ਹੁਣ ਕੋਈ ਗਰੀਬ ਇਲਾਜ਼ ਦੀ ਕਮੀ ਨਾਲ ਨਹੀਂ ਮਰੇਗਾ – ਸੀ.ਐੱਮ ਮਾਨ

ਲੁਧਿਆਣਾ- ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇਗੰਢ ਪੂਰੇ ਹੋਣ ‘ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਤੋਹਫਾ ਦਿੱਤਾ ਹੈ । ਮਾਨ ਸਰਕਾਰ ਨੇ ਅੱਜ ਸੂਬੇ ਨੂੰ 75 ਆਮ ਆਦਮੀ ਕਲੀਨਿਕ ਦਿੱਤੇ ਹਨ । ਲੁਧਿਆਣਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੀ ਪੌਨੇ ਤਿੰਨ ਕਰੋੜ ਅਬਾਦੀ ਚ ਹੁਣ ਕੋਈ ਵੀ ਇਨਸਾਨ ਇਲਾਜ਼ ਦੀ ਕਮੀ ਨਾਲ ਨਹੀਂ ਮਰੇਗਾ । ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਕੋਨੇ ਕੋਨੇ ਚ ਸਰਕਾਰ ਵਲੋਂ ਆਮ ਆਦਮੀ ਕਲੀਨਿਕ ਖੋਲ੍ਹ ਦਿੱਤੇ ਗਏ ਹਨ । ਜਿੱਥੇ ਪੰਜਾਬ ਦੀ ਜਨਤਾ ਨੂੰ ਮੁਫਤ ਇਲਾਜ ਦੇ ਨਾਲ ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ।

ਸੀ.ਐੱਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਚ ਕੋਈ ਵੀ ਗਰੀਬ ਮਰੀਜ਼ ਪੈਸਿਆਂ ਦੇ ਕਾਰਣ ਇਲਾਜ ਦੀ ਕਮੀ ਨਾਲ ਜਾਨ ਨਹੀਂ ਗਵਾਏਗਾ ।ਅਕਾਲੀ ਦਲ ਨੂੰ ਜਵਾਬ ਦਿੰਦਿਆਂ ਸੀ.ਐੱਮ ਮਾਨ ਨੇ ਕਿਹਾ ਕਿ ਸੇਵਾ ਕੇਂਦਰਾਂ ਦੇ ਮਾੜੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਹੀ ਇਸ ਨੂੰ ਮੁਹੱਲਾ ਕਲੀਨਿਕਾਂ ਚ ਤਬਦੀਲ ਕੀਤਾ ਗਿਆ ਹੈ ।ਸੇਵਾ ਕੇਂਦਰ ਕਿਸੇ ਦੀ ਜਗੀਰ ਨਹੀਂ ਹੈ ।ਮਾਨ ਨੇ ਕਿਹਾ ਕਿ ਸੇਵਾ ਕੇਂਦਰਾਂ ਚ ਮੱਝਾਂ ਰਹਿੰਦੀਆਂ ਸਨ । ਹੁਣ ਸਰਕਾਰ ਨੇ ਇਸਦੀ ਸਹੀ ਵਰਤੋ ਕੀਤੀ ਹੈ ।

ਸੀ.ਐੱਮ ਮਾਨ ਨੇ ਸਾਬਕਾ ਸਰਕਾਰਾਂ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਦੀ ਵੀ ਗੱਲ ਕੀਤੀ ਹੈ । ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀਆਂ ਤੋਂ ਭ੍ਰਿਸ਼ਟਾਚਾਰ ਦਾ ਪੈਸਾ ਕੱਢਵਾ ਕੇ ਸੂਬੇ ਦੇ ਵਿਕਾਸ ‘ਤੇ ਲਗਾਇਆ ਜਾਵੇਗਾ ।