ਆਮ ਆਦਮੀ ਕਲੀਨਿਕ ਦੇ ਡਾਕਟਰ ਨੇ ਦਿੱਤਾ ਅਸਤੀਫਾ, 15 ਅਗਸਤ ਨੂੰ ਹੋਈ ਸੀ ਜੁਆਇਨਿੰਗ

ਭਦੌੜ: ਪਿੰਡ ਉੱਗੋਕੇ ਤੋਂ ਆਮ ਆਦਮੀ ਕਲੀਨਿਕ ਦੇ ਡਾ. ਗੁਰਸਾਗਰ ਦੀਪ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਪੰਜਾਬ ਸਰਕਾਰ ਨੇ 15 ਅਗਸਤ ਨੂੰ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਲੋਕਾਂ ਨੂੰ ਸਿਹਤ-ਸਹੂਲਤਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਕੀਤੀ ਸੀ। ਇਹ ਕਲੀਨਿਕ ਸ਼ੁਰੂ ਹੋਣ ਤੋਂ ਇਕ ਹਫ਼ਤੇ ਬਾਅਦ ਹੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿੰਡ ਉਗੋਕੇ ਵਿਖੇ ਖੁੱਲ੍ਹੇ ਆਮ ਆਦਮੀ ਕਲੀਨਿਕ ’ਚ ਤਾਇਨਾਤ ਡਾਕਟਰ ਨੇ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਦੀ ਜੁਆਈਨਿੰਗ 15 ਅਗਸਤ ਨੂੰ ਹੋਈ ਸੀ। ਇਸ ਦੀ ਪੁਸ਼ਟੀ ਜ਼ਿਲ੍ਹਾ ਸਿਹਤ ਵਿਭਾਗ ਦੇ ਉੱਚ-ਅਧਿਕਾਰੀਆਂ ਨੇ ਕੀਤੀ ਹੈ। ਜਾਣਕਾਰੀ ਅਨੁਸਾਰ ਡਾ. ਗੁਰਸਾਗਰਦੀਪ ਸਿੰਘ ਨੇ ਅਸਤੀਫ਼ਾ ਸੀਨੀਅਰ ਮੈਡੀਕਲ ਅਫ਼ਸਰ ਤਪਾ ਨੂੰ ਦੇ ਦਿੱਤਾ ਹੈ। ਹਾਲਾਂਕਿ ਵਿਭਾਗ ਨੂੰ ਦਿੱਤੇ ਅਸਤੀਫ਼ੇ ’ਚ ਨੌਕਰੀ ਛੱਡਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸੂਤਰਾਂ ਦਾ ਕਹਿਣਾ ਹੈ ਕਿ ਇੱਥੇ ਤਾਇਨਾਤ ਮੈਡੀਕਲ ਅਫ਼ਸਰ ਆਰਥੋ ਐੱਮਐੱਸ ਸਰਜਨ ਸੀ, ਪਰ ਆਮ ਆਦਮੀ ਕਲੀਨਿਕ ’ਚ ਆਮ ਬਿਮਾਰੀਆਂ ਨਾਲ ਪੀੜਤ ਲੋਕ ਆਉਂਦੇ ਸਨ।

ਜਿਨ੍ਹਾਂ ਦਾ ਇਲਾਜ ਕਰਨ ’ਚ ਡਾਕਟਰ ਗੁਰਸਾਗਰਦੀਪ ਸਿੰਘ ਅਸਮਰੱਥ ਸਨ, ਜਿਸ ਕਾਰਨ ਅਸਤੀਫ਼ਾ ਦਿੱਤਾ ਗਿਆ ਜਾਪਦਾ ਹੈ। ਦੂਜੇ ਪਾਸੇ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ।