Montreal- ਮਾਂਟਰੀਆਲ ’ਚ ਮਾਂ-ਧੀ ਦੀ ਬੇਹਰਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣਾ ਹੈ। ਮਾਂਟਰੀਆਲ ਪੁਲਿਸ ਨੇ ਇਸ ਨੂੰ ਦੋਹਰਾ ਕਤਲਕਾਂਡ ਕਰਾਰਦਿਆਂ ਦੱਸਿਆ ਕਿ ਦੋਹਾਂ ਦੀਆਂ ਲਾਸ਼ਾਂ ਵੀਰਵਾਰ ਤੜਕੇ ਦੱਖਣੀ-ਪੱਛਮੀ ਮਾਂਟਰੀਆਲ ਦੇ ਲਾਚੀਨ ਬਰੋ ਇਲਾਕੇ ’ਚ ਸਥਿਤ ਇੱਕ ਘਰ ’ਚੋਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਮਿ੍ਰਤਕਾਂ ਦੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਉੁਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਮਾਂਟਰੀਆਲ ਪੁਲਿਸ ਦੇ ਬੁਲਾਰੇ ਮਾਰੀਅਨ ਅਲੇਅਰ ਮੋਰਿਨ ਨੇ ਦੱਸਿਆ ਜਦੋਂ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਤਾਂ ਉੱਥੇ ਉਨ੍ਹਾਂ ਨੂੰ ਦੋ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਪਹਿਚਾਣ ਬਾਅਦ ਮਾਂ-ਧੀ ਦੇ ਰੂਪ ’ਚ ਹੋਈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਮਾਂ ਦੀ ਉਮਰ 56 ਵਰ੍ਹੇ ਅਤੇ ਧੀ ਦੀ ਉਮਰ 12 ਵਰ੍ਹੇ ਸੀ ਅਤੇ ਫਰਾਂਸਿਕ ਟੀਮਾਂ ਇਸ ਗੱਲ ਦੀ ਜਾਂਚ ’ਚ ਜੁਟੀਆਂ ਹੋਈਆਂ ਹਨ ਕਿ ਦੋਹਾਂ ਦੀ ਮੌਤ ਕਦੋਂ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਨਜ਼ਰਾਂ ’ਚ ਇੱਕ ਸ਼ੱਕੀ ਹੈ। ਮੋਰਿਨ ਨੇ ਦੱਸਿਆ ਕਿ ਮਿ੍ਰਤਕਾਂ ਦਾ ਵਾਹਨ ਉਨ੍ਹਾਂ ਦੇ ਘਰ ਤੋਂ ਕਰੀਬ 10 ਮਿੰਟ ਦੀ ਦੂਰੀ ’ਤੇ ਬਣੀ ਇੱਕ ਪਾਰਕਿੰਗ ’ਚੋਂ ਮਿਲਿਆ ਪਰ ਅਜੇ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਵਾਹਨ ਉੱਥੇ ਕਿਵੇਂ ਪਹੁੰਚਿਆ।