ਪਾਣੀ ’ਚੋਂ ਮਿਲੀ ਬਰੁੱਕਲਿਨ ਵਿਖੇ ਲਾਪਤਾ ਹੋਏ 9 ਸਾਲਾ ਬੱਚੇ ਦੀ ਲਾਸ਼

Brooklyn- ਬੁੱਧਵਾਰ ਨੂੰ ਬਰੁੱਕਲਿਨ ਦੇ ਨੇੜੇ ਆਈਕਿਆ (IKEA) ਦੇ ਸਟੋਰ ਤੋਂ ਲਾਪਤਾ ਹੋਏ ਇੱਕ 9 ਸਾਲਾ ਲੜਕੇ ਲਾਸ਼ ਇੱਕ ਜਲਮਾਰਗ ’ਚੋਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਲੜਕੇ ਦੀ ਪਹਿਚਾਣ ਹਸੀਬੁਲ ਨੇਹਾਨ ਦੇ ਰੂਪ ’ਚ ਹੋਈ ਹੈ ਅਤੇ ਉਹ ਬੋਲ ਨਹੀਂ ਸਕਦਾ ਸੀ ਤੇ ਉਹ ਆਟੀਜ਼ਮ ਤੋਂ ਪੀੜਤ ਸੀ। ਅਧਿਕਾਰੀਆਂ ਨੇ ਉਸ ਦੀ ਮੌਤ ਨੂੰ ਦੁੱਖਦਾਈ ਦੱਸਦਿਆਂ ਕਿਹਾ ਕਿ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੇ ਅਪਰਾਧਿਕ ਦੋਸ਼ਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਲੜਕੇ ਦੀ ਮਾਂ ਆਬਿਦਾ ਸੁਲਤਾਨ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਪੱਛਮੀ ਬਰੁੱਕਲਿਨ ਦੇ ਗੁਆਂਢੀ ਇਲਾਕੇ ਰੈੱਡ ਹੁੱਕ ’ਚ ਇੱਕ ਆਈਕਿਆ ਸਟੋਰ ਦੇ ਅੰਦਰ ਸਨ, ਤਾਂ ਇੱਕ ਨੈਨੀ ਉਸ ’ਤੇ ਨਿਗ੍ਹਾ ਰੱਖ ਰਹੀ ਸੀ। ਇਸ ਦੌਰਾਨ ਨੇਹਾਨ ਬੜੀ ਤੇਜ਼ੀ ਨਾਲ ਸਾਰਿਆਂ ਦੀ ਅੱਖਾਂ ਤੋਂ ਉਹਲੇ ਹੋ ਗਿਆ।
ਸੁਲਤਾਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰੀਬ ਅੱਧੇ ਘੰਟੇ ਤੱਕ ਉਸ ਦੀ ਭਾਲ ਕੀਤੀ ਗਈ ਅਤੇ ਕੋਈ ਵਾਹ ਨਾ ਜਾਂਦੀ ਵੇਖ ਕੇ ਉਨ੍ਹਾਂ ਨੇ ਸਟੋਰ ਸਟਾਫ਼ ਨੂੰ ਸੁਰੱਖਿਆ ਕੈਮਰਿਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ। ਫੁਟੇਜ ’ਚ ਨੇਹਾਨ ਨੂੰ ਸਟੋਰ ਦੇ ਬੰਦ ਹੋਣ ਤੋ ਕੁਝ ਸਮਾਂ ਪਹਿਲਾਂ ਬਾਹਰ ਨਿਕਲਦਿਆਂ ਦੇਖਿਆ ਸੀ। ਪਰਿਵਾਰ ਵਲੋਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਉਣ ਮਗਰੋਂ ਨਿਊਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਅਤੇ ਸਿਟੀ ਆਫ਼ ਨਿਊਯਾਰਕ ਦੇ ਫਾਇਰ ਡਿਪਾਰਟਮੈਂਟ ਵਲੋਂ ਵੱਡੇ ਪੱਧਰ ’ਤੇ ਉਸ ਦੀ ਭਾਲ ਕੀਤੀ ਗਈ। ਅਧਿਕਾਰੀਆਂ ਨੇ ਜ਼ਮੀਨ, ਆਸਮਾਨ ਅਤੇ ਜਲ ਮਾਰਗ ਤੋਂ ਉਸ ਦੀ ਭਾਲ ਲਈ ਅਫ਼ਸਰਾਂ, ਗੋਤਾਖੋਰਾਂ ਅਤੇ ਹਵਾਈ ਡਰੋਨਾਂ ਨੂੰ ਤਾਇਨਾਤ ਕੀਤਾ। ਬਦਕਿਸਮਤੀ ਨਾਲ ਵੀਰਵਾਰ ਸਵੇਰੇ ਉਸ ਦੀ ਲਾਸ਼ ਪਾਣੀ ’ਚੋਂ ਮਿਲੀ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।