ਖ਼ਰਾਬ ਮੌਸਮ ਦੇ ਬਾਵਜੂਦ ਭਾਈਚਾਰੇ ਨੇ ਉਤਸ਼ਾਹ ਨਾਲ ਮਨਾਈ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਖ਼ੁਸ਼ੀ
North Delta — ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ, ਡੈਲਟਾ ਸਿਟੀ ਵੱਲੋਂ ਨੌਰਥ ਡੈਲਟਾ ਰੈਕ੍ਰੀਏਸ਼ਨ ਸੈਂਟਰ ਵਿਖੇ ਕਰਵਾਇਆ ਗਿਆ ਸਾਲਾਨਾ ‘ਦੀਆ ਫੈਸਟ’ (Delta DIYAfest) ਬੇਹੱਦ ਸਫ਼ਲ ਰਿਹਾ| ਬੀਤੀ ਸ਼ਾਮ (7 ਨਵੰਬਰ, 2026) ਹੋਏ ਇਸ ਸਮਾਗਮ ਵਿੱਚ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਸਾਂਝੇ ਤੌਰ ‘ਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ|
ਸਮਾਗਮ ਦੌਰਾਨ ਪੂਰਾ ਮਾਹੌਲ ਰੰਗ-ਬਿਰੰਗੀਆਂ ਰੌਸ਼ਨੀਆਂ ਅਤੇ ਸੱਭਿਆਚਾਰਕ ਵੰਨਗੀਆਂ ਨਾਲ ਸਰਸ਼ਾਰ ਨਜ਼ਰ ਆਇਆ| ਇਸ ਵਾਰ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਲਗਾਇਆ ਗਿਆ ਲਾਈਟਾਂ ਵਾਲਾ ‘ਫੇਰਿਸ ਵ੍ਹੀਲ’ (ਝੂਲਾ) ਖਿੱਚ ਦਾ ਮੁੱਖ ਕੇਂਦਰ ਰਿਹਾ, ਜਿਸ ਦਾ ਬੱਚਿਆਂ ਅਤੇ ਪਰਿਵਾਰਾਂ ਨੇ ਭਰਪੂਰ ਆਨੰਦ ਮਾਣਿਆ|

ਬੱਚਿਆਂ ਲਈ ਆਕਰਸ਼ਣ ਅਤੇ ਸੱਭਿਆਚਾਰਕ ਵੰਨਗੀਆਂ
ਦੀਆ ਫੈਸਟ ਵਿੱਚ ਪਹੁੰਚੇ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਦਿਲਚਸਪ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਸੀ| ਜਿੱਥੇ ਬੱਚਿਆਂ ਨੇ ਆਰਟ ਅਤੇ ਕਰਾਫ਼ਟਸ (ਮਹਿੰਦੀ ਅਤੇ ਦੀਵੇ ਸਜਾਉਣ) ਵਿੱਚ ਹਿੱਸਾ ਲਿਆ, ਉੱਥੇ ਹੀ ਮੁਫ਼ਤ ਮਿਲ ਰਹੀ ਕਾਟਨ ਕੈਂਡੀ (ਬੁੱਢੀ ਮਾਈ ਦੇ ਵਾਧੂ) ਨੇ ਉਨ੍ਹਾਂ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ| ਭਾਈਚਾਰੇ ਦੇ ਲੋਕਾਂ ਨੇ ਬੈਟਰੀ ਨਾਲ ਚੱਲਣ ਵਾਲੇ ਦੀਵੇ (battery operated diyas) ਜਗਾ ਕੇ ਰੌਸ਼ਨੀ ਦੇ ਇਸ ਤਿਉਹਾਰ ਦੀ ਪਰੰਪਰਾ ਨੂੰ ਬਾਖ਼ੂਬੀ ਨਿਭਾਇਆ| ਸਮਾਗਮ ਦੇ ਮੁੱਖ ਸਟੇਜ ‘ਤੇ ਪੰਜਾਬੀ ਲੋਕ ਗਾਇਕ ਵਿਜੇ ਯਮਲਾ ਸਮੇਤ ਕਈ ਸਥਾਨਕ ਅਕੈਡਮੀਆਂ ਵੱਲੋਂ ਭੰਗੜੇ, ਗਿੱਧੇ ਅਤੇ ਸੰਗੀਤ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ|

ਖ਼ਰਾਬ ਮੌਸਮ ਕਾਰਨ ਸਮਾਗਮ ਸਮੇਂ ਤੋਂ ਪਹਿਲਾਂ ਸਮਾਪਤ
ਸਮਾਗਮ ਦੇ ਆਖ਼ਰੀ ਦੌਰ ਵਿੱਚ ਮੌਸਮ ਨੇ ਵਿਘਨ ਪਾਇਆ| ਪ੍ਰਸ਼ਾਸਨ ਵੱਲੋਂ ਇਸ਼ਤਿਹਾਰ ਵਿੱਚ ਸਮਾਗਮ ਦਾ ਸਮਾਂ ਦੁਪਹਿਰ 3 ਵਜੇ ਤੋਂ ਰਾਤ 9 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਸੀ| ਪਰ ਦੇਰ ਸ਼ਾਮ ਮੌਸਮ ਦੇ ਅਚਾਨਕ ਖ਼ਰਾਬ ਹੋਣ ਅਤੇ ਤੇਜ਼ ਮੀਂਹ ਕਾਰਨ ‘ਫੇਰਿਸ ਵ੍ਹੀਲ’ ਝੂਲੇ ਦੇ ਅੱਗੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਲੋਕਾਂ ਨੂੰ ਕੁਝ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ| ਸੁਰੱਖਿਆ ਨੂੰ ਮੁੱਖ ਰੱਖਦਿਆਂ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਝੂਲੇ ਦੀ ਸਵਾਰੀ ਨੂੰ ਜਲਦੀ ਰੋਕਣ ਅਤੇ ਸਮਾਗਮ ਨੂੰ ਨਿਰਧਾਰਿਤ ਸਮੇਂ ਤੋਂ ਇੱਕ ਘੰਟਾ ਪਹਿਲਾਂ, ਯਾਨੀ ਰਾਤ ਲਗਭਗ 8 ਵਜੇ ਹੀ ਸਮਾਪਤ ਕਰਨ ਦਾ ਫ਼ੈਸਲਾ ਲਿਆ|

ਖ਼ਰਾਬ ਮੌਸਮ ਦੇ ਬਾਵਜੂਦ, ਡੈਲਟਾ ਦੇ ਸਮੂਹ ਨਿਵਾਸੀਆਂ ਵੱਲੋਂ ਦਿਖਾਈ ਗਈ ਭਾਈਚਾਰਕ ਸਾਂਝ ਅਤੇ ਉਤਸ਼ਾਹ ਨੇ ਇਸ ‘ਦੀਆ ਫੈਸਟ’ ਨੂੰ ਯਾਦਗਾਰੀ ਬਣਾ ਦਿੱਤਾ|

