‘ਆਪ’ ਵਿਧਾਇਕ ਨੂੰ ਪਰਿਵਾਰ ਸਮੇਤ ਹੋਈ ਤਿੰਨ ਸਾਲ ਦੀ ਸਜ਼ਾ , ਕੁੱਟਮਾਰ ਦਾ ਹੈ ਮਾਮਲਾ

ਪਟਿਆਲਾ- ਪਟਿਆਲਾ ਸ਼ਹਿਰ ਨਾਲ ਜੁੜੇ ਨੇਤਾਵਾਂ ਲਈ ਅੱਜਕਲ੍ਹ ਸਮਾਂ ਠੀਕ ਨਹੀਂ ਚਲ ਰਿਹਾ ਹੈ । ਕਾਂਗਰਸ ਤੋਂ ਨਵਜੋਤ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਰੋਪੜ ਦੀ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ । ਕੁੱਟਮਾਰ ਦੇ ਇਸ ਮਾਮਲੇ ਚ ਵਿਧਾਇਕ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੂੰ ਵੀ ਤਿੰਨ ਸਾਲ ਦੀ ਸਜ਼ਾ ਦੇ ਹੁਕਮ ਦਿੱਤੇ ਗਏ ਹਨ ।

ਮਾਮਲਾ ਜ਼ਮੀਨ ਦੇ ਨਾਲ ਜੁੜਿਆ ਪਰਿਵਾਰਿਕ ਝਗੜੇ ਦਾ ਹੈ । ਵਿਧਾਇਕ ਬਲਬੀਰ ਸਿੰਘ ਦੀ ਪਤਨੀ ਰਜਿੰਦਰਜੀਤ ਸੈਣੀ ਦੇ ਪਰਿਵਾਰ ਵਲੋਂ ਜਾਇਦਾਦ ਦੀ ਵੰਡ ਦੌਰਾਨ 9 ਬੀਗਾ ਜ਼ਮੀਨ ਦੇ ਪੰਜ ਹਿੱਸੇ ਕੀਤੇ ਸਨ ।ਜ਼ਮੀਨ ਨੂੰ ਪਾਣੀ ਦੇਣ ਦੇ ਮਾਮਲੇ ਨੂੰ ਲੈ ਕੇ ਸਾਲ 2011 ਚ ਵਿਧਾਇਕ ਬਲਬੀਰ ਸਿੰਘ ਦੇ ਪਰਿਵਾਰ ਦਾ ਆਪਣੀ ਹੀ ਸਾਲੀ ਪਰਮਜੀਤ ਕੌਰ ,ਉਸਦੇ ਪਤੀ ਕਮਾਂਡਰ ਸੇਵਾ ਸਿੰਘ ਦੇ ਪਰਿਵਾਰ ਨਾਲ ਪਿੰਡ ਟਿੱਪਰਾਂ ਦਿਆਲ ਸਿੰਘ ਵਾਲਾ ਵਿਖੇ ਝਗੜਾ ਹੋ ਗਿਆ । ਕੇਸ ਰੋਪੜ ਅਦਾਲਤ ਚ ਚਲ ਰਿਹਾ ਸੀ । ਸੋਮਵਾਰ ਨੂੰ ਰੋਪੜ ਦੀ ਅਦਾਲਤ ਨੇ ਪਰਮਜੀਤ ਕੌਰ ਦੇ ਹੱਕ ਚ ਫੈਸਲਾ ਸੁਣਾਉਂਦੇ ਹੋਏ ‘ਆਪ’ ਵਿਧਾਇਕ ਡਾਕਟਰ ਬਲਬੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤਿੰਨ ਸਾਲ ਦੀ ਸਜ਼ਾ ਦੇ ਨਾਲ ਪੰਜ ਹਜ਼ਾਰ ਜ਼ੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ ।