USA: ਈਰਾਨ ਜੰਗ ਦੇ ਮੱਦੇਨਜ਼ਰ ਯੂਰਪ ਵਿਚ 20 ਹਜ਼ਾਰ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਲੁਫ਼ਤਾਂਸਾ ਤੋਂ ਬਾਅਦ ਕਈ ਹੋਰ ਏਅਰਲਾਈਨਜ਼ ਬਿਲਕੁਲ ਇਸੇ ਕਿਸਮ ਦਾ ਫੈਸਲਾ ਲੈਣ ਦੀ ਤਿਆਰੀ ਵਿਚ ਹਨ। ਜੈੱਟ ਫ਼ਿਊਲ ਦੀਆਂ ਕੀਮਤਾਂ ਦੁੱਗਣੀਆਂ ਹੋ ਚੁੱਕੀਆਂ ਹਨ ਅਤੇ ਲੁਫ਼ਤਾਂਸਾ ਦਾ ਕਹਿਣਾ ਹੈ ਕਿ 20 ਹਜ਼ਾਰ ਫਲਾਈਟਸ ਰੱਦ ਹੋਣ ਮਗਰੋਂ 40 ਹਜ਼ਾਰ ਟਨ ਫ਼ਿਊਲ ਦੀ ਬੱਚਤ ਹੋਵੇਗਾ। ਹੋਰਮੁਜ਼ ਲਾਂਘਾ ਬੰਦ ਹੋਣ ਕਰ ਕੇ ਕੱਚੇ ਤੇਲ ਦੀ ਸਪਲਾਈ ਨਹੀਂ ਹੋ ਰਹੀ ਅਤੇ ਯੂਰਪੀ ਮੁਲਕ ਚਿੰਤਾਵਾਂ ਵਿਚ ਡੁੱਬੇ ਹੋਏ ਹਨ। ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਸੁਚੇਤ ਕੀਤਾ ਹੈ ਕਿ ਯੂਰਪ ਕੋਲ ਸਿਰਫ਼ 6 ਹਫ਼ਤੇ ਦਾ ਜੈੱਟ ਫ਼ਿਊਲ ਬਚਿਆ ਹੈ ਅਤੇ ਜਲਦ ਸਪਲਾਈ ਬਹਾਲ ਨਾ ਹੋਈ ਤਾਂ ਹਵਾਈ ਸਫ਼ਰ ਬਿਲਕੁਲ ਠੱਪ ਹੋ ਜਾਵੇਗਾ। ਲੁਫ਼ਤਾਂਸਾ ਨੇ ਕਿਹਾ ਹੈ ਕਿ ਹਾਲਾਤ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਅਪ੍ਰੈਲ ਦੇ ਅੰਤ ਜਾ ਮਈ ਦੇ ਪਹਿਲੇ ਹਫ਼ਤੇ ਮੁਕੰਮਲ ਰਣਨੀਤੀ ਜਾਰੀ ਕੀਤੀ ਜਾਵੇਗੀ। ਫ਼ਰੈਂਕਫਰਟ ਅਤੇ ਮਿਊਨਿਖ ਤੋਂ ਘਾਟੇ ਵਾਲੇ ਰੂਟ ਬੰਦ ਕੀਤੇ ਜਾ ਰਹੇ ਹਨ ਜਦਕਿ ਲੰਮੀ ਦੂਰੀ ਦੀਆਂ ਫਲਾਈਟਸ ਵਾਸਤੇ ਹੋਰਨਾਂ ਏਅਰਲਾਈਨਜ਼ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅਮਰੀਕਾ ਦੇ ਡੈਲਟਾ ਏਅਰਲਾਈਨਜ਼ ਵੱਲੋਂ ਆਪਣੀਆਂ ਫਲਾਈਟਸ ਵਿਚ 3.5 ਫ਼ੀ ਸਦੀ ਕਟੌਤੀ ਕਰਦਿਆਂ 1 ਅਰਬ ਡਾਲਰ ਬਚਾਉਣ ਦਾ ਪਲੈਨ ਤਿਆਰ ਕੀਤਾ ਗਿਆ ਹੈ ਜਦਕਿ ਏਅਰ ਕੈਨੇਡਾ ਵੀ ਖਰਚਾ ਬਚਾਉਣ ਲਈ ਅਮਰੀਕਾ ਜਾਣ ਵਾਲੀਆਂ ਕਈ ਫ਼ਲਾਈਟਸ ਰੱਦ ਕਰ ਚੁੱਕੀ ਹੈ।

ਹਾਂਗਕਾਂਗ ਦੀ ਕੈਥੇਅ ਪੈਸੇਫ਼ਿਕ, ਮਲੇਸ਼ੀਆ ਦੀ ਏਅਰ ਏਸ਼ੀਆ ਅਤੇ ਏਅਰ ਨਿਊਜ਼ੀਲੈਂਡ ਵੱਲੋਂ ਵੀ ਰੂਟ ਘਟਾਏ ਜਾ ਰਹੇ ਹਨ। ਕਈ ਏਅਰਲਾਈਨਜ਼ ਵੱਲੋਂ ਟਿਕਟਾਂ ’ਤੇ ਫ਼ਿਊਲ ਸਰਚਾਰਜ ਵਸੂਲਿਆ ਜਾ ਰਿਹਾ ਹੈ ਪਰ ਬ੍ਰਿਟਿਸ਼ ਏਅਰਲਾਈਨ ਵਰਜਿਨ ਐਟਲਾਂਟਿਕ ਦਾ ਕਹਿਣਾ ਹੈ ਕਿ ਕਿਰਾਏ ਵਧਣ ਦੇ ਬਾਵਜੂਦ ਇਸ ਸਾਲ ਮੁਨਾਫ਼ਾ ਹੋਣ ਦੇ ਆਸਾਰ ਨਹੀਂ। ਜੈੱਟ ਫ਼ਿਊਲ ਮਹਿੰਗਾ ਹੋਣ ਦਾ ਸਿੱਧਾ ਅਸਰ ਹਵਾਈ ਮੁਸਾਫ਼ਰਾਂ ਦੀ ਜੇਬ ’ਤੇ ਪੈ ਰਿਹਾ ਹੈ ਅਤੇ ਕਿਰਾਏ ਵਧਣ ਤੋਂ ਇਲਾਵਾ ਫਲਾਈਟਸ ਦੀ ਗਿਣਤੀ ਘਟਦੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਸੀਜ਼ ਫ਼ਾਇਰ ਵਧਾਉਣ ਦਾ ਐਲਾਨ ਕਰ ਚੁੱਕੇ ਹਨ ਪਰ ਹੋਰਮੁਜ਼ ਲਾਂਘੇ ਵਿਚੋਂ ਨਾਕਾਬੰਦੀ ਹਟਾਉਣ ਵਾਸਤੇ ਤਿਆਰ ਨਹੀਂ। ਇਸ ਦੇ ਉਲਟ ਯਮਨ ਦੇ ਹੂਤੀ ਬਾਗੀਆਂ ਨੇ ਸੁਚੇਤ ਕੀਤਾ ਹੈ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ। ਅਮਰੀਕਾ ਅਤੇ ਈਰਾਨ ਵਿਚਾਲੇ ਸੀਜ਼ਫ਼ਾਇਰ ਕਮਜ਼ੋਰ ਹੈ ਅਤੇ ਜਲਦ ਹੀ ਵੱਡਾ ਧਮਾਕਾ ਹੋਣਾ ਯਕੀਨੀ ਹੈ।





