VANCOUVER: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੈਨੇਡਾ ਸਥਿਤ ਘਰ ‘ਤੇ ਬਿਸ਼ਨੋਈ ਗੈਂਗ ਦੇ ਇਸ਼ਾਰੇ ‘ਤੇ ਗੋਲੀਬਾਰੀ ਅਤੇ ਅੱਗਜ਼ਨੀ ਕਰਨ ਦੇ ਦੋਸ਼ ਹੇਠ ਸਜ਼ਾ ਕੱਟ ਰਹੇ ਭਾਰਤੀ ਨਾਗਰਿਕ ਅਭਿਜੀਤ ਸਿੰਘ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਸ ਨੂੰ ਭਾਰਤ ਵਾਪਸ ਭੇਜਿਆ ਗਿਆ ਤਾਂ ਗੈਂਗ ਉਸ ਨੂੰ ਜਾਨੋਂ ਮਾਰ ਦੇਵੇਗਾ। ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ ਦੀ ਸੁਣਵਾਈ ਵਿੱਚ ਹਿੱਸਾ ਲੈਂਦਿਆਂ ਕਿੰਗਰਾ ਨੇ ਕਿਹਾ ਕਿ ਗੈਂਗ ਨੇ ਭਾਰਤ ਵਿੱਚ ਉਸ ਦੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਹਨ।
ਕੈਨੇਡਾ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਲਈ ਟੋਰੋਂਟੋ ਸਥਿਤ ਇੰਡੀਆ ਦੇ ਕੌਂਸਲੇਟ ਜਨਰਲ, ਵਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ । ਕੌਂਸਲੇਟ ਨੇ ਚੇਤਾਵਨੀ ਦਿੱਤੀ ਹੈ ਕਿ ਕੁੱਝ ਭਾਰਤੀ ਨਾਗਰਿਕਾਂ ਨੂੰ ਵੀਜ਼ਾ, ਪੀ ਆਰ, ਇਮੀਗ੍ਰੇਸ਼ਨ ਸਟੇਟਸ ਜਾਂ ਜੌਬ ਆਫਰਸ ਦੇ ਨਾਂ ਤੇ ਸਪੂਫੀਂਗ ਕਾਲਜ਼ ਆ ਰਹੀਆਂ ਹਨ, ਜਿੱਥੇ ਕਾਲਰ ਆਪਣੇ ਆਪ ਨੂੰ ਟੋਰੋਂਟੋ ਵਿੱਚ ਭਾਰਤੀ ਕੌਂਸਲੇਟ ਦਾ ਅਧਿਕਾਰੀ ਦੱਸਦੇ ਹਨ । ਕੌਂਸਲੇਟ ਨੇ ਸਾਫ ਕਿਹਾ ਕਿ ਉਹ ਕੈਨੇਡੀਅਨ ਵੀਜ਼ਾ, ਪੀ ਆਰ, ਇਮੀਗ੍ਰੇਸ਼ਨ ਸਟੇਟਸ ਤੇ ਜੌਬ ਆਫਰਜ਼ ਵਰਗੇ ਮਾਮਲਿਆਂ ਨਾਲ ਡੀਲ ਨਹੀਂ ਕਰਦੇ । ਐਡਵਾਇਜ਼ਰੀ ਮੁਤਾਬਿਕ, ਲੋਕਾਂ ਨੂੰ ਅਜਿਹੀਆਂ ਸ਼ੱਕੀ ਕਾਲਾਂ ਦਾ ਜਵਾਬ ਨਹੀਂ ਦੇਣਾ ਚਾਹੀਦਾ, ਨਾ ਆਪਣੀ ਨਿੱਜੀ ਜਾਣਕਾਰੀ ਦੇਣੀ ਚਾਹਿਦੀ ਅਤੇ ਨਾ ਹੀ ਪੈਸੇ ਟਰਾਂਸਫਰ ਕਰਨੇ ਚਾਹੀਦੇ ਹਨ ।
ਕੈਨੇਡਾ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਮੂਲ ਦੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਕਾਂਸਟੇਬਲ ਤਰੁਣ ਬਾਲੀ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁੱਖ ਕੋਰੋਨਰ ਦਫ਼ਤਰ ਲਿਜਾਇਆ ਜਾ ਰਿਹਾ ਸੀ, ਤਾਂ ਗ੍ਰੇਟਰ ਟੋਰਾਂਟੋ ਏਰੀਆ ਅਤੇ ਵੱਖ-ਵੱਖ ਪੁਲਿਸ ਸੇਵਾਵਾਂ ਦੇ ਸੈਂਕੜੇ ਅਧਿਕਾਰੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਰਾਹੀਂ ਸਲਾਮੀ ਦਿੱਤੀ। 29 ਸਾਲਾ ਕਾਂਸਟੇਬਲ ਤਰੁਣ ਬਾਲੀ ਦੀ ਮੌਤ 9 ਜੂਨ ਨੂੰ ਉੱਤਰੀ ਓਨਟਾਰੀਓ ਦੇ ਹਰਸਟ ਇਲਾਕੇ ਵਿੱਚ ਡਿਊਟੀ ਦੌਰਾਨ ਹੋਈ ਸੀ। ਪੁਲਿਸ ਮੁਤਾਬਕ, ਇੱਕ ਜਾਂਚ ਅਭਿਆਨ ਦੌਰਾਨ ਇੱਕ 18 ਸਾਲਾ ਸ਼ੱਕੀ ਨੇ ਕਥਿਤ ਤੌਰ ‘ਤੇ ਆਪਣੀ ਗੱਡੀ ਨਾਲ ਪੁਲਿਸ ਦੇ ਘੇਰੇ ਨੂੰ ਟੱਕਰ ਮਾਰ ਦਿੱਤੀ ਸੀ।
ਕੈਨੇਡਾ ਦੀ ਲਿਬਰਲ ਸਰਕਾਰ ਨੇ ਦੇਸ਼ ਵਾਸੀਆਂ ਨੂੰ ਸਸਤੀਆਂ ਕੀਮਤਾਂ ‘ਤੇ ਸਥਾਨਕ ਪੱਧਰ ‘ਤੇ ਪੈਦਾ ਹੋਣ ਵਾਲੇ ਫਲ, ਸਬਜ਼ੀਆਂ ਅਤੇ ਹੋਰ ਤਾਜ਼ਾ ਵਸਤੂਆਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ‘ਨੈਸ਼ਨਲ ਫੂਡ ਸਕਿਓਰਿਟੀ ਸਟ੍ਰੈਟਿਜੀ’ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਮਕਸਦ ਕੈਨੇਡਾ ਵਿੱਚ ਭੋਜਨ ਦੀ ਖਰੀਦ-ਵੇਚ, ਆਵਾਜਾਈ ਅਤੇ ਵੰਡ ਪ੍ਰਣਾਲੀ ਵਿੱਚ ਵੱਡਾ ਬਦਲਾਅ ਕਰਨਾ ਹੈ, ਤਾਂ ਜੋ ਕਿਸਾਨਾਂ, ਛੋਟੇ ਸੁਤੰਤਰ ਕਾਰੋਬਾਰੀਆਂ ਅਤੇ ਆਮ ਖਪਤਕਾਰਾਂ ਨੂੰ ਬਿਹਤਰ ਸਹਿਯੋਗ ਦਿੱਤਾ ਜਾ ਸਕੇ। ਸਰਕਾਰ ਮੁਤਾਬਕ ਇਸ ਰਣਨੀਤੀ ਦੇ ਤਹਿਤ ਅਗਲੇ 10 ਸਾਲਾਂ ਦੌਰਾਨ 3 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਵਿੱਚ ਫੂਡ ਟਰਮੀਨਲ ਅਤੇ ਹੱਬ ਵਰਗੇ ਬੁਨਿਆਦੀ ਢਾਂਚੇ ਲਈ 1 ਬਿਲੀਅਨ ਡਾਲਰ ਰੱਖੇ ਗਏ ਹਨ।
ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।





