ਸੁਖਬੀਰ ਬਾਦਲ ਗੋਲੀ ਕਾਂਡ ‘ਚ DGP ਨੂੰ ਪੱਤਰ, ਮਜੀਠੀਆ ਨੇ ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ

ਡੈਸਕ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਜਾਂਚ ਲਈ ਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਬਿਕਰਮ ਮਜੀਠੀਆ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ 13 ਪੰਨਿਆਂ ਦੀ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਨੇ ਐਸਪੀ ਹਰਪਾਲ ਸਿੰਘ ਰੰਧਵਾ ਖ਼ਿਲਾਫ਼ ਕਾਰਵਾਈ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਪੰਜਾਬ ਪੁਲੀਸ ਕਮਿਸ਼ਨਰ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਸੁਖਬੀਰ ਬਾਦਲ ‘ਤੇ ਹਮਲੇ ਸਬੰਧੀ ਐਫਆਈਆਰ ਵੀ ਸਾਹਮਣੇ ਆਈ ਹੈ। ਸੁਖਬੀਰ ਬਾਦਲ ‘ਤੇ ਹਮਲਾ ਸਵੇਰੇ 9.30 ਵਜੇ ਦੇ ਕਰੀਬ ਹੋਇਆ। ਪਰ ਪੁਲਿਸ ਨੇ ਕਰੀਬ 3.30 ਵਜੇ ਸ਼ਿਕਾਇਤ ਦਰਜ ਕਰ ਲਈ। ਇੰਨਾ ਹੀ ਨਹੀਂ ਐਫਆਈਆਰ ਵਿੱਚ ਇਸ ਗੱਲ ਦਾ ਵੀ ਕੋਈ ਜ਼ਿਕਰ ਨਹੀਂ ਹੈ ਕਿ ਸੁਖਬੀਰ ਬਾਦਲ ਦੇ ਆਸ-ਪਾਸ ਕੌਣ ਸੀ ਅਤੇ ਕਿਸ ਨੇ ਸੁਖਬੀਰ ਨੂੰ ਗੋਲੀ ਲੱਗਣ ਤੋਂ ਬਚਾਇਆ।

ਅੰਮ੍ਰਿਤਸਰ ਪੁਲਿਸ ਦੀ ਨਾਕਾਮੀ ਕਾਰਨ ਵਾਪਰੀ ਘਟਨਾ
ਸੁਖਬੀਰ ਬਾਦਲ ਤੇ ਹੋਏ ਹਮਲੇ ਦੀ ਘਟਨਾ ਤੋਂ ਬਾਅਦ ਤੋਂ ਬਿਕਰਮ ਮਜੀਠੀਆ ਲਗਾਤਾਰ ਪੁਲਿਸ ਦੀ ਜਾਂਚ ‘ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਸੁਖਬੀਰ ਬਾਦਲ ‘ਤੇ ਹਮਲਾ ਪੰਜਾਬ ਪੁਲਿਸ ਦੀ ਨਾਕਾਮੀ ਕਾਰਨ ਹੋਇਆ ਹੈ। ਅੰਮ੍ਰਿਤਸਰ ਪੁਲਿਸ ਨਾ ਸਿਰਫ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤੀ, ਬਲਕਿ ਸੀਨੀਅਰ ਪੁਲਿਸ ਅਧਿਕਾਰੀ ਪਾਕਿਸਤਾਨ ਦੇ ਆਈਐਸਆਈ ਏਜੰਟ, ਹਮਲਾਵਰ ਨਰਾਇਣ ਸਿੰਘ ਚੌਧਰੀ ਦੇ ਨਾਲ ਗੁਪਤ ਗਠਜੋੜ ਅਤੇ ਮਿਲੀਭੁਗਤ ਵਿੱਚ ਸਨ। ਅੰਮ੍ਰਿਤਸਰ ਪੁਲਿਸ ਨੇ ਸਚਾਈ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।