ਜਲੰਧਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜ਼ੈੱਡ ਸਕਿਓਰਿਟੀ ਦੇਣ ਦਾ ਐਲਾਨ ਕੀਤਾ ਹੈ ।ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਸ ਬਾਬਤ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ।
ਕੇਂਦਰ ਦੀ ਭਾਜਪਾ ਸਰਕਾਰ ਦੇ ਇਸ ਫੈਸਲੇ ਨੂੰ ਪੰਜਾਬ ਦੀ ਸਿਆਸਤ ਚ ਮਾਸਟਰ ਸਟਰੋਕ ਵਜੋਂ ਵੇਖਿਆ ਜਾ ਰਿਹਾ ਹੈ । ਪੰਜਾਬ ਦੀ ‘ਆਪ’ ਸਰਕਾਰ ਨੇ ਜਥੇਦਾਰ ਹੋਰਾਂ ਦੀ ਸੁਰੱਖਿਆ ਚ ਬੀਤੇ ਦਿਨੀ ਕਟੌਤੀ ਕਰ ਦਿੱਤੀ ਸੀ । ਸਰਕਾਰ ਦਾ ਤਰਕ ਸੀ ਕਿ ਘੱਲੁਘਾਰੇ ਨੂੰ ਲੈ ਕੇ ਸਰਕਾਰ ਵਲੋਂ ਇਹ ਕਟੌਤੀ ਕੀਤੀ ਗਈ ਸੀ । ਮਾਮਲੇ ਦੇ ਭੱਖਣ ਤੋਂ ਬਾਅਦ ਚਾਹੇ ਸੂਬਾ ਸਰਕਾਰ ਵਲੋਂ ਆਪਣਾ ਫੈਸਲਾ ਵਾਪਿਸ ਲੈ ਲਿਆ ਗਿਆ ਸੀ । ਪਰ ਬਾਅਦ ਚ ਜਥੇਦਾਰ ਹੋਰਾਂ ਨੇ ਹੀ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ ।
ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਸੁਰੱਖਿਆ ਕਟੌਤੀ ਦਾ ਮਾਮਲਾ ਹੋਰ ਭੱਖ ਗਿਆ ਸੀ । ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਜੇ ਇਸ ਮਾਮਲੇ ਚ ਡੈਮੇਜ ਕੰਟਰੋਲ ਚ ਲੱਗੀ ਹੋਈ ਸੀ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ‘ਜ਼ੈੱਡ’ ਸਕਿਓਰਿਟੀ ਦੇ ਕੇ ਭਗਵੰਤ ਮਾਨ ਸਰਕਾਰ ਨੂੰ ਝਟਕਾ ਦਿੱਤਾ ਹੈ ।
ਜਥੇਦਾਰ ਸਾਹਿਬ ਇਹ ਸਕਿਓਰਿਟੀ ਲੈਣਗੇ ਜਾਂ ਨਹੀਂ , ਇਸ ਬਾਬਤ ਅਜੇ ਤੱਕ ਉਨ੍ਹਾਂ ਦਾ ਕੋਈ ਪ੍ਰਤੀਕਰਮ ਸਾਹਮਨੇ ਨਹੀਂ ਆਇਆ ਹੈ ।