ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ, 2 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

ਡੈਸਕ- ਕੈਨੇਡਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ ਰੋਟੀ ਕਮਾਉਣ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਤੇਜਬੀਰ ਸਿੰਘ ਵਜੋਂ ਹੋਈ ਹੈ। ਉਹ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਵਿਚ ਵਿਧਾਨ ਸਭਾ ਹਲਕੇ ਦੇ ਪਿੰਡ ਮਨਿਆਲਾ ਜੈ ਸਿੰਘ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਨੌਜਵਾਨ 2 ਸਾਲ ਪਹਿਲਾ ਹੀ ਵਿਦੇਸ਼ ਗਿਆ ਸੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੇਜਬੀਰ ਸਿੰਘ ਦੀ ਪਤਨੀ ਜਗਰੂਪ ਕੌਰ 4 ਸਾਲ ਪਹਿਲਾਂ ਕੈਨੇਡਾ ਗਈ ਸੀ। ਇਸ ਤੋਂ ਬਾਅਦ ਕਰੀਬ 2 ਸਾਲ ਪਹਿਲਾਂ ਉਸ ਨੇ ਤੇਜਬੀਰ ਸਿੰਘ ਨੂੰ ਵੀ ਕੈਨੇਡਾ ਬੁਲਾ ਲਿਆ ਸੀ। ਤੇਜਬੀਰ ਸਿੰਘ ਕੈਨੇਡਾ ਵਿਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਹਾਦਸੇ ਵਾਲੇ ਦਿਨ ਵੀ ਤੇਜਬੀਰ ਸਿੰਘ ਕੈਨੇਡਾ ਤੋਂ ਟਰਾਲਾ ਲੈਕੇ ਅਮਰੀਕਾ ਗਿਆ ਸੀ। ਇਸ ਦੌਰਾਨ ਉਸਨੂੰ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ। ਜ਼ਖਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਬੀਤੀ ਰਾਤ ਉਸਦੀ ਮੌਤ ਹੋ ਗਈ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਪੈਰਾਲਾਇਜ ਹੋਇਆ ਹੈ ਜਿਸ ਕਰਕੇ ਉਨ੍ਹਾਂ ਦਾ ਇਕਲੌਤਾ ਪੁੱਤਰ ਹੀ ਉਨ੍ਹਾਂ ਦਾ ਸਹਾਰਾ ਸੀ ਜਿਸਨੂੰ ਕੁਝ ਜ਼ਮੀਨ ਵੇਚ ਕੇ ਅਤੇ ਕੁਝ ਗਹਿਣੇ ਗਿਰਵੀ ਰੱਖ ਕੇ ਵਿਦੇਸ਼ ਭੇਜਿਆ ਸੀ। ਪਰਿਵਾਰ ਨੇ ਤੇਜਬੀਰ ਸਿੰਘ ਦੀ ਮ੍ਰਿਤਕ ਦੇਹ ਵਾਪਿਸ ਪੰਜਾਬ ਲਿਆਉਣ ਲਈ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਕੋਲੋ ਸਹਿਯੋਗ ਦੀ ਮੰਗ ਕੀਤੀ ਹੈ।