● On air now · ਟੀਵੀ ਪੰਜਾਬ

Punjabi News · Since 2013

Breaking

ਚਲਦੀ ਟੈਸਲਾ ਕਾਰ ਵਿੱਚ ਸੌਂਣ ਵਾਲਿਆਂ ਨੂੰ ਪੁਲਿਸ ਦੀ ਚੇਤਾਵਨੀ! CANADA NEWS BULLETIN

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23ਵਾਂ ਮਹਾਨ ਸਾਲਾਨਾ ਨਗਰ ਕੀਰਤਨ ਵਿਨੀਪੈਗ ਵਿੱਚ ਪੂਰੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਗੁਰਦੁਆਰਾ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਹਜ਼ਾਰਾਂ ਦੀ…


ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 23ਵਾਂ ਮਹਾਨ ਸਾਲਾਨਾ ਨਗਰ ਕੀਰਤਨ ਵਿਨੀਪੈਗ ਵਿੱਚ ਪੂਰੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਗੁਰਦੁਆਰਾ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਵਾਰ ਦਾ ਨਗਰ ਕੀਰਤਨ ਭੰਨਤੋੜ ਅਤੇ ਧਮਕੀਆਂ ਦੇ ਮਾਹੌਲ ਦਰਮਿਆਨ ਹੋਇਆ। ਵਿਨੀਪੈਗ ਪੁਲੀਸ ਮੁਤਾਬਕ 4 ਸਤੰਬਰ ਨੂੰ ਸ਼ਹਿਰ ਦੇ ਕਈ ਟਰਾਂਜ਼ਿਟ ਬੋਰਡਾਂ ’ਤੇ ਨਫ਼ਰਤੀ ਚਿੰਨ੍ਹਾਂ ਵਾਲੀ ਗ੍ਰਾਫ਼ਿਟੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਇਲਾਵਾ ਨਗਰ ਕੀਰਤਨ ਨੂੰ ਲੈ ਕੇ ਧਮਕੀਆਂ ਵੀ ਸਾਹਮਣੇ ਆਈਆਂ। ਪੁਲੀਸ ਨੇ ਮਾਮਲੇ ਨੂੰ ਸੰਭਾਵਿਤ ਨਫ਼ਰਤੀ ਅਪਰਾਧ ਮੰਨਦਿਆਂ ਜਾਂਚ ਮੇਜਰ ਕ੍ਰਾਈਮ ਯੂਨਿਟ ਦੇ ਹੇਟ ਕਰਾਈਮ ਕੋਆਰਡੀਨੇਟਰਾਂ ਨੂੰ ਸੌਂਪੀ ਹੈ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਹਜ਼ਾਰਾਂ ਸਿੱਖਾਂ ਦਾ ਨਗਰ ਕੀਰਤਨ ਵਿੱਚ ਇਕੱਠੇ ਹੋਣਾ ਭਾਈਚਾਰੇ ਦੇ ਹੌਸਲੇ ਅਤੇ ਏਕਤਾ ਦਾ ਪ੍ਰਗਟਾਵਾ ਬਣਿਆ। ਲੈਜਿਸਲੇਟਿਵ ਬਿਲਡਿੰਗ ਦੇ ਪਾਰਕ ਵਿੱਚ ਸੰਗਤਾਂ ਦੀ ਵੱਡੀ ਭੀੜ ਇਕੱਠੀ ਹੋਈ, ਜੋ ਪ੍ਰਬੰਧਕਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਦੱਸੀ ਗਈ। ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਸੁੰਦਰ ਢੰਗ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਅਤੇ ਪਿੱਛੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵਧ ਰਹੀਆਂ ਸਨ। ਨਗਰ ਕੀਰਤਨ ਦੌਰਾਨ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰੂ ਜੱਸ ਕੀਤਾ ਗਿਆ। ਢਾਡੀ ਜਥਿਆਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ ਗਈਆਂ। ਮੈਨੀਟੋਬਾ ਦੇ ਵੱਖ-ਵੱਖ ਗਤਕਾ ਅਖਾੜਿਆਂ ਦੇ ਸਿੰਘਾਂ ਅਤੇ ਸਿੰਘਣੀਆਂ ਨੇ ਗਤਕੇ ਦੇ ਜੌਹਰ ਦਿਖਾਏ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਲੋਕਾਂ ਨੇ ਸੇਵਾ ਵਿੱਚ ਹਿੱਸਾ ਲਿਆ। ਨਗਰ ਕੀਰਤਨ ਵਿੱਚ ਨੀਲੀਆਂ ਅਤੇ ਪੀਲੀਆਂ ਦਸਤਾਰਾਂ ਤੇ ਦੁਪੱਟਿਆਂ ਨਾਲ ਸਜੀ ਸੰਗਤ ਨੇ ਵਿਨੀਪੈਗ ਦੀਆਂ ਸੜਕਾਂ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦਿੱਤਾ। ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਤੋਂ ਇਲਾਵਾ ਗੈਰ-ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਭਰਪੂਰ ਸਹਿਯੋਗ ਦਿੱਤਾ। ਚੋਣਾਂ ਦੇ ਮਾਹੌਲ ਦਰਮਿਆਨ ਵੱਖ-ਵੱਖ ਸਿਆਸੀ ਆਗੂਆਂ ਨੇ ਵੀ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ। ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਦੇ ਪ੍ਰਧਾਨ ਨੇ ਕਿਹਾ ਕਿ ਨਗਰ ਕੀਰਤਨ ਵਿੱਚ ਭਰਵੀਂ ਹਾਜ਼ਰੀ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਸੰਗਤ ਦੀ ਡੂੰਘੀ ਆਸਥਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਵੱਸਦਾ ਸਿੱਖ ਭਾਈਚਾਰਾ ਆਪਣੀ ਧਾਰਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸੇਵਾ, ਸਾਂਝੀਵਾਲਤਾ ਅਤੇ ਮਨੁੱਖਤਾ ਦਾ ਸੰਦੇਸ਼ ਵੀ ਦੇ ਰਿਹਾ ਹੈ।

ਇੱਕ ਨਵੇਂ ਸਰਵੇਖਣ ਅਨੁਸਾਰ ਕੈਨੇਡੀਅਨ ਪਿਛਲੇ ਸਾਲ ਨਾਲੋਂ ਵੱਧ ਖ਼ੁਸ਼ ਮਹਿਸੂਸ ਕਰ ਰਹੇ ਹਨ। ‘ਲੇਜਰ ਹੈਪੀਨੈੱਸ ਇੰਡੈਕਸ 2026’ ਮੁਤਾਬਕ ਕੈਨੇਡਾ ਵਿੱਚ ਖ਼ੁਸ਼ੀ ਦਾ ਰਾਸ਼ਟਰੀ ਔਸਤ ਸਕੋਰ 100 ਵਿੱਚੋਂ 70.5 ਰਿਹਾ, ਜੋ ਪਿਛਲੇ ਸਾਲ 68.7 ਸੀ। ਸੂਬਿਆਂ ਵਿੱਚੋਂ 74.5 ਅੰਕਾਂ ਨਾਲ ਕਿਊਬੈਕ ਸਭ ਤੋਂ ਖ਼ੁਸ਼ਹਾਲ ਸੂਬਾ ਬਣਿਆ, ਜਦੋਂ ਕਿ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੂਜੇ ਅਤੇ ਨਿਊ ਬ੍ਰੰਜ਼ਵਿਕ ਤੀਜੇ ਸਥਾਨ ‘ਤੇ ਰਿਹਾ। ਓਨਟਾਰੀਓ 69.3 ਅੰਕਾਂ ਨਾਲ ਵਿਚਕਾਰਲੇ ਸਥਾਨ ‘ਤੇ ਰਿਹਾ, ਜਦੋਂ ਕਿ ਪ੍ਰਿੰਸ ਐਡਵਰਡ ਆਈਲੈਂਡ 67.7 ਅੰਕਾਂ ਨਾਲ ਸਭ ਤੋਂ ਹੇਠਾਂ ਰਿਹਾ। ਦੇਸ਼ ਦੇ ਵੱਡੇ ਸ਼ਹਿਰਾਂ ਵਿੱਚੋਂ ਮਾਂਟਰੀਅਲ ਸਭ ਤੋਂ ਅੱਗੇ ਰਿਹਾ, ਜਦੋਂ ਕਿ ਬ੍ਰੈਂਪਟਨ ਦੂਜੇ ਅਤੇ ਟੋਰਾਂਟੋ ਤੀਜੇ ਸਥਾਨ ‘ਤੇ ਰਿਹਾ। ਬ੍ਰੈਂਪਟਨ ਦੀ ਖ਼ੁਸ਼ੀ ਦੀ ਦਰ ਵਿੱਚ ਪਿਛਲੇ ਸਾਲ ਦੇ 66.7 ਦੇ ਮੁਕਾਬਲੇ 71.7 ਤੱਕ ਵੱਡਾ ਸੁਧਾਰ ਦੇਖਣ ਨੂੰ ਮਿਲਿਆ। ਲੇਜਰ ਦੇ ਉਪ-ਪ੍ਰਧਾਨ ਐਂਡਰੀਊ ਏਨਜ਼ ਅਨੁਸਾਰ, ਇਸ ਸਾਲ ਖ਼ੁਸ਼ੀ ਦੀ ਦਰ ਵਧਣ ਦਾ ਇੱਕ ਵੱਡਾ ਕਾਰਨ ਸਰਵੇਖਣ ਦਾ ਸਮਾਂ ਹੋ ਸਕਦਾ ਹੈ। 2025 ਵਿੱਚ ਇਹ ਸਰਵੇਖਣ ਮਾਰਚ-ਅਪ੍ਰੈਲ ਦੀ ਠੰਢ ਵਿੱਚ ਕੀਤਾ ਗਿਆ ਸੀ, ਜਦੋਂ ਕਿ ਇਸ ਸਾਲ ਇਹ ਜੂਨ ਦੇ ਸੁਹਾਵਣੇ ਮੌਸਮ ਵਿੱਚ ਕੀਤਾ ਗਿਆ, ਜੋ ਲੋਕਾਂ ਦੇ ਮੂਡ ਨੂੰ ਬਿਹਤਰ ਬਣਾਉਂਦਾ ਹੈ। ਅਮਰੀਕਾ ਵਿੱਚ ਵੀ ਖ਼ੁਸ਼ੀ ਦਾ ਔਸਤ ਸਕੋਰ 70.5 ਹੀ ਰਿਹਾ। ਅਮਰੀਕਾ ਦੇ ਫਲੋਰੀਡਾ ਸੂਬੇ ਦੇ ਲੋਕ ਸਭ ਤੋਂ ਖ਼ੁਸ਼ ਸਨ, ਜਦੋਂ ਕਿ ਵੈਸਟ ਵਰਜੀਨੀਆ ਸਭ ਤੋਂ ਹੇਠਲੇ ਨੰਬਰ ‘ਤੇ ਰਿਹਾ। ਦੋਹਾਂ ਦੇਸ਼ਾਂ ਦੇ ਲੋਕਾਂ ਦੇ ਖ਼ੁਸ਼ੀ ਦੇ ਪੱਧਰ ਵਿੱਚ ਬਹੁਤਾ ਫ਼ਰਕ ਨਹੀਂ ਦੇਖਿਆ ਗਿਆ। ਸਰਵੇਖਣ ਵਿੱਚ ਸਾਹਮਣੇ ਆਇਆ ਕਿ ਲੋਕਾਂ ਦੀ ਖ਼ੁਸ਼ੀ ਵਿੱਚ ਪਰਿਵਾਰ, ਸ਼ਾਂਤਮਈ ਭਾਈਚਾਰਾ, ਸੁਰੱਖਿਅਤ ਮਾਹੌਲ, ਗੁਆਂਢੀਆਂ ਨਾਲ ਚੰਗੇ ਸਬੰਧ ਅਤੇ ਕੁਦਰਤ ਦੇ ਨੇੜੇ ਰਹਿਣਾ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ। 46 ਫੀਸਦੀ ਕੈਨੇਡੀਅਨਾਂ ਲਈ ਸੁਰੱਖਿਆ ਦੀ ਭਾਵਨਾ ਖ਼ੁਸ਼ੀ ਦਾ ਮੁੱਖ ਆਧਾਰ ਸੀ। ਦੂਜੇ ਪਾਸੇ, ਪੈਸਾ ਅਤੇ ਮਹਿਮਾਨਨਵਾਜ਼ੀ ਖ਼ੁਸ਼ੀ ਵਧਾਉਂਦੇ ਤਾਂ ਨਹੀਂ, ਪਰ ਮਹਿੰਗਾਈ ਅਤੇ ਆਰਥਿਕ ਤਣਾਅ ਲੋਕਾਂ ਦੀ ਖ਼ੁਸ਼ੀ ਵਿੱਚ ਸਭ ਤੋਂ ਵੱਡੀ ਰੁਕਾਵਟ ਜ਼ਰੂਰ ਬਣਦੇ ਹਨ। ਕੈਨੇਡਾ ਵਿੱਚ 58 ਫੀਸਦੀ ਅਤੇ ਅਮਰੀਕਾ ਵਿੱਚ 61 ਫੀਸਦੀ ਲੋਕਾਂ ਨੇ ਮੰਨਿਆ ਕਿ ਰਹਿਣ-ਸਹਿਣ ਦੇ ਖ਼ਰਚੇ ਅਤੇ ਆਰਥਿਕ ਬੋਝ ਨੇ ਉਨ੍ਹਾਂ ਦੀ ਖ਼ੁਸ਼ੀ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਬਾਅਦ ਸਰੀਰਕ ਸਿਹਤ, ਮਾਨਸਿਕ ਸਿਹਤ ਅਤੇ ਭਵਿੱਖ ਦੀ ਅਨਿਸ਼ਚਿਤਤਾ ਨੂੰ ਲੋਕਾਂ ਨੇ ਮਾਨਸਿਕ ਤਣਾਅ ਦਾ ਵੱਡਾ ਕਾਰਨ ਦੱਸਿਆ। ਇਹ ਅੰਕੜੇ ਜੂਨ 9 ਤੋਂ 29 ਦੇ ਵਿਚਕਾਰ 63,710 ਕੈਨੇਡੀਅਨਾਂ ਅਤੇ 6,408 ਅਮਰੀਕੀਆਂ ਤੋਂ ਲਏ ਗਏ ਆਨਲਾਈਨ ਸਰਵੇਖਣ ‘ਤੇ ਆਧਾਰਿਤ ਹਨ।

ਬ੍ਰਿਟਿਸ਼ ਕੋਲੰਬੀਆ ਹਾਈਵੇਅ ਪੁਲਿਸ ਨੇ ਸੜਕਾਂ ‘ਤੇ ਚਲਦੀਆਂ ‘ਟੈਸਲਾ’ ਗੱਡੀਆਂ ਵਿੱਚ ਚਾਲਕਾਂ ਦੇ ਸੌਂ ਜਾਣ ਦੇ ਵੱਧਦੇ ਖ਼ਤਰੇ ਬਾਰੇ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਹਾਲ ਹੀ ਵਿੱਚ ਟ੍ਰਾਂਸ-ਕੈਨੇਡਾ ਹਾਈਵੇਅ ‘ਤੇ ਦੋ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਚਾਲਕ ਗੱਡੀ ਦੀ ਸੈਲਫ਼-ਡ੍ਰਾਈਵਿੰਗ ਤਕਨਾਲੋਜੀ ਦੇ ਭਰੋਸੇ ਆਪ ਸੌਂ ਰਹੇ ਸਨ। ਪੁਲਿਸ ਅਧਿਕਾਰੀ ਮਾਈਕਲ ਮੈਕਲਾਫਲਿਨ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਗੱਡੀ ਚਲਾਉਂਦੇ ਸਮੇਂ ਸੌਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਪੁਲਿਸ ਤਕਨਾਲੋਜੀ ਦੇ ਫਾਇਦਿਆਂ ‘ਤੇ ਬਹਿਸ ਕਰਨ ਦੀ ਥਾਂ ਕਾਨੂੰਨ ਲਾਗੂ ਕਰਨ ਅਤੇ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਕੰਮ ਕਰੇਗੀ। 27 ਅਗਸਤ ਨੂੰ ਲੈਂਗਲੇ ਇਲਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਹਾਈਵੇਅ ‘ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਟੈਸਲਾ ਗੱਡੀ ਦੇ ਚਾਲਕ ਨੂੰ ਅੱਖਾਂ ਬੰਦ ਕਰਕੇ ਸੁੱਤੇ ਹੋਏ ਦੇਖਿਆ, ਜਿਸ ਦੇ ਹੱਥ ਸਟੇਅਰਿੰਗ ਵੀਲ੍ਹ ‘ਤੇ ਵੀ ਨਹੀਂ ਸਨ। ਪੁਲਿਸ ਨੇ ਉਸ ਨੂੰ ਤੁਰੰਤ ਰੋਕ ਕੇ ਲਾਪਰਵਾਹੀ ਨਾਲ ਗੱਡੀ ਚਲਾਉਣ ਲਈ $368 ਅਤੇ ਡ੍ਰਾਈਵਿੰਗ ਲਾਇਸੰਸ ਨਾ ਦਿਖਾਉਣ ਲਈ $81 ਦਾ ਜ਼ੁਰਮਾਨਾ ਲਗਾਇਆ। ਇਸ ਤੋਂ ਪਹਿਲਾਂ 11 ਅਗਸਤ ਨੂੰ ਨੌਰਥ ਵੈਨਕੂਵਰ ਵਿੱਚ ਵੀ ਇੱਕ ਔਰਤ ਚਾਲਕ ਨੂੰ ਟੈਸਲਾ ਵਿੱਚ ਸੌਂਦੇ ਹੋਏ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ। ਕਿਸੇ ਹੋਰ ਗੱਡੀ ਵਿੱਚ ਸਵਾਰ ਯਾਤਰੀ ਨੇ ਇਸ ਦੀ ਵੀਡੀਓ ਬਣਾ ਕੇ ਪੁਲਿਸ ਨੂੰ ਭੇਜੀ ਸੀ, ਜਿਸ ਤੋਂ ਬਾਅਦ ਉਸ ਔਰਤ ‘ਤੇ ਵੀ $368 ਦਾ ਜ਼ੁਰਮਾਨਾ ਲਗਾਇਆ ਗਿਆ। ਜੁਲਾਈ ਵਿੱਚ ਵੀ ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਮਾਹਰਾਂ ਦਾ ਕਹਿਣਾ ਹੈ ਕਿ ਟੈਸਲਾ ਵਿੱਚ ਡ੍ਰਾਈਵਰ ‘ਤੇ ਨਜ਼ਰ ਰੱਖਣ ਵਾਲੇ ਸੁਰੱਖਿਆ ਸਿਸਟਮ ਨੂੰ ਲੋਕ ਆਸਾਨੀ ਨਾਲ ਧੋਖਾ ਦੇ ਦਿੰਦੇ ਹਨ। ਤਕਨਾਲੋਜੀ ਦੇ ਆਉਣ ਨਾਲ ਕੁੱਝ ਲੋਕ ਬਹੁਤ ਲਾਪਰਵਾਹ ਹੋ ਗਏ ਹਨ। ਕੁੱਝ ਲੋਕ ਡ੍ਰਾਈਵਿੰਗ ਸੀਟ ‘ਤੇ ਬੈਠ ਕੇ ਵੀਡੀਓ ਗੇਮਾਂ ਖੇਡਦੇ ਜਾਂ ਫਿਲਮਾਂ ਦੇਖਦੇ ਹਨ, ਜੋ ਕਿ ਬਹੁਤ ਖ਼ਤਰਨਾਕ ਅਤੇ ਗੈਰ-ਕਾਨੂੰਨੀ ਹੈ। ਸੂਬੇ ਦੇ ਕਾਨੂੰਨ ਮੁਤਾਬਕ ਆਮ ਸੜਕਾਂ ‘ਤੇ ਪੂਰੀ ਤਰ੍ਹਾਂ ਆਪਣੇ ਆਪ ਚੱਲਣ ਵਾਲੀਆਂ ਗੱਡੀਆਂ ਦੀ ਵਰਤੋਂ ‘ਤੇ ਰੋਕ ਹੈ। ਸਿਰਫ਼ ਹਲਕੇ ਫੀਚਰ ਜਿਵੇਂ ਲੇਨ ਬਦਲਣਾ ਜਾਂ ਆਟੋਮੈਟਿਕ ਬ੍ਰੇਕ ਲਗਾਉਣ ਦੀ ਇਜਾਜ਼ਤ ਹੈ। ਬੀ.ਸੀ. ਦੀ ਬੀਮਾ ਕੰਪਨੀ ਨੇ ਵੀ ਸਪੱਸ਼ਟ ਕੀਤਾ ਹੈ ਕਿ ਗੱਡੀ ਚਲਾਉਣ ਸਮੇਂ ਹਰ ਵੇਲੇ ਸਾਵਧਾਨ ਅਤੇ ਨਿਯੰਤਰਣ ਵਿੱਚ ਰਹਿਣਾ ਚਾਲਕ ਦੀ ਆਪਣੀ ਜ਼ਿੰਮੇਵਾਰੀ ਹੈ। ਜੇਕਰ ਕੋਈ ਖ਼ੁਦ-ਚੱਲਣ ਵਾਲੇ ਫੀਚਰ ਦੀ ਵਰਤੋਂ ਕਰਦਿਆਂ ਹਾਦਸਾ ਕਰਦਾ ਹੈ, ਤਾਂ ਉਸ ਨੂੰ ਬੀਮਾ ਨਾ ਮਿਲਣ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਡੇਲਟਾ ਪੁਲਿਸ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਐਤਵਾਰ ਤੜਕੇ ਇੱਕ ਖੜ੍ਹੀ ਟੈਸਲਾ ਕਾਰ ਵਿੱਚ ਬੈਠੇ ਵਿਅਕਤੀ ‘ਤੇ ਗੋਲੀਬਾਰੀ ਦੀ ਵਾਰਦਾਤ ਵਾਪਰੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਲਗਭਗ 4:33 ਵਜੇ ਹਾਈਵੇਅ 91 ਦੇ ਆਨ-ਰੈਂਪ ਨੇੜੇ, 64ਵੀਂ ਐਵੇਨਿਊ ਦੇ 10600 ਬਲਾਕ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕਾਰ ਅੰਦਰ ਇੱਕ ਵਿਅਕਤੀ ਮਿਲਿਆ, ਜਿਸ ਨੂੰ ਗੋਲੀ ਲੱਗੀ ਸੀ। ਖ਼ੁਸ਼ਕਿਸਮਤੀ ਨਾਲ ਉਸ ਦੀ ਸੱਟ ਮਾਮੂਲੀ ਸੀ ਅਤੇ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ। ਉਸ ਨੂੰ ਤੁਰੰਤ ਸਥਿਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਇੱਕ ਫ੍ਰੀਲਾਂਸ ਪੱਤਰਕਾਰ ਅਨੁਸਾਰ, ਇਹ ਘਟਨਾ ਇੱਕ ਖੜ੍ਹੀ ਟੈਸਲਾ ਕਾਰ ਵਿੱਚ ਵਾਪਰੀ, ਜਿਸ ਦੀ ਖਿੜਕੀ ‘ਤੇ ‘ਊਬਰ’ ਦਾ ਸਟਿੱਕਰ ਲੱਗਿਆ ਹੋਇਆ ਸੀ। ਟੈਸਲਾ ਦੇ ਅਗਲੇ ਸ਼ੀਸ਼ੇ ‘ਤੇ ਗੋਲੀਆਂ ਦੇ ਕਈ ਨਿਸ਼ਾਨ ਸਨ ਅਤੇ ਦੋ ਗੋਲੀਆਂ ਯਾਤਰੀ ਵਾਲੀ ਪਾਸੇ ਲੱਗੀਆਂ ਹੋਈਆਂ ਸਨ। ਡੇਲਟਾ ਪੁਲਿਸ ਨੇ ਦੱਸਿਆ ਕਿ ਇੱਕ ਸਲੇਟੀ ਰੰਗ ਦੀ ‘ਕੀਆ ਫੋਰਟੇ’ ਕਾਰ ਨੂੰ ਸ਼ੱਕੀ ਗੱਡੀ ਵਜੋਂ ਪਛਾਣਿਆ ਗਿਆ ਹੈ, ਜਿਸ ਦਾ ਚਾਲਕ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਗੱਡੀ ਵਿੱਚ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਇੱਕ ਵੱਖਰੀ ਘਟਨਾ ਸੀ ਅਤੇ ਇਸ ਨਾਲ ਆਮ ਜਨਤਾ ਨੂੰ ਕੋਈ ਲਗਾਤਾਰ ਖ਼ਤਰਾ ਨਹੀਂ ਹੈ। ਫਿਲਹਾਲ ਜਾਂਚ ਦੇ ਮੱਦੇਨਜ਼ਰ 64ਵੀਂ ਐਵੇਨਿਊ ਦੇ 10600 ਬਲਾਕ ਨੂੰ ਸਾਰੇ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ। ਡੇਲਟਾ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਸਵੇਰੇ 4 ਵਜੇ ਤੋਂ 4:45 ਵਜੇ ਦੇ ਵਿਚਕਾਰ 64ਵੀਂ ਐਵੇਨਿਊ ਦੇ ਆਸ-ਪਾਸ ਦੀ ਕੋਈ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਹੋਵੇ, ਤਾਂ ਉਹ 604-946-4411 ‘ਤੇ ਸੰਪਰਕ ਕਰਨ। ਗੁਪਤ ਜਾਣਕਾਰੀ ‘ਕ੍ਰਾਈਮ ਸਟੌਪਰਜ਼’ ਨੂੰ 1-800-222-TIPS ‘ਤੇ ਵੀ ਦਿੱਤੀ ਜਾ ਸਕਦੀ ਹੈ।

ਟੋਰਾਂਟੋ ਯੂਨੀਵਰਸਿਟੀ ਦੇ 6,100 ਤੋਂ ਵੱਧ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਹੜਤਾਲ ਦੇ ਪੱਖ ਵਿੱਚ ਵੋਟ ਦਿੱਤੀ ਹੈ। ਇਸ ਫੈਸਲੇ ਨਾਲ ਪੜ੍ਹਾਈ ਦੇ ਪਹਿਲੇ ਹੀ ਦਿਨ ਕਲਾਸਾਂ ਅਤੇ ਯੂਨੀਵਰਸਿਟੀ ਦਾ ਕੰਮਕਾਜ ਪ੍ਰਭਾਵਿਤ ਹੋਣ ਦਾ ਖ਼ਤਰਾ ਬਣ ਗਿਆ ਹੈ। ਯੂਨਾਈਟਿਡ ਸਟੀਲਵਰਕਰਜ਼ ਯੂਨੀਅਨ ਅਨੁਸਾਰ, ਸਟਾਫ਼-ਅਪੁਆਇੰਟਿਡ ਯੂਨਿਟ ਦੇ 96 ਫੀਸਦੀ ਮੈਂਬਰਾਂ ਨੇ ਹੜਤਾਲ ਦੇ ਅਧਿਕਾਰ ਲਈ ਵੋਟ ਪਾਈ ਹੈ। ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਇਕਰਾਰਨਾਮੇ ਦੀ ਗੱਲਬਾਤ ਲਈ ਮੰਗਲਵਾਰ ਅੱਧੀ ਰਾਤ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਜੇਕਰ ਇਸ ਸਮੇਂ ਤੱਕ ਸਮਝੌਤਾ ਨਹੀਂ ਹੁੰਦਾ, ਤਾਂ ਕਾਮੇ ਹੜਤਾਲ ‘ਤੇ ਜਾ ਸਕਦੇ ਹਨ। ਯੂਐੱਸਡਬਲਯੂ ਲੋਕਲ 1998 ਦੇ ਪ੍ਰਧਾਨ ਜੌਨ ਅੰਕਨਮੈਨ ਨੇ ਦੱਸਿਆ ਕਿ ਮੁਲਾਜ਼ਮ ਆਪਣੀ ਨੌਕਰੀ ਦੀ ਸੁਰੱਖਿਆ ਅਤੇ ਵਧਦੇ ਕੰਮ ਦੇ ਬੋਝ ਤੋਂ ਚਿੰਤਤ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਨੌਕਰੀ ਛੱਡ ਕੇ ਜਾਣ ਵਾਲੇ ਮੁਲਾਜ਼ਮਾਂ ਦੀ ਥਾਂ ਨਵੇਂ ਬੰਦੇ ਨਹੀਂ ਰੱਖੇ ਜਾਣਗੇ, ਜਿਸ ਨਾਲ ਬਾਕੀ ਸਟਾਫ਼ ‘ਤੇ ਬੋਝ ਵਧੇਗਾ। ਦੂਜੇ ਪਾਸੇ, ਟੋਰਾਂਟੋ ਯੂਨੀਵਰਸਿਟੀ ਨੇ ਇੱਕ ਈਮੇਲ ਰਾਹੀਂ ਕਿਹਾ ਕਿ ਉਹ ਆਪਣੇ ਮੁਲਾਜ਼ਮਾਂ ਦੇ ਕੰਮ ਦੀ ਕਦਰ ਕਰਦੀ ਹੈ। ਹਾਲਾਂਕਿ, ਯੂਨੀਵਰਸਿਟੀ ਨੇ ਇਹ ਨਹੀਂ ਦੱਸਿਆ ਕਿ ਸੰਭਾਵਿਤ ਹੜਤਾਲ ਦਾ ਵਿਦਿਆਰਥੀਆਂ ਦੀਆਂ ਪੜ੍ਹਾਈਆਂ ‘ਤੇ ਕੀ ਅਸਰ ਪਵੇਗਾ ਜਾਂ ਇਸ ਨਾਲ ਨਜਿੱਠਣ ਲਈ ਕੋਈ ਵੈਕਲਪਿਕ ਯੋਜਨਾ ਬਣਾਈ ਗਈ ਹੈ ਜਾਂ ਨਹੀਂ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਯੂਨੀਅਨ ਨਾਲ ਸਫ਼ਲਤਾਪੂਰਵਕ ਸਮਝੌਤੇ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਸਾਰਥਕ ਗੱਲਬਾਤ ਦੀ ਉਮੀਦ ਰੱਖਦੀ ਹੈ। ਯੂਨੀਅਨ ਨੇ ਕਿਹਾ ਹੈ ਕਿ ਤਨਖਾਹਾਂ ਵਿੱਚ ਵਾਧਾ, ਸਿਹਤ ਸੰਭਾਲ ਲਾਭ, ਘਰ ਤੋਂ ਕੰਮ ਕਰਨ ਦੀ ਸੁਵਿਧਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਨੌਕਰੀਆਂ ਦੀ ਸੁਰੱਖਿਆ ਜਿਹੇ ਕਈ ਅਹਿਮ ਮੁੱਦਿਆਂ ‘ਤੇ ਹਜੇ ਵੀ ਰੋੜਾ ਅਟਕਿਆ ਹੋਇਆ ਹੈ। ਦੱਸ ਦਈਏ ਕਿ ਦੋਵਾਂ ਧਿਰਾਂ ਵਿਚਾਲੇ ਪਿਛਲੇ ਦੋ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ‘ਤੇ ਮੁੜ ਤਨਜ਼ ਕੱਸਿਆ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇੱਕ ਕਾਰਟੂਨ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਦੋਵੇਂ ਨੇਤਾ ਆਈਸ ਹਾਕੀ ਖੇਡਦੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਟਰੰਪ ਅਮਰੀਕੀ ਹਾਕੀ ਟੀਮ ਦੀ ਜਰਸੀ ਪਾ ਕੇ ਖੜ੍ਹੇ ਹਨ, ਜਦੋਂ ਕਿ ਪ੍ਰਧਾਨ ਮੰਤਰੀ ਕਾਰਨੀ ਬਰਫ਼ ‘ਤੇ ਡਿੱਗੇ ਹੋਏ ਹਨ। ਟਰੰਪ ਉਨ੍ਹਾਂ ਨੂੰ ਕਹਿ ਰਹੇ ਹਨ, “ਉੱਠੋ, ਗਵਰਨਰ”। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ‘ਗਵਰਨਰ’ ਕਿਹਾ ਹੋਵੇ। ਉਹ ਅਕਸਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਸੁਝਾਅ ਦਿੰਦੇ ਰਹੇ ਹਨ। ਇਸ ਤੋਂ ਪਹਿਲਾਂ ਜਨਵਰੀ 2025 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ, ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ‘ਗਵਰਨਰ ਟਰੂਡੋ’ ਕਿਹਾ ਸੀ। ਇਸ ਤੋਂ ਇਲਾਵਾ, ਟਰੰਪ ਨੇ ਕੈਨੇਡਾ ਦੇ ਡਾਲਰ ਦੀ ਐਕਸਚੇਂਜ ਦਰ ‘ਤੇ ਵੀ ਸਵਾਲ ਚੁੱਕੇ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਲਿਖਿਆ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦਾ ਇਹ ਅਸੰਤੁਲਨ ਅਸਵੀਕਾਰਨਯੋਗ ਹੈ ਅਤੇ ਇਹ ਸਥਿਤੀ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ, ਪਰ ਹੁਣ ਅਜਿਹਾ ਨਹੀਂ ਚੱਲੇਗਾ। ਹਾਲਾਂਕਿ, ਟਰੰਪ ਨੇ ਇਸ ਬਾਰੇ ਕੋਈ ਹੋਰ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਮੌਜੂਦਾ ਸਮੇਂ ਵਿੱਚ 1 ਅਮਰੀਕੀ ਡਾਲਰ ਦੀ ਕੀਮਤ ਲਗਭਗ 1.38 ਕੈਨੇਡੀਅਨ ਡਾਲਰ ਹੈ, ਜਿਸਦਾ ਮਤਲਬ ਹੈ ਕਿ 1 ਕੈਨੇਡੀਅਨ ਡਾਲਰ ਦੀ ਕੀਮਤ ਲਗਭਗ 72 ਅਮਰੀਕੀ ਸੈਂਟ ਦੇ ਬਰਾਬਰ ਹੈ। ਇਤਿਹਾਸਕ ਤੌਰ ‘ਤੇ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਨਾਲੋਂ ਕਮਜ਼ੋਰ ਰਿਹਾ ਹੈ। ਇਸ ਕਮਜ਼ੋਰੀ ਕਾਰਨ ਕੈਨੇਡਾ ਦਾ ਸਮਾਨ ਅਮਰੀਕੀ ਗਾਹਕਾਂ ਲਈ ਸਸਤਾ ਪੈਂਦਾ ਹੈ, ਜਦੋਂ ਕਿ ਅਮਰੀਕੀ ਸਮਾਨ ਕੈਨੇਡਾ ਦੇ ਲੋਕਾਂ ਲਈ ਮਹਿੰਗਾ ਹੋ ਜਾਂਦਾ ਹੈ। ਟਰੰਪ ਦਾ ਇਹ ਬਿਆਨ ਕੈਨੇਡਾ ਵੱਲੋਂ ਅਮਰੀਕੀ ਉਤਪਾਦਾਂ ‘ਤੇ ਮੰਗਲਵਾਰ, 8 ਸਤੰਬਰ ਤੋਂ ਲਗਾਏ ਜਾਣ ਵਾਲੇ ਨਵੇਂ ਟੈਰਿਫ ਤੋਂ ਠੀਕ ਦੋ ਦਿਨ ਪਹਿਲਾਂ ਆਇਆ ਹੈ। ਕੈਨੇਡਾ ਦਾ ਇਹ ਕਦਮ ਟਰੰਪ ਦੁਆਰਾ 22 ਅਗਸਤ ਤੋਂ ਕੈਨੇਡੀਅਨ ਵਸਤੂਆਂ ‘ਤੇ ਲਗਾਏ ਗਏ 50 ਫੀਸਦੀ ਟੈਕਸ ਦੇ ਜਵਾਬ ਵਿੱਚ 700 ਅਮਰੀਕੀ ਚੀਜ਼ਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਇਸ ਤੋਂ ਪਹਿਲਾਂ 30 ਅਗਸਤ ਨੂੰ ਵੀ ਟਰੰਪ ਨੇ ਕੈਨੇਡਾ ਨੂੰ ਸਭ ਤੋਂ ਮਾੜਾ ਸ਼ੋਸ਼ਣ ਕਰਨ ਵਾਲਾ ਦੇਸ਼ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਟੈਕਸ ਲਗਾ ਕੇ ਅਮਰੀਕਾ ਦੇ ਆਟੋਮੋਬਾਈਲ ਕਾਰੋਬਾਰ ਨੂੰ ਬਚਾਇਆ ਹੈ। 21 ਅਗਸਤ ਨੂੰ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਟਰੰਪ ਲਗਾਤਾਰ ਕੈਨੇਡਾ ਨਾਲ ਵਪਾਰਕ ਸਬੰਧਾਂ ਦੀ ਆਲੋਚਨਾ ਕਰ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੀਆਂ ਇਨ੍ਹਾਂ ਪੋਸਟਾਂ ‘ਤੇ ਜਨਤਕ ਤੌਰ ‘ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਹਾਲਾਂਕਿ, ਇੱਕ ਤਾਜ਼ਾ ਸਰਵੇਖਣ ਅਨੁਸਾਰ ਕੈਨੇਡਾ ਦੇ ਲੋਕ ਵਪਾਰਕ ਵਿਵਾਦ ਵਿੱਚ ਆਪਣੀ ਸਰਕਾਰ ਦੇ ਫੈਸਲਿਆਂ ਅਤੇ ਜਵਾਬੀ ਟੈਕਸਾਂ ਦਾ ਪੂਰਾ ਸਮਰਥਨ ਕਰ ਰਹੇ ਹਨ।

ਅਮਰੀਕੀ ਉਤਪਾਦਾਂ ‘ਤੇ ਕੈਨੇਡਾ ਵੱਲੋਂ ਲਗਾਏ ਜਾ ਰਹੇ ਜਵਾਬੀ ਟੈਰਿਫ ਕਾਰਨ ਕੈਨੇਡੀਅਨਾਂ ਨੂੰ ਨਾ ਸਿਰਫ਼ ਐਲੂਮੀਨੀਅਮ, ਟਾਇਲਟ ਪੇਪਰ ਅਤੇ ਫਰਨੀਚਰ ਜਿਹੀਆਂ ਚੀਜ਼ਾਂ ਮਹਿੰਗੀਆਂ ਮਿਲਣਗੀਆਂ, ਸਗੋਂ ਇਹ ਸਮਾਨ ਢੋਣ ਵਾਲੇ ਵੱਡੇ ਟ੍ਰੇਲਰਾਂ ਦੀ ਕੀਮਤ ਵੀ ਕਾਫ਼ੀ ਵਧ ਜਾਵੇਗੀ। ਪੱਛਮੀ ਕੈਨੇਡਾ ਦੀ ਸਭ ਤੋਂ ਵੱਡੀ ਟ੍ਰੇਲਰ ਵਿਕਰੇਤਾ ਕੰਪਨੀ ‘ਓਸ਼ੀਅਨ ਟ੍ਰੇਲਰ’ ਨੇ ਅਮਰੀਕੀ ਨਿਰਮਾਤਾਵਾਂ ਨੂੰ 600 ਟ੍ਰੇਲਰਾਂ ਦਾ 4.5 ਕਰੋੜ ਡਾਲਰ ਦਾ ਆਰਡਰ ਦਿੱਤਾ ਹੋਇਆ ਹੈ। ਮੰਗਲਵਾਰ ਤੋਂ ਅਮਰੀਕੀ ਟ੍ਰੇਲਰਾਂ ਅਤੇ ਹੋਰ ਸਮਾਨ ‘ਤੇ 25 ਫੀਸਦੀ ਜਵਾਬੀ ਟੈਕਸ ਲਾਗੂ ਹੋਣ ਜਾ ਰਿਹਾ ਹੈ। ਕੰਪਨੀ ਟੈਕਸ ਲਾਗੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਟ੍ਰੇਲਰ ਸਰਹੱਦ ਪਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਮੈਕ ਕੇ ਨੇ ਦੱਸਿਆ ਕਿ 25 ਫੀਸਦੀ ਦਾ ਵਾਧੂ ਖ਼ਰਚਾ ਉਨ੍ਹਾਂ ਦੇ ਮੁਨਾਫ਼ੇ ਤੋਂ ਬਹੁਤ ਜ਼ਿਆਦਾ ਹੈ, ਜਿਸ ਕਾਰਨ ਇਹ ਬੋਝ ਗਾਹਕਾਂ ‘ਤੇ ਪਾਉਣਾ ਪਵੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਲਗਾਏ ਗਏ ਟੈਕਸਾਂ ਦੇ ਜਵਾਬ ਵਿੱਚ ਕੈਨੇਡਾ ਸਰਕਾਰ ਨੇ 27.6 ਅਰਬ ਡਾਲਰ ਦੀਆਂ ਅਮਰੀਕੀ ਵਸਤੂਆਂ ‘ਤੇ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਮੈਨੀਟੋਬਾ ਟਰੱਕਿੰਗ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਆਰੋਨ ਡੋਲਿਨਿਊਕ ਅਨੁਸਾਰ, ਕੈਨੇਡਾ ਵਿੱਚ ਜ਼ਿਆਦਾਤਰ ਟ੍ਰੇਲਰ ਅਮਰੀਕਾ ਤੋਂ ਹੀ ਆਉਂਦੇ ਹਨ। ਕਈ ਕੰਪਨੀਆਂ ਨੇ ਟੈਕਸ ਲਾਗੂ ਹੋਣ ਤੋਂ ਪਹਿਲਾਂ ਆਰਡਰ ਦਿੱਤੇ ਸਨ, ਪਰ ਹੁਣ ਉਨ੍ਹਾਂ ਲਈ 25 ਫੀਸਦੀ ਵਾਧੂ ਕੀਮਤ ਚੁਕਾਉਣਾ ਬਹੁਤ ਔਖਾ ਹੋ ਜਾਵੇਗਾ। ਕੈਨੇਡਾ ਵਿੱਚ ਸਿਰਫ਼ ਦੋ ਕੰਪਨੀਆਂ ਹੀ ਟ੍ਰੇਲਰ ਬਣਾਉਂਦੀਆਂ ਹਨ, ਜੋ ਦੇਸ਼ ਦੀ ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹਨ। ਇੱਕ ਔਸਤ ਟ੍ਰੇਲਰ ਦੀ ਕੀਮਤ ਲਗਭਗ $75,000 ਹੁੰਦੀ ਹੈ, ਜੋ 25 ਫੀਸਦੀ ਟੈਕਸ ਤੋਂ ਬਾਅਦ $95,000 ਦੇ ਨੇੜੇ ਪਹੁੰਚ ਜਾਵੇਗੀ। ਇਸ ਨਾਲ ਬਜ਼ਾਰ ਵਿੱਚ ਟ੍ਰੇਲਰਾਂ ਦੀ ਘਾਟ ਹੋ ਜਾਵੇਗੀ, ਜਿਸ ਨਾਲ ਕਿਰਾਇਆ ਅਤੇ ਟ੍ਰਾਂਸਪੋਰਟੇਸ਼ਨ ਖ਼ਰਚਾ ਵਧੇਗਾ। ਆਖ਼ਰਕਾਰ ਇਹ ਸਾਰਾ ਵਿੱਤੀ ਬੋਝ ਆਮ ਉਪਭੋਗਤਾਵਾਂ ‘ਤੇ ਹੀ ਪਵੇਗਾ, ਕਿਉਂਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ, ਖਾਣ-ਪੀਣ ਦਾ ਸਮਾਨ ਅਤੇ ਦਵਾਈਆਂ ਦੀ ਢੋਆ-ਢੁਆਈ ਮਹਿੰਗੀ ਹੋ ਜਾਵੇਗੀ। ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਟੈਰਿਫ ਜੰਗ ਲੰਬੇ ਸਮੇਂ ਤੱਕ ਚੱਲੀ, ਤਾਂ ਟਰੱਕਿੰਗ ਖੇਤਰ ਅਤੇ ਹੋਰ ਕਾਰੋਬਾਰਾਂ ਵਿੱਚ ਕਈ ਕੰਪਨੀਆਂ ਦਿਵਾਲੀਆ ਵੀ ਹੋ ਸਕਦੀਆਂ ਹਨ।

ਟੋਰਾਂਟੋ ਵਿੱਚ ਇੱਕ ਪਿਤਾ ਨੇ ਆਪਣੇ 15 ਸਾਲਾ ਜੁੜਵਾ ਬੱਚਿਆਂ ਨੂੰ ਸਾਦੇ ਕੱਪੜਿਆਂ ਵਾਲੇ ਪੁਲਿਸ ਮੁਲਾਜ਼ਮਾਂ ਦੁਆਰਾ ਜ਼ਬਰਦਸਤੀ ਫੜਨ ਅਤੇ ਕੁੱਟਮਾਰ ਕਰਨ ਦੇ ਮਾਮਲੇ ‘ਚ ਇਨਸਾਫ਼ ਦੀ ਮੰਗ ਕੀਤੀ ਹੈ। ਇਹ ਘਟਨਾ ਪਿਛਲੇ ਹਫ਼ਤੇ ਸਕਾਰਬਰੋ ਦੇ ਇੱਕ ਮੈਕਡੋਨਲਡਜ਼ ਰੈਸਟੋਰੈਂਟ ਵਿੱਚ ਵਾਪਰੀ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਹ ਇਸ ਵੀਡੀਓ ਤੋਂ ਜਾਣੂ ਹਨ ਅਤੇ ਮਾਮਲੇ ਦੀ ਜਾਂਚ ‘ਪ੍ਰੋਫੈਸ਼ਨਲ ਸਟੈਂਡਰਡਜ਼’ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਬੱਚਿਆਂ ਦੇ ਪਿਤਾ ਬ੍ਰਾਇਨ ਗੈਲਿੰਡੋ ਅਨੁਸਾਰ, 3 ਸਤੰਬਰ ਨੂੰ ਉਨ੍ਹਾਂ ਦੇ ਧੀ-ਪੁੱਤ ਆਪਣੇ ਮੋਬਾਈਲ ਫੋਨ ਚਾਰਜ ਕਰਨ ਲਈ ਮੈਕਡੋਨਲਡਜ਼ ਗਏ ਸਨ। ਉਸ ਸਮੇਂ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਕੋਲ ਆਏ ਅਤੇ ਬਿਨਾਂ ਆਪਣੀ ਪੁਲਿਸ ਪਛਾਣ ਦੱਸੇ ਉਨ੍ਹਾਂ ਨੂੰ ਧੱਕਾ ਦੇਣ ਲੱਗੇ। ਬੱਚਿਆਂ ਨੇ ਸਮਝਿਆ ਕਿ ਉਹ ਕੋਈ ਅਣਜਾਣ ਖ਼ਤਰਨਾਕ ਵਿਅਕਤੀ ਹਨ। ਇੰਟਰਨੈੱਟ ‘ਤੇ ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਾਦੇ ਕੱਪੜਿਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਲੜਕੀ ਦੇ ਮੂੰਹ ‘ਤੇ ਥੱਪੜ ਮਾਰਦਾ ਹੈ ਅਤੇ ਉਸ ਨਾਲ ਧੱਕਾਮੁੱਕੀ ਕਰਦਾ ਹੈ। ਆਪਣੀ ਭੈਣ ‘ਤੇ ਹਮਲਾ ਹੁੰਦਾ ਦੇਖ ਕੇ ਲੜਕੇ ਨੇ ਵੀ ਵਿਰੋਧ ਕੀਤਾ, ਜਿਸ ਤੋਂ ਬਾਅਦ ਪੁਲਿਸ ਵਾਲੇ ਨੇ ਉਸ ਨੂੰ ਵੀ ਦਬੋਚ ਲਿਆ। ਬਾਅਦ ਵਿੱਚ ਦੋਵਾਂ ਬੱਚਿਆਂ ਨੂੰ ਹੱਥਕੜੀ ਲਗਾ ਦਿੱਤੀ ਗਈ। ਪਿਤਾ ਨੇ ਕਿਹਾ ਕਿ ਮੇਰੀ ਧੀ ਨੂੰ ਪੁਲਿਸ ਵਾਲੇ ਨੇ ਥੱਪੜ ਮਾਰਿਆ। ਜ਼ਾਹਰ ਹੈ ਕਿ ਮੇਰਾ ਪੁੱਤ ਆਪਣੀ ਭੈਣ ਨੂੰ ਬਚਾਉਣ ਲਈ ਅੱਗੇ ਆਵੇਗਾ। ਜੇਕਰ ਪੁਲਿਸ ਨੇ ਪਹਿਲਾਂ ਹੀ ਆਪਣੀ ਪਛਾਣ ਦੱਸੀ ਹੁੰਦੀ, ਤਾਂ ਬੱਚੇ ਕਦੇ ਵੀ ਵਿਰੋਧ ਨਾ ਕਰਦੇ। ਪੁਲਿਸ ਸੂਤਰਾਂ ਅਨੁਸਾਰ, ਅਧਿਕਾਰੀ ਉੱਥੇ ਇੱਕ ਲੁੱਟ-ਖੋਹ ਦੀ ਘਟਨਾ ਦੀ ਜਾਂਚ ਕਰਨ ਅਤੇ ਸੀਸੀਟੀਵੀ ਫੁਟੇਜ ਦੇਖਣ ਗਏ ਸਨ, ਜਿੱਥੇ ਉਨ੍ਹਾਂ ਦੀ ਬੱਚਿਆਂ ਨਾਲ ਬਹਿਸ ਹੋ ਗਈ। ਦੋਵਾਂ ਬੱਚਿਆਂ ਨੂੰ ਪੁਲਿਸ ਅਧਿਕਾਰੀ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ, ਬਾਅਦ ਵਿੱਚ ਬੱਚਿਆਂ ‘ਤੇ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਛੱਡ ਕੇ ਘਰ ਪਹੁੰਚਾ ਦਿੱਤਾ ਗਿਆ। ਗੈਲਿੰਡੋ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦੀ ਧੀ ਦੇ ਜਬਾੜੇ ‘ਤੇ ਸੱਟ ਲੱਗੀ ਹੈ, ਠੋਡੀ ‘ਤੇ ਚੀਰਾ ਆਇਆ ਹੈ ਅਤੇ ਉਸ ਦੀਆਂ ਐਨਕਾਂ ਵੀ ਟੁੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਬੱਚੇ ਬਹੁਤ ਨਾਜ਼ੁਕ ਹਨ ਅਤੇ ਪੁਲਿਸ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਦਾ ਲੁੱਟ-ਖੋਹ ਦੀ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਉਹ ਗਲਤ ਸਮੇਂ ‘ਤੇ ਗਲਤ ਜਗ੍ਹਾ ਮੌਜੂਦ ਸਨ। ਪਿਤਾ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਲਈ ਇਨਸਾਫ਼ ਚਾਹੁੰਦੇ ਹਨ ਅਤੇ ਪੁਲਿਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ।

ਕੇਪ ਬ੍ਰਿਟਨ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵੀਕੈਂਡ ਦੌਰਾਨ ਇੱਥੇ ਬਹੁਤ ਤੇਜ਼ ਮੀਂਹ ਪਿਆ ਸੀ। ਵੀਕੈਂਡ ਵਿੱਚ ਟਾਪੂ ਦੇ ਕੁਝ ਹਿੱਸਿਆਂ ਵਿੱਚ 200 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਕਈ ਸੜਕਾਂ ਅਤੇ ਪੁਲ ਤਬਾਹ ਹੋ ਗਏ। ਇਸ ਤਬਾਹੀ ਕਾਰਨ ਰਿਚਮੰਡ, ਇਨਵਰਨੈਸ ਅਤੇ ਵਿਕਟੋਰੀਆ ਨਾਂ ਦੇ ਤਿੰਨ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਸੀ, ਜੋ ਅਜੇ ਵੀ ਲਾਗੂ ਹੈ। ਸੋਮਵਾਰ ਸਵੇਰੇ ਐਨਵਾਇਰਨਮੈਂਟ ਕੈਨੇਡਾ ਨੇ ਪੂਰਬੀ ਕੇਪ ਬ੍ਰਿਟਨ, ਸਿਡਨੀ ਸ਼ਹਿਰ ਅਤੇ ਕੇਪ ਬ੍ਰਿਟਨ ਤੇ ਵਿਕਟੋਰੀਆ ਜ਼ਿਲ੍ਹਿਆਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ, ਪਰ ਬਾਅਦ ਵਿੱਚ ਇਹ ਚੇਤਾਵਨੀ ਵਾਪਸ ਲੈ ਲਈ ਗਈ। ਸੋਮਵਾਰ ਸਵੇਰ ਤੋਂ ਦੋਪਹਿਰ ਤੱਕ 25 ਤੋਂ 40 ਮਿਲੀਮੀਟਰ ਤੱਕ ਹੋਰ ਮੀਂਹ ਪੈਣ ਦੀ ਉਮੀਦ ਹੈ, ਜਦੋਂ ਕਿ ਗਰਜ-ਚਮਕ ਨਾਲ ਇਸ ਤੋਂ ਵੀ ਵੱਧ ਮੀਂਹ ਪੈ ਸਕਦਾ ਹੈ। ਨੋਵਾ ਸਕੋਸ਼ੀਆ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਗੁੰਮ ਹੋਈ ਕੇਪ ਬ੍ਰਿਟਨ ਦੀ ਇੱਕ 46 ਸਾਲਾ ਔਰਤ ਦੀ ਲਾਸ਼ ਸ਼ਾਮ ਨੂੰ ਰਿਚਮੰਡ ਕਾਊਂਟੀ ਦੇ ਇੱਕ ਹੜ੍ਹ ਵਾਲੇ ਇਲਾਕੇ ਵਿੱਚੋਂ ਮਿਲੀ। ਰਿਚਮੰਡ ਕਾਊਂਟੀ ਦੀ ਵਾਰਡਨ ਲੋਇਸ ਲੈਂਡਰੀ ਨੇ ਦੱਸਿਆ ਕਿ ਇਸ ਅਚਾਨਕ ਆਏ ਭਾਰੀ ਮੀਂਹ ਨੇ ਸਥਾਨਕ ਢਾਂਚੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਰਿਵਰ ਬੁਰਜਵਾ ਦੇ ਨੇੜਲੇ ਖੇਤਰਾਂ ਸਮੇਤ ਕਈ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ। ਲੈਂਡਰੀ ਨੇ ਕਿਹਾ ਕਿ ਸੋਮਵਾਰ ਨੂੰ ਰਾਹਤ ਟੀਮਾਂ ਦੀ ਮੁੱਖ ਤਰਜੀਹ ਘੱਟੋ-ਘੱਟ ਇੱਕ ਅਜਿਹਾ ਰਸਤਾ ਖੋਲ੍ਹਣਾ ਹੈ ਤਾਂ ਜੋ ਇਨ੍ਹਾਂ ਖੇਤਰਾਂ ਤੱਕ ਪਹੁੰਚਿਆ ਜਾ ਸਕੇ। ਦੂਜੇ ਪਾਸੇ, ਵਿਕਟੋਰੀਆ ਕਾਊਂਟੀ ਦੀ ਵਾਰਡਨ ਜੈਕੀ ਓਰਗਨ ਨੇ ਕਿਹਾ ਕਿ ਆਇਓਨਾ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਐਮਰਜੈਂਸੀ ਹਟਾਉਣ ਤੋਂ ਪਹਿਲਾਂ ਸਥਾਨਕ ਪ੍ਰਸ਼ਾਸਨ ਵੱਲੋਂ ਨੁਕਸਾਨ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉੱਥੇ ਅੰਦਾਜ਼ੇ ਨਾਲੋਂ ਜ਼ਿਆਦਾ ਨੁਕਸਾਨ ਹੋਇਆ ਹੈ, ਇਸ ਲਈ ਸਾਵਧਾਨੀ ਵਰਤਦਿਆਂ ਅੱਜ ਹੋਰ ਜਾਂਚ ਕੀਤੀ ਜਾਵੇਗੀ। ਓਰਗਨ ਨੇ ਨਿਵਾਸੀਆਂ ਨੂੰ ਖਰਾਬ ਹੋਈਆਂ ਸੜਕਾਂ ‘ਤੇ ਅਪਣੀ ਸੁਰੱਖਿਆ ਦਾ ਧਿਆਨ ਰੱਖਣ ਅਤੇ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਬ੍ਰਿਟਿਸ਼ ਕੋਲੰਬੀਆ ਦੇ ‘ਸਨਸ਼ਾਈਨ ਕੋਸਟ’ ‘ਤੇ ਸਥਿਤ ਇੱਕ ਖਾਲੀ ਅਤੇ ਬੰਦ ਪਏ ਰਿਹਾਇਸ਼ੀ ਇਲਾਕੇ ਵਿੱਚ ਘਰਾਂ ਨੂੰ ਭਿਆਨਕ ਅੱਗ ਲੱਗ ਗਈ ਹੈ। ਇਲਾਕੇ ਦੀ ਜ਼ਮੀਨ ਅਸਥਿਰ ਹੋਣ ਕਾਰਨ ਸਥਾਨਕ ਫਾਇਰਫਾਈਟਰਾਂ ਦਾ ਕਹਿਣਾ ਹੈ ਕਿ ਉਹ ਖ਼ਤਰੇ ਨੂੰ ਦੇਖਦੇ ਹੋਏ ਅੱਗ ਬੁਝਾਉਣ ਦੇ ਯਤਨ ਕਰਨ ਦੀ ਬਜਾਏ ਇਸ ਨੂੰ ਆਪਣੇ ਆਪ ਬੁਝਣ ਦੇਣਗੇ। ਇਹ ਅੱਗ ‘ਸੀਚੈਲਟ’ ਦੇ ‘ਸੀਵਾਚ’ ਇਲਾਕੇ ਵਿੱਚ ਲੱਗੀ ਹੈ। ਸਾਲ 2019 ਵਿੱਚ ਜ਼ਮੀਨ ਧੱਸਣ ਅਤੇ ਜ਼ਮੀਨੀ ਅਸਥਿਰਤਾ ਦੇ ਵੱਡੇ ਖ਼ਤਰੇ ਕਾਰਨ ਇਸ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਸੀ। ਉਸ ਸਮੇਂ ਇੱਥੇ ਬਣੇ 14 ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਅਦ ਵਿੱਚ ਕਦੇ ਵੀ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸੀਚੈਲਟ ਫਾਇਰ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਸਥਾਨਕ ਲੋਕਾਂ ਨੂੰ ਸੀਵਾਚ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਫਾਇਰ ਬ੍ਰਿਗੇਡ ਅਨੁਸਾਰ ਇੱਥੋਂ ਅਜੇ ਕੁੱਝ ਦਿਨ ਜ਼ਹਿਰੀਲਾ ਧੂੰਆਂ ਅਤੇ ਗੈਸਾਂ ਨਿਕਲਦੀਆਂ ਰਹਿਣਗੀਆਂ, ਕਿਉਂਕਿ ਖ਼ਤਰਨਾਕ ਜ਼ਮੀਨ ਕਾਰਨ ਫਾਇਰਫਾਈਟਰਜ਼ ਦੀਆਂ ਟੀਮਾਂ ਇਨ੍ਹਾਂ ਘਰਾਂ ਤੱਕ ਸੁਰੱਖਿਅਤ ਢੰਗ ਨਾਲ ਨਹੀਂ ਪਹੁੰਚ ਸਕਦੀਆਂ। ਫਾਇਰ ਡਿਪਾਰਟਮੈਂਟ ਨੇ ਲਿਖਿਆ ਹੈ ਕਿ ਬਿਨਾਂ ਸੁਰੱਖਿਆ ਉਪਕਰਨਾਂ ਦੇ ਅਜਿਹੀ ਅੱਗ ਅਤੇ ਧੂੰਏਂ ਦੇ ਨੇੜੇ ਜਾਣਾ ਬਹੁਤ ਖ਼ਤਰਨਾਕ ਹੈ। ਤਸਵੀਰਾਂ ਖਿੱਚਣ ਲਈ ਆਪਣੀ ਜਾਨ ਖ਼ਤਰੇ ਵਿੱਚ ਨਾ ਪਾਓ। ਜੇਕਰ ਤੁਸੀਂ ਨੇੜੇ ਰਹਿੰਦੇ ਹੋ ਅਤੇ ਧੂੰਏਂ ਦੀ ਬੱਦਬੂ ਆਉਂਦੀ ਹੈ, ਤਾਂ ਆਪਣੇ ਘਰਾਂ ਦੀਆਂ ਖਿੜਕੀਆਂ ਬੰਦ ਰੱਖੋ। ਫਾਇਰ ਡਿਪਾਰਟਮੈਂਟ ਦਾ ਮੰਨਣਾ ਹੈ ਕਿ ਇਹ ਅੱਗ ਕਿਸੇ ਇਨਸਾਨ ਦੀ ਗਲਤੀ ਜਾਂ ਸ਼ਰਾਰਤ ਕਾਰਨ ਲੱਗੀ ਹੋ ਸਕਦੀ ਹੈ। ਦੂਜੇ ਪਾਸੇ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਇੱਕ ਘਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਆਸਮਾਨ ਵਿੱਚ ਕਾਲਾ ਧੂੰਆਂ ਉੱਠ ਰਿਹਾ ਹੈ। ਹਾਲਾਂਕਿ ਇਹ ਘਰ 2019 ਤੋਂ ਅਧਿਕਾਰਤ ਤੌਰ ‘ਤੇ ਖਾਲੀ ਪਏ ਸਨ, ਪਰ ਰਿਪੋਰਟਾਂ ਅਨੁਸਾਰ 2022 ਵਿੱਚ ਇੱਥੇ ਕੁਝ ਬਿਨਾਂ ਇਜਾਜ਼ਤ ਵਾਲੇ ਲੋਕ ਰਹਿ ਰਹੇ ਸਨ। ਫਿਲਹਾਲ ਇਸ ਅੱਗ ‘ਤੇ ਪੁਲਿਸ, ਸਥਾਨਕ ਪ੍ਰਸ਼ਾਸਨ, ਜੰਗਲਾਤ ਅੱਗ ਸੇਵਾ ਅਤੇ ਫਾਇਰ ਬ੍ਰਿਗੇਡ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅੱਗ ਵਧਦੀ ਦਿਖਾਈ ਦੇਵੇ ਤਾਂ ਤੁਰੰਤ ਫਾਇਰ ਡਿਪਾਰਟਮੈਂਟ ਨੂੰ ਸੂਚਿਤ ਕਰਨ।


Filed under