ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ‘ਚ ਹਲਚਲ, ਮੁੱਖ ਮੰਤਰੀ ਦੇ ਓ.ਐਸ.ਡੀ. ਵੱਲੋਂ ਅਸਤੀਫ਼ਾ

ਜੈਪੁਰ : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ ਹਲਚਲ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓ.ਐਸ.ਡੀ. ਲੋਕੇਸ਼ ਸ਼ਰਮਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਜਿਸ ਕਾਰਨ ਰਾਜਸਥਾਨ ਵਿਚ ਸਿਆਸਤ ਗਰਮਾ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਵਿਚ ਵੀ ਕਾਂਗਰਸ ਲਈ ਚੁਣੌਤੀਆਂ ਖਤਮ ਨਹੀਂ ਹੋ ਰਹੀਆਂ। ਰਾਜਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਪ੍ਰਧਾਨ ਸਚਿਨ ਪਾਇਲਟ ਵਿਚਾਲੇ ਵਿਵਾਦ ਸੁਲਝਦਾ ਨਜ਼ਰ ਨਹੀਂ ਆ ਰਿਹਾ। ਇਸ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਹੁਣ ਵੀ ਸਚਿਨ ਪਾਇਲਟ ਕੈਂਪ ਨੂੰ ਅਸ਼ੋਕ ਗਹਿਲੋਤ ਤੋਂ ਨਾਰਾਜ਼ ਦੱਸਿਆ ਜਾਂਦਾ ਹੈ।

ਸਚਿਨ ਪਾਇਲਟ ਲਗਾਤਾਰ ਕਾਂਗਰਸ ਹਾਈਕਮਾਨ ਨੂੰ ਮਿਲ ਰਹੇ ਹਨ ਪਰ ਅਸ਼ੋਕ ਗਹਿਲੋਤ ਪਾਇਲਟ ਸਮਰਥਕਾਂ ਨੂੰ ਆਪਣੇ ਨਾਲ ਮਿਲਾਉਣ ਲਈ ਤਿਆਰ ਨਹੀਂ ਹਨ। ਹਾਲਾਤ ਅਜਿਹੇ ਬਣ ਗਏ ਕਿ ਦੋਵੇਂ ਨੇਤਾ ਇਕ ਦੂਜੇ ਦੇ ਖਿਲਾਫ ਜਨਤਕ ਬਿਆਨ ਦੇਣ ਲੱਗੇ।

ਅਜੇ ਮਾਕਨ ਅਤੇ ਕੇਸੀ ਵੇਣੂਗੋਪਾਲ ਲਗਾਤਾਰ ਰਾਜਸਥਾਨ ਦੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮਾਮਲਾ ਹੌਲੀ ਹੌਲੀ ਹੱਥੋਂ ਨਿਕਲਦਾ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ ਹੁਣ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓ.ਐਸ.ਡੀ. ਲੋਕੇਸ਼ ਸ਼ਰਮਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ