Vancouver: ਅਮਰੀਕਾ ਅਤੇ ਕੈਨੇਡਾ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਹਨ। ਵਾਸ਼ਿੰਗਟਨ ਸੂਬੇ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਇਲਾਕੇ ਵੱਲ ਜਾਣ ਦੇ ਹੁਕਮ ਦਿਤੇ ਗਏ ਅਤੇ ਗਵਰਨਰ ਬੌਬ ਫਰਗਿਊਸਨ ਨੇ ਚਿਤਾਵਨੀ ਦਿਤੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਮਨੁੱਖੀ ਜਾਨਾਂ ਦਾਅ ’ਤੇ ਹੋਣਗੀਆਂ। ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ ਅਤੇ ਨਦੀਆਂ ਵਿਚ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਵਧਣ ਮਗਰੋਂ ਸਿਐਟਲ ਤੋਂ ਵੈਨਕੂਵਰ ਦਰਮਿਆਨ ਰੇਲ ਸੇਵਾ ਮੁਅੱਤਲ ਕਰ ਦਿਤੀ ਗਈ ਹੈ।
ਵਾਸ਼ਿੰਗਟਨ ਦੇ ਕੈਸਕੇਡ ਮਾਊਂਟੇਨਜ਼ ਇਲਾਕੇ ਵਿਚ 6 ਇੰਚ ਮੀਂਹ ਪੈਣ ਦੀ ਰਿਪੋਰਟ ਹੈ ਜਦਕਿ ਕਈ ਥਾਵਾਂ ’ਤੇ ਸਿਰਫ਼ ਛੇ ਘੰਟੇ ਵਿਚ 1.7 ਇੰਚ ਬਾਰਸ਼ ਦਰਜ ਕੀਤੀ ਗਈ। ਸਿਐਟਲ ਦੇ ਉਤਰ ਵੱਲ ਸਥਿਤ ਸਕੈਜਿਟ ਕਾਊਂਟੀ ਸਭ ਤੋਂ ਵੱਧ ਪ੍ਰਭਾਵਤ ਇਲਾਕਾ ਦੱਸਿਆ ਜਾ ਰਿਹਾ ਹੈ, ਜਿਥੇ 78 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।
ਉਧਰ ਬੀ.ਸੀ. ਵਿਚ ਹੜ੍ਹਾਂ ਦਾ ਪਾਣੀ ਐਬਸਫ਼ੋਰਡ ਵਿਚ ਹਾਈਵੇਅ 1 ਤੱਕ ਪੁੱਜ ਗਿਆ ਅਤੇ ਨਵੇਂ ਸਿਰੇ ਤੋਂ ਲੋਕਾਂ ਨੂੰ ਮਕਾਨ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ। 460 ਪ੍ਰੌਪਰਟੀਜ਼ ਨੂੰ ਪਹਿਲਾਂ ਹੀ ਖਾਲੀ ਕਰਨ ਦੀ ਹਦਾਇਤ ਦਿਤੀ ਜਾ ਚੁੱਕੀ ਹੈ ਅਤੇ ਇਕ ਹਜ਼ਾਰ ਤੋਂ ਵੱਧ ਨੂੰ ਐਲਰਟ ’ਤੇ ਰੱਖਿਆ ਗਿਆ ਹੈ। ਐਬਸਫ਼ੋਰਡ ਸ਼ਹਿਰ ਵਿਚ ਹੜ੍ਹਾਂ ਦੇ ਮੌਜੂਦਾ ਹਾਲਾਤ ਨੂੰ 1990 ਦੇ ਹੜ੍ਹਾਂ ਬਰਾਬਰ ਮੰਨਿਆ ਜਾ ਰਿਹਾ ਹੈ ਪਰ 2021 ਵਿਚ ਹੋਈ ਤਬਾਹੀ ਨੂੰ ਵੀ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ।
ਬੀ.ਸੀ. ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਕੈਂਪਬੈਲ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੱਕ ਹੜ੍ਹਾਂ ਦਾ ਪਾਣੀ ਘਟਣ ਦੇ ਆਸਾਰ ਨਹੀਂ ਪਰ ਜੇ ਮੁੜ ਬਾਰਸ਼ ਹੁੰਦੀ ਹੈ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਸੁਮਸ ਨਦੀ ਵਿਚ ਹੜ੍ਹਾਂ ਦੀ ਚਿਤਾਵਨੀ ਵੀਰਵਾਰ ਸ਼ਾਮ ਤੱਕ ਕਾਇਮ ਰਹੀ ਜਦਕਿ ਲੋਅਰ ਫਰੇਜ਼ਰ ਰਿਵਰ ਤੋਂ ਇਲਾਵਾ ਚਿਲੀਵੈਕ ਰਿਵਰ ਅਤੇ ਸਕੈਜਿਟ ਰਿਵਰ ਨਾਲ ਸਬੰਧਤ ਚਿਤਾਵਨੀਆਂ ਵਾਪਸ ਲਈਆਂ ਜਾ ਚੁੱਕੀਆਂ ਹਨ।

ਕੈਨੇਡਾ ਵਿੱਚ, ਹੜ੍ਹਾਂ, ਮਲਬੇ ਅਤੇ ਬਰਫ਼ੀਲੇ ਤੂਫ਼ਾਨ ਦੇ ਖ਼ਤਰੇ ਕਾਰਨ ਵੈਨਕੂਵਰ ਨੂੰ ਜਾਣ ਵਾਲੇ ਮੁੱਖ ਹਾਈਵੇਅ ਬੰਦ ਕਰ ਦਿੱਤੇ ਗਏ ਹਨ। ਅਮਰੀਕਾ ਅਤੇ ਕੈਨੇਡਾ ਵਿੱਚ ਹਜ਼ਾਰਾਂ ਲੋਕਾਂ ਲਈ ਨਿਕਾਸੀ ਦੇ ਆਦੇਸ਼ ਲਾਗੂ ਹਨ, ਅਤੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹੋਰ ਮੀਂਹ ਆਉਣ ਵਾਲਾ ਹੈ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ, ਨਿਕਾਸੀ ਦੇ ਕਈ ਆਦੇਸ਼ ਅਤੇ ਹੜ੍ਹਾਂ ਦੀਆਂ ਚੇਤਾਵਨੀਆਂ ਜਾਰੀ ਹਨ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਨੂਕਸੈਕ ਨਦੀ ਦੇ ਕੰਢਿਆਂ ਤੋਂ ਉੱਪਰ ਵਹਿਣ ਦੀ ਉਮੀਦ ਹੈ, ਅਤੇ ਉਹ ਹੜ੍ਹ ਦੀ ਆਸ ਕਰਦੇ ਹਨ, ਹਾਲਾਂਕਿ ਇਹ 2021 ਜਿੰਨਾ ਗੰਭੀਰ ਨਹੀਂ ਹੋਵੇਗਾ, ਜਦੋਂ ਇਸ ਨੇ ਸੂਬੇ ਵਿੱਚ ਮਹੱਤਵਪੂਰਨ ਨੁਕਸਾਨ ਅਤੇ ਪੰਜ ਮੌਤਾਂ ਕੀਤੀਆਂ ਸਨ।
ਯਾਤਰਾ-ਜਾਣਕਾਰੀ ਵੈੱਬਸਾਈਟ Drive BC ਅਨੁਸਾਰ, ਲੋਅਰ ਮੇਨਲੈਂਡ ਨੂੰ ਜਾਣ ਵਾਲੇ ਜ਼ਿਆਦਾਤਰ ਮੁੱਖ ਹਾਈਵੇਅ ਹੁਣ ਬੰਦ ਹਨ। ਵਪਾਰਕ ਆਵਾਜਾਈ ਲਈ ਅਮਰੀਕਾ-ਕੈਨੇਡਾ ਸੁਮਾਸ ਬਾਰਡਰ ਕਰਾਸਿੰਗ ਵੀ ਬੰਦ ਹੈ। ਮੌਸਮ ਵਿਗਿਆਨੀਆਂ ਨੇ ਐਤਵਾਰ ਨੂੰ ਇੱਕ ਹੋਰ ਤੂਫ਼ਾਨ ਆਉਣ ਦੀ ਚੇਤਾਵਨੀ ਦਿੱਤੀ ਹੈ।
ਸਪਸ਼ਟੀਕਰਨ (3 ਨਵੰਬਰ 2026): ਪਹਿਲਾਂ ਲਿਖਿਆ ਸੀ ਕਿ ਹਜ਼ਾਰਾਂ ਲੋਕ “ਬੇਘਰ” ਹੋ ਗਏ ਹਨ; ਖ਼ਬਰ ਵਿੱਚ ਦੱਸੇ ਗਏ ਨਿਕਾਸੀ ਹੁਕਮਾਂ ਅਨੁਸਾਰ ਇਸ ਨੂੰ “ਘਰ ਖਾਲੀ ਕਰਨੇ ਪਏ” ਵਿੱਚ ਬਦਲਿਆ ਗਿਆ ਹੈ। / Clarification (Nov. 3, 2026): Wording changed from “left homeless” to “had to evacuate their homes,” in line with the evacuation orders the story describes.
