘਰੇਲੂ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਨਾਲ ਚੱਲ ਰਹੇ ਵਪਾਰਕ ਵਿਵਾਦ ਦੇ ਵਿਚਕਾਰ ਕੈਨੇਡਾ ਦੇ ਲੋਕ ਆਪਣੇ ਦੇਸ਼ ਵਿੱਚ ਬਣੇ ਸਾਮਾਨ ਨੂੰ ਖਰੀਦਣ ਨੂੰ ਪਹਿਲ ਦੇ ਰਹੇ ਹਨ। ਗਰੌਸਰੀ ਸਟੋਰਾਂ ‘ਤੇ ਵੱਧ ਰਹੀਆਂ ਕੀਮਤਾਂ ਦੇ ਬਾਵਜੂਦ, ਦੇਸ਼ ਭਰ ਦੇ ਗਾਹਕ ਖਾਸ ਤੌਰ ‘ਤੇ ਕੈਨੇਡਾ ਵਿੱਚ ਤਿਆਰ ਕੀਤੇ ਉਤਪਾਦ ਹੀ ਖਰੀਦ ਰਹੇ ਹਨ। ਓਨਟਾਰੀਓ ਦੇ ਬੋਮਨਵਿਲ ਦੀ ‘ਏ-ਵੈਂਕੋ ਲਿਮਟਿਡ’ ਕੰਪਨੀ, ਜੋ ਬੇਕਿੰਗ ਵਾਲਾ ਪਾਰਚਮੈਂਟ ਕਾਗਜ਼ ਮੁਹੱਈਆ ਕਰਵਾਉਂਦੀ ਹੈ, ਦੀ ਪ੍ਰਧਾਨ ਕੈਥਲੀਨ ਚੈਪਮੈਨ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਅਮਰੀਕੀ ਟੈਰਿਫਾਂ ਕਾਰਨ ਕਾਫ਼ੀ ਪ੍ਰਭਾਵਿਤ ਹੋਈ ਹੈ। ਇਸ ਕੰਪਨੀ ਦਾ ਲਗਭਗ 40 ਪ੍ਰਤੀਸ਼ਤ ਕਾਰੋਬਾਰ ਅਮਰੀਕਾ ਨਾਲ ਜੁੜਿਆ ਹੋਇਆ ਸੀ। ਕੰਪਨੀ ਕੱਚਾ ਕਾਗਜ਼ ਫਰਾਂਸ ਤੋਂ ਮੰਗਵਾਉਂਦੀ ਹੈ, ਜਿਸ ਕਾਰਨ ਪਹਿਲਾਂ ਇਸ ‘ਤੇ ਯੂਰਪੀਅਨ ਸਾਮਾਨ ਵਾਲੇ ਟੈਰਿਫ ਲੱਗੇ ਅਤੇ ਹੁਣ ਕੈਨੇਡਾ ਵਿੱਚ ਤਿਆਰ ਹੋਣ ਕਾਰਨ ਇਸ ‘ਤੇ 50 ਪ੍ਰਤੀਸ਼ਤ ਹੋਰ ਵਾਧੂ ਟੈਰਿਫ ਲਗਾ ਦਿੱਤਾ ਗਿਆ ਹੈ। ਚੈਪਮੈਨ ਅਨੁਸਾਰ, ਇਸ ਦੇ ਬਾਵਜੂਦ ਕੈਨੇਡਾ ਦੇ ਲੋਕ ਕੰਪਨੀ ਦੀ ਮਦਦ ਲਈ ਅੱਗੇ ਆਏ ਹਨ ਅਤੇ ਸਿੱਧੇ ਤੌਰ ‘ਤੇ ਆਰਡਰ ਦੇ ਰਹੇ ਹਨ। ਨਵੇਂ ਅਮਰੀਕੀ ਟੈਰਿਫ ਲਾਗੂ ਹੋਣ ਤੋਂ ਬਾਅਦ, ਪਿਛਲੇ ਦੋ ਸਾਲਾਂ ਵਿੱਚ ਜਿੱਥੇ ਆਮ ਗਾਹਕਾਂ ਵੱਲੋਂ ਹਫ਼ਤੇ ਵਿੱਚ ਸਿਰਫ਼ 20 ਦੇ ਕਰੀਬ ਆਰਡਰ ਆਉਂਦੇ ਸਨ, ਹੁਣ ਉਹ ਵਧ ਕੇ ਸੈਂਕੜਿਆਂ ਵਿੱਚ ਪਹੁੰਚ ਗਏ ਹਨ। ਕੈਥਲੀਨ ਚੈਪਮੈਨ ਨੇ ਇਹ ਵੀ ਕਿਹਾ ਕਿ ਆਮ ਗਾਹਕ ਵੱਡੇ ਦੁਕਾਨਦਾਰਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਬਦਲਾਅ ਲਿਆ ਰਹੇ ਹਨ, ਜਦਕਿ ਕਈ ਵੱਡੇ ਸਟੋਰ ਅਤੇ ਰਿਟੇਲਰ ਆਪਣੀਆਂ ਦੁਕਾਨਾਂ ਦੇ ਰੈਕਾਂ ‘ਚ ਕੈਨੇਡੀਅਨ ਸਾਮਾਨ ਲਈ ਥਾਂ ਬਣਾਉਣ ਵਿੱਚ ਥੋੜ੍ਹੀ ਦੇਰੀ ਕਰ ਰਹੇ ਹਨ।

ਆਰਸੀਐਮਪੀ ਨੇ ਕੈਲਗਰੀ ਦੇ ਇੱਕ ਵਿਅਕਤੀ ਖ਼ਿਲਾਫ਼ 1,000 ਤੋਂ ਵੱਧ ਨਿਵੇਸ਼ਕਾਂ ਦੇ 16.4 ਕਰੋੜ ਡਾਲਰ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ 49 ਸਾਲਾ ਕ੍ਰੇਗ ਮਾਈਕਲ ਥੌਮਸਨ ਨੇ ਮਾਰਚ 2020 ਤੋਂ ਅਪ੍ਰੈਲ 2024 ਦਰਮਿਆਨ ਆਪਣੀ ਕੰਪਨੀ ‘ਬਲੈਕ ਬਾਕਸ ਮੈਨੇਜਮੈਂਟ’ ਰਾਹੀਂ ਇੱਕ ਵੱਡੇ ਘੋਟਾਲੇ ਨੂੰ ਅੰਜਾਮ ਦਿੱਤਾ। ਪੁਲਿਸ ਨੇ ਥੌਮਸਨ ਨੂੰ 31 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ‘ਤੇ ਧੋਖਾਧੜੀ ਅਤੇ ਪੈਸਿਆਂ ਦੀ ਗੈਰ-ਕਾਨੂੰਨੀ ਮਨੀ ਲਾਂਡਰਿੰਗ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਥੌਮਸਨ ਨੇ ਆਪਣੇ ਆਪ ਨੂੰ ਇੱਕ ਇਕੱਲਾ ਨਿਵੇਸ਼ਕ ਦੱਸ ਕੇ ਲੋਕਾਂ ਤੋਂ ਪੈਸੇ ਲਏ ਸਨ। ਉਸ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਹ ਪੈਸਾ ਰੋਜ਼ਾਨਾ ਦੇ ਸਟਾਕ ਮਾਰਕੀਟ ਕਾਰੋਬਾਰ ਵਿੱਚ ਲਗਾਏਗਾ। ਉਹ ਹਰ ਹਫ਼ਤੇ ਨਿਵੇਸ਼ਕਾਂ ਨੂੰ ਈਮੇਲ ਭੇਜ ਕੇ ਉਨ੍ਹਾਂ ਦੇ ਖਾਤਿਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਾ ਸੀ। ਜਾਂਚ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਈਮੇਲ ਵਿੱਚ ਦਿੱਤੀ ਗਈ ਜਾਣਕਾਰੀ ਇੰਟਰਨੈੱਟ ਤੋਂ ਚੋਰੀ ਕੀਤੀ ਗਈ ਸੀ। ਇਕੱਠੇ ਕੀਤੇ ਗਏ 16.4 ਕਰੋੜ ਡਾਲਰਾਂ ਵਿੱਚੋਂ ਥੌਮਸਨ ਨੇ 16.3 ਕਰੋੜ ਡਾਲਰ ਤੋਂ ਵੱਧ ਪੈਸਾ ਆਪਣੇ ਨਿੱਜੀ ਖਾਤਿਆਂ ਅਤੇ ਅਮਰੀਕਾ ਦੀ ਇੱਕ ਕੰਪਨੀ ਸਮੇਤ ਹੋਰ ਬਾਹਰੀ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਜਾਂਚ ਵਿੱਚ ਥੌਮਸਨ ਦਾ ਸਬੰਧ ਕੁਝ ਹੋਰ ਕੰਪਨੀਆਂ ਨਾਲ ਵੀ ਪਾਇਆ ਗਿਆ ਹੈ, ਜਿਨ੍ਹਾਂ ਵਿੱਚ ‘ਇੰਟੈਲੀਸੈਂਸ ਇਨਵੈਸਟਮੈਂਟ’, ‘ਇਨਵੇਡਰ ਮੈਨੇਜਮੈਂਟ’ ਅਤੇ ‘ਐਟਾਬਾਈਟ ਇਨਵੈਸਟਮੈਂਟ’ ਸ਼ਾਮਲ ਹਨ। ਜਦੋਂ ਮੀਡੀਆ ਨੇ ਥੌਮਸਨ ਦੇ ਵਕੀਲ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਥੌਮਸਨ ਨੂੰ 3 ਸਤੰਬਰ ਨੂੰ ਕੈਲਗਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਿਛਲੇ ਸਾਲ ਵੀ ਅਲਬਰਟਾ ਸਕਿਓਰਿਟੀਜ਼ ਕਮਿਸ਼ਨ ਨੇ ਥੌਮਸਨ ਨੂੰ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ 88 ਲੱਖ ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ, ਅਜੇ ਤੱਕ ਅਦਾਲਤ ਵੱਲੋਂ ਉਸ ਨੂੰ ਫੌਜਦਾਰੀ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾਣਾ ਬਾਕੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਹੋਰ ਵਿਅਕਤੀ ਵੀ ਇਸ ਘੋਟਾਲੇ ਦਾ ਸ਼ਿਕਾਰ ਹੋਇਆ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।