ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਨੇ ਰਾਸ਼ਟਰਪਤੀ ਚੋਣਾਂ ਦਾ ਕੀਤਾ ਬਾਈਕਾਟ, ਦਿੱਤੀ ਨਸੀਹਤ

ਲੁਧਿਆਣਾ – ਮੁੱਲਾਂਪੁਰ ਦਾਖਾ ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਰਾਸ਼ਟਰਪਤੀ ਚੋਣ ‘ਚ ਉਨ੍ਹਾਂ ਦੀ ਪਾਰਟੀ ਵੱਲੋਂ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਦੇ ਫੈਸਲੇ ਦੇ ਖਿਲਾਫ਼ ਇਸ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਦੇ ਪਿੱਛੇ ਹੁਣ ਤਕ ਕੇਂਦਰ ਦੀਆਂ ਸਰਕਾਰਾਂ ਸਮੇਤ ਭਾਜਪਾ ਵੱਲੋਂ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨਾ ਮੁੱਖ ਕਾਰਨ ਦੱਸਿਆ। ਉਨ੍ਹਾਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਰਾਸ਼ਟਰਪਤੀ ਦੀ ਚੋਣ ਦੀ ਹਮਾਇਤ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸਦੇ ਲਈ ਉਨ੍ਹਾਂ ਤੋਂ ਵੀ ਪੁੱਛਿਆ ਤਕ ਨਹੀਂ ਗਿਆ, ਜਦਕਿ ਚਾਹੀਦਾ ਇਹ ਸੀ ਕਿ ਪਾਰਟੀ ਪਹਿਲਾਂ ਪਾਰਟੀ ਦੀ ਰਾਏ ਲੈਂਦੀ ਤੇ ਫਿਰ ਕੋਈ ਫ਼ੈਸਲਾ ਕਰਦੀ ਹੈ।

ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਦੇ ਲਈ ਵੀ ਪਾਰਟੀ ਦੇ ਗ਼ਲਤ ਫ਼ੈਸਲਿਆਂ ਤੇ ਲੀਡਰਸ਼ਿਪ ਵੱਲੋਂ ਆਪਣਾ ਉੱਲੂ ਸਿੱਧਾ ਕਰਨ ਦੀ ਪਾਲਿਸੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਆਪਣੀ ਪਾਰਟੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਅਜੇ ਵੀ ਰਾਜ ਸੱਤਾ ਪਿੱਛੇ ਭੱਜਣ ਦੀ ਬਜਾਏ ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਲਈ ਲੜਾਈ ਲੜੇ ਤਾਂ ਸ਼ਾਇਦ ਕੌਮ ਮੁੜ ਪਾਰਟੀ ‘ਤੇ ਵਿਸ਼ਵਾਸ ਕਰਨ ਲੱਗ ਪਵੇ। ਉਨ੍ਹਾਂ ਸਾਫ਼ ਕਿਹਾ ਕਿ ਚਾਹੇ ਭਾਜਪਾ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਐਲਾਨੇ ਗਏ ਉਮੀਦਵਾਰ ਪਿਛੜੇ ਕਬੀਲੇ ਨਾਲ ਸਬੰਧਤ ਹਨ। ਉਨ੍ਹਾਂ ਦਾ ਕੋਈ ਉਨ੍ਹਾਂ ਨਾਲ ਵਿਰੋਧ ਨਹੀਂ ਹੈ, ਪਰ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਇਸ ਲਈ ਉਹ ਇਸ ਦਾ ਵਿਰੋਧ ਕਰਦੇ ਹਨ ਤੇ ਚੋਣ ਦਾ ਬਾਈਕਾਟ ਕਰਨ ਦਾ ਫ਼ੈਸਲਾ ਉਨ੍ਹਾਂ ਨੇ ਹਲਕੇ ਦੇ ਵੋਟਰਾਂ, ਸਿੱਖ ਕੌਮ ਅਤੇ ਹੋਰਾਂ ਨਾਲ ਕੀਤੀ ਰਾਏ ਤੋਂ ਬਾਅਦ ਲਿਆ ਹੈ।