9 ਸਾਲਾ ਬੱਚੇ ਨੇ 6 ਸਾਲਾ ਲੜਕੇ ਦੇ ਸਿਰ ’ਚ ਮਾਰੀ ਗੋਲੀ, ਮੌਤ

Washington- ਅਮਰੀਕੀ ਸੂਬੇ ਫਲੋਰਿਡਾ ’ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 9 ਸਾਲਾ ਲੜਕੇ ਨੇ 6 ਸਾਲਾ ਲੜਕੇ ਦੇ ਸਿਰ ’ਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 9 ਸਾਲਾ ਲੜਕੇ ਦੇ ਹੱਥ ’ਚ ਕਿਸੇ ਤਰ੍ਹਾਂ ਗੋਲੀਆਂ ਨਾਲ ਭਰੀ ਬੰਦੂਕ ਆ ਗਈ ਅਤੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜੈਕਸਿਨਵਿਲੇ ਸ਼ੈਰਿਫ ਦਫ਼ਤਰ ਮੁਤਾਬਕ ਸੋਮਵਾਰ ਦੁਪਹਿਰੇ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ। ਸਹਾਇਕ ਮੁਖੀ ਜੇ. ਡੀ. ਸਟ੍ਰੋਨਕੋ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਘਰ ’ਚ ਦੋਵੇਂ ਬੱਚੇ ਇੱਕ ਵਿਅਕਤੀ ਦੀ ਨਿਗਰਾਨੀ ’ਚ ਸਨ ਅਤੇ ਇਸੇ ਦੌਰਾਨ 9 ਸਾਲਾ ਬੱਚੇ ਦੇ ਹੱਥ ’ਚ ਬੰਦੂਕ ਆ ਗਈ। ਇਸ ਮਗਰੋਂ ਉਸ ਨੇ ਗ਼ਲਤੀ ਨਾਲ ਗੋਲੀ ਚਲਾ ਦਿੱਤੀ, ਜਿਹੜੀ ਕਿ 6 ਸਾਲਾ ਬੱਚੇ ਦੇ ਸਿਰ ’ਚ ਵੱਜੀ। ਇਸ ਮਗਰੋਂ ਉਸ ਨੂੰ ਯੂਨੀਵਰਸਿਟੀ ਆਫ਼ ਫਲੋਰਿਡਾ ਸ਼ੈਂਡਸ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਾਂਚਕਰਤਾ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖ਼ਰ ਬੰਦੂਕ ਬੱਚੇ ਦੇ ਹੱਥ ’ਚ ਕਿਵੇਂ ਆ ਗਈ? ਸਟ੍ਰੋਨਕੋ ਨੇ ਕਿਹਾ ਕਿ ਹਾਦਸੇ ਵੇਲੇ ਘਰ ’ਚ ਮੌਜੂਦ ਵਿਅਕਤੀ ਨੂੰ ਸਥਾਨਕ ਪੁਲਿਸ ਸਟੇਸ਼ਨ ’ਚ ਲਿਜਾਇਆ ਗਿਆ, ਜਿੱਥੇ ਕਿ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਕਿਸੇ ਵੀ ਅਪਰਾਧਿਕ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਸ ਮਾਮਲੇ ’ਚ ਕੋਈ ਵੀ ਸ਼ੱਕੀ ਨਹੀਂ ਹੈ।